ਪਾਕਿਸਤਾਨ 'ਚ PTI ਨੇਤਾਵਾਂ 'ਤੇ ਵੱਡੀ ਕਾਰਵਾਈ: 47 ਸਹਿਯੋਗੀਆਂ ਨੂੰ 10-10 ਸਾਲ ਦੀ ਕੈਦ ਤੇ ਪੰਜ ਲੱਖ ਦੇ ਜੁਰਮਾਨੇ ਦੀ ਸਜ਼ਾ
ਅਦਾਲਤ ਨੇ ਹਰੇਕ ਦੋਸ਼ੀ ਦੀ ਚੱਲ-ਅਚੱਲ ਜਾਇਦਾਦ ਜ਼ਬਤ ਕਰਨ ਦਾ ਵੀ ਹੁਕਮ ਦਿੱਤਾ ਹੈ। ਇਹ ਵਿਰੋਧ ਪ੍ਰਦਰਸ਼ਨ ਉਸ ਸਮੇਂ ਸ਼ੁਰੂ ਹੋਏ ਸਨ, ਜਦੋਂ ਸਾਬਕਾ ਪ੍ਰਧਾਨ ਮੰਤਰੀ ਪੀਟੀਆਈ ਸੰਸਥਾਪਕ ਇਮਰਾਨ ਖ਼ਾਨ ਨੂੰ ਇਸਲਾਮਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
Publish Date: Sun, 08 Mar 2026 08:26 AM (IST)
Updated Date: Sun, 08 Mar 2026 08:29 AM (IST)

ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ-ਏ-ਇਨਸਾਫ਼ (ਪੀਟੀਆਈ) ਦੇ 47 ਨੇਤਾਵਾਂ ਤੇ ਸਮਰਥਕਾਂ ਨੂੰ ਅਦਾਲਤ ਨੇ 10-10 ਸਾਲ ਦੀ ਕੈਦ ਤੇ ਪੰਜ ਲੱਖ ਪਾਕਿਸਤਾਨੀ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਨੌਂ ਮਈ 2023 ਨੂੰ ਹੋਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਨਾਲ ਜੁੜੇ ਮਾਮਲੇ ’ਚ ਦਿੱਤਾ ਗਿਆ। ਅੱਤਵਾਦ ਵਿਰੋਧੀ ਅਦਾਲਤ ਦੇ ਜਸਟਿਸ ਅਮਜ਼ਦ ਅਲੀ ਸ਼ਾਹ ਨੇ ਰਾਵਲਪਿੰਡੀ ’ਚ ਇਹ ਫ਼ੈਸਲਾ ਸੁਣਾਇਆ। ਦੋਸ਼ੀਆਂ ਨੂੰ ਅਦਾਲਤ ’ਚ ਗ਼ੈਰ-ਹਾਜ਼ਰ ਰਹਿਣ ਕਾਰਨ ਭਗੌੜਾ ਐਲਾਨਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ਼ੈਰ-ਹਾਜ਼ਰੀ ’ਚ ਹੀ ਸਜ਼ਾ ਸੁਣਾਈ ਗਈ। ਅਦਾਲਤ ਨੇ ਹਰੇਕ ਦੋਸ਼ੀ ਦੀ ਚੱਲ-ਅਚੱਲ ਜਾਇਦਾਦ ਜ਼ਬਤ ਕਰਨ ਦਾ ਵੀ ਹੁਕਮ ਦਿੱਤਾ ਹੈ। ਇਹ ਵਿਰੋਧ ਪ੍ਰਦਰਸ਼ਨ ਉਸ ਸਮੇਂ ਸ਼ੁਰੂ ਹੋਏ ਸਨ, ਜਦੋਂ ਸਾਬਕਾ ਪ੍ਰਧਾਨ ਮੰਤਰੀ ਪੀਟੀਆਈ ਸੰਸਥਾਪਕ ਇਮਰਾਨ ਖ਼ਾਨ ਨੂੰ ਇਸਲਾਮਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪ੍ਰਦਰਸ਼ਨ ਦੌਰਾਨ ਰਾਵਲਪਿੰਡੀ ਸਥਿਤ ਫ਼ੌਜ ਦੇ ਹੈੱਡਕੁਆਰਟਰ (ਜੀਐੱਚਕਿਊ) ਦੇ ਬਾਹਰ ਤੋੜਭੰਨ ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਵਾਪਰੀਆਂ ਸਨ। ਇਧਰ, ਬਲੋਚਿਸਤਾਨ ’ਚ ਸੁਰੱਖਿਆ ਬਲਾਂ ਨੇ ਦੋ ਵੱਖ-ਵੱਖ ਖੁਫ਼ੀਆਂ ਮੁਹਿੰਮਾਂ ’ਚ 15 ਅੱਤਵਾਦੀਆਂ ਨੂੰ ਮਾਰ ਦਿੱਤਾ। ਪਾਕਿਸਤਾਨੀ ਫ਼ੌਜ ਅਨੁਸਾਰ, ਹਰਨਾਈ ਜ਼ਿਲ੍ਹੇ ’ਚ ਮੁਹਿੰਮ ਦੌਰਾਨ 12 ਤੇ ਬਸੀਮਾ ਖੇਤਰ ’ਚ ਤਿੰਨ ਅੱਤਵਾਦੀ ਮਾਰੇ ਗਏ। ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਤੇ ਵਿਸਫੋਟਕ ਵੀ ਬਰਾਮਦ ਕੀਤੇ ਗਏ।