- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਇਸ ਸੰਘਰਸ਼ ਨੇ ਖੇਤਰ ਵਿਚ ਅਸਥਿਰਤਾ ਪੈਦਾ ਕਰ ਦਿੱਤੀ ਹੈ। ਅਫ਼ਗਾਨਿਸਤਾਨ ਜਿੱਥੇ ਪਾਕਿਸਤਾਨ ਦੀਆਂ ਸਰਹੱਦੀ ਚੌਕੀਆਂ ਅਤੇ ਏਅਰਬੇਸ ਨੂੰ ਨਿਸ਼ਾਨਾ ਬਣਾ ਰਿਹਾ ਹੈ, ਉੱਥੇ ਪਾਕਿਸਤਾਨ ਤਾਲਿਬਾਨ ਸਰਕਾਰ ਦੇ ਟਿਕਾਣਿਆਂ ’ਤੇ ਹਵਾਈ ਹਮਲੇ ਕਰ ਰਿਹਾ ਹੈ। ਪਾਕਿਸਤਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਉੱਤਰ ਵਿਚ ਸਥਿਤ ਬਗਰਾਮ ਏਅਰਬੇਸ ਨੂੰ ਵੀ ਨਿਸ਼ਾਨਾ ਬਣਾਇਆ ਹੈ।

ਕਾਬੁਲ (ਰਾਇਟਰ) : ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਚੱਲ ਰਹੀ ਭਿਆਨਕ ਲੜਾਈ ਵਿਚ ਸੁਲ੍ਹਾ ਦੇ ਕੋਈ ਸੰਕੇਤ ਨਹੀਂ ਦਿਸ ਰਹੇ। ਸ਼ੁੱਕਰਵਾਰ ਨੂੰ ਦੋਵਾਂ ਦੇਸ਼ਾਂ ਦੇ ਫ਼ੌਜੀ ਬਲਾਂ ਨੇ ਸਰਹੱਦ ’ਤੇ ਕਈ ਥਾਵਾਂ ਉੱਤੇ ਗੋਲ਼ੀਬਾਰੀ ਕੀਤੀ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਕ ਹਫ਼ਤੇ ਤੋਂ ਚੱਲ ਰਹੇ ਇਸ ਸੰਘਰਸ਼ ਕਾਰਨ ਇਕ ਲੱਖ ਤੋਂ ਵੱਧ ਲੋਕ ਉੱਜੜ ਚੁੱਕੇ ਹਨ।
ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਇਸ ਸੰਘਰਸ਼ ਨੇ ਖੇਤਰ ਵਿਚ ਅਸਥਿਰਤਾ ਪੈਦਾ ਕਰ ਦਿੱਤੀ ਹੈ। ਅਫ਼ਗਾਨਿਸਤਾਨ ਜਿੱਥੇ ਪਾਕਿਸਤਾਨ ਦੀਆਂ ਸਰਹੱਦੀ ਚੌਕੀਆਂ ਅਤੇ ਏਅਰਬੇਸ ਨੂੰ ਨਿਸ਼ਾਨਾ ਬਣਾ ਰਿਹਾ ਹੈ, ਉੱਥੇ ਪਾਕਿਸਤਾਨ ਤਾਲਿਬਾਨ ਸਰਕਾਰ ਦੇ ਟਿਕਾਣਿਆਂ ’ਤੇ ਹਵਾਈ ਹਮਲੇ ਕਰ ਰਿਹਾ ਹੈ। ਪਾਕਿਸਤਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਉੱਤਰ ਵਿਚ ਸਥਿਤ ਬਗਰਾਮ ਏਅਰਬੇਸ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਸਾਡੇ ਬਲਾਂ ਨੇ 2600 ਕਿਲੋਮੀਟਰ ਲੰਬੀ ਸਰਹੱਦ ’ਤੇ ਸਥਿਤ 24 ਤੋਂ ਵੱਧ ਪਾਕਿਸਤਾਨੀ ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ। ਇਸ ਵਿਚ 14 ਚੌਕੀਆਂ ਤਬਾਹ ਕੀਤੀਆਂ ਗਈਆਂ ਅਤੇ ਇਕ ਡ੍ਰੋਨ ਸੁੱਟ ਲਿਆ ਗਿਆ। ਰਾਤ ਭਰ ਚੱਲੀ ਲੜਾਈ ’ਚ ਸੱਤ ਅਫ਼ਗਾਨ ਨਾਗਰਿਕ ਤੇ ਤਿੰਨ ਤਾਲਿਬਾਨ ਲੜਾਕੇ ਮਾਰੇ ਗਏ। ਪਾਕਿਸਤਾਨੀ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਫੌਜੀ ਟਿਕਾਣਿਆਂ ’ਤੇ ਜ਼ਮੀਨੀ ਅਤੇ ਹਵਾਈ ਮੁਹਿੰਮ ਚਲਾਈ ਜਿਨ੍ਹਾਂ ’ਚ ਕੰਧਾਰ ਵੀ ਸ਼ਾਮਲ ਹੈ। ਇਹ ਤਾਲਿਬਾਨ ਦਾ ਗੜ੍ਹ ਹੈ ਅਤੇ ਇੱਥੇ ਉਸ ਦੀ ਪ੍ਰਮੁੱਖ ਲੀਡਰਸ਼ਿਪ ਰਹਿੰਦੀ ਹੈ। ਪਾਕਿਸਤਾਨ ਨੇ ਕਈ ਅਫ਼ਗਾਨ ਸਰਹੱਦੀ ਚੌਕੀਆਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ।
ਇਕ ਪ੍ਰਤੱਖਦਰਸ਼ੀ ਮੁਤਾਬਕ, ਸ਼ੁੱਕਰਵਾਰ ਨੂੰ ਕਾਬੁਲ ਵਿਚ ਦਰਜਨਾਂ ਲੋਕ ਪਾਕਿਸਤਾਨ ਵੱਲੋਂ ਅਫਗਾਨ ਖੇਤਰ ’ਤੇ ਕੀਤੇ ਗਏ ਹਮਲਿਆਂ ਦੇ ਵਿਰੋਧ ਵਿਚ ਇਕੱਠੇ ਹੋਏ ਅਤੇ ਪਾਕਿਸਤਾਨ ਵਿਰੋਧੀ ਨਾਅਰੇ ਲਗਾਏ। ਬਖਤਰ ਸਮਾਚਾਰ ਏਜੰਸੀ ਨੇ ਕਿਹਾ ਕਿ ਲਘਮਾਨ ਸੂਬੇ ਵਿਚ ਵੱਡੇ ਪੱਧਰ ’ਤੇ ਲੋਕਾਂ ਨੇ ਪਾਕਿਸਤਾਨ ਦੇ ਹਾਲੀਆ ਹਮਲਿਆਂ ਖ਼ਿਲਾਫ਼ ਪ੍ਰਦਰਸ਼ਨ ਕੀਤਾ।
ਅਫ਼ਗਾਨਿਸਤਾਨ ਨੇ ਮੋਰਟਾਰ ਗੋਲ਼ੇ ਦਾਗੇ, ਇਕ ਦੀ ਮੌਤ
ਅਫ਼ਗਾਨ ਬਲਾਂ ਵੱਲੋਂ ਉੱਤਰੀ-ਪੱਛਮੀ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਵਿਚ ਅਫ਼ਗਾਨਿਸਤਾਨ ਦੀ ਸਰਹੱਦ ਨੇੜੇ ਨਾਗਰਿਕ ਖੇਤਰਾਂ ’ਤੇ ਮੋਰਟਾਰ ਗੋਲ਼ੇ ਦਾਗੇ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਦੱਖਣ ਵਜ਼ੀਰਿਸਤਾਨ ਜ਼ਿਲ੍ਹੇ ਦੇ ਸਰਹੱਦੀ ਕਸਬੇ ਅੰਗੂਰ ਅੱਡਾ ਵਿਚ ਇਕ ਸਥਾਨਕ ਨਾਗਰਿਕ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਅਫ਼ਗਾਨਿਸਤਾਨ ਵੱਲੋਂ ਦਾਗੇ ਗਏ ਮੋਰਟਾਰ ਗੋਲ਼ੇ ਉਸ ਦੇ ਘਰ ’ਤੇ ਡਿੱਗੇ। ਇਕ ਹੋਰ ਘਟਨਾ ਵਿਚ ਮੁਹਮੰਦ ਜ਼ਿਲ੍ਹੇ ਵਿਚ ਇਫ਼ਤਾਰ ਤੋਂ ਕੁਝ ਸਮਾਂ ਪਹਿਲਾਂ ਦੋ ਘਰਾਂ ’ਤੇ ਮੋਰਟਾਰ ਗੋਲ਼ੇ ਡਿੱਗਣ ਕਾਰਨ ਦੋ ਔਰਤਾਂ ਅਤੇ ਦੋ ਬੱਚਿਆਂ ਸਣੇ ਸੱਤ ਲੋਕ ਜ਼ਖ਼ਮੀ ਹੋ ਗਏ। ਇਸ ਹਮਲੇ ਵਿਚ ਕਈ ਘਰਾਂ ਨੂੰ ਵੀ ਨੁਕਸਾਨ ਪੁੱਜਾ।