Pakistan News : ਵਾਹਗਾ ਆਤਮਘਾਤੀ ਹਮਲੇ ਦੇ ਤਿੰਨ ਦੋਸ਼ੀ ਬਰੀ, ਪਾਕਿ ਅਦਾਲਤ ਨੇ ਫਾਂਸੀ ਤੇ 300 ਸਾਲ ਕੈਦ ਦੀ ਸਜ਼ਾ ਕੀਤੀ ਰੱਦ
ਪਾਕਿਸਤਾਨ ਦੀ ਇਕ ਅਦਾਲਤ ਨੇ 2014 ’ਚ ਵਾਹਗਾ ਸਰਹੱਦ ’ਤੇ ਹੋਏ ਆਤਮਘਾਤੀ ਹਮਲੇ ਦੇ ਤਿੰਨ ਦੋਸ਼ੀਆਂ ਦੀ ਮੌਤ ਦੀ ਸਜ਼ਾ ਤੇ 300 ਸਾਲ ਦੀ ਕੈਦ ਦੀ ਸਜ਼ਾ ਰੱਦ ਕਰ ਦਿੱਤੀ ਹੈ। ਹਮਲੇ ’ਚ 60 ਤੋਂ ਵੱਧ ਲੋਕ ਮਾਰੇ ਗਏ ਸਨ।
Publish Date: Wed, 05 Nov 2025 08:15 PM (IST)
Updated Date: Wed, 05 Nov 2025 08:19 PM (IST)
ਲਾਹੌਰ (ਪੀਟੀਆਈ) : ਪਾਕਿਸਤਾਨ ਦੀ ਇਕ ਅਦਾਲਤ ਨੇ 2014 ’ਚ ਵਾਹਗਾ ਸਰਹੱਦ ’ਤੇ ਹੋਏ ਆਤਮਘਾਤੀ ਹਮਲੇ ਦੇ ਤਿੰਨ ਦੋਸ਼ੀਆਂ ਦੀ ਮੌਤ ਦੀ ਸਜ਼ਾ ਤੇ 300 ਸਾਲ ਦੀ ਕੈਦ ਦੀ ਸਜ਼ਾ ਰੱਦ ਕਰ ਦਿੱਤੀ ਹੈ। ਹਮਲੇ ’ਚ 60 ਤੋਂ ਵੱਧ ਲੋਕ ਮਾਰੇ ਗਏ ਸਨ। ਜਸਟਿਸ ਸਈਅਦ ਸ਼ਾਹਬਾਜ਼ ਅਲੀ ਰਿਜ਼ਵੀ ਦੀ ਪ੍ਰਧਾਨਗੀ ਵਾਲੀ ਡਵੀਜ਼ਨਲ ਬੈਂਚ ਨੇ ਹਸੀਨੁੱਲਾਹ ਹਸੀਨਾ, ਹਬੀਬੁੱਲਾਹ ਤੇ ਸਈਅਦ ਜਾਨ ਉਰਫ ਗਜ਼ਨੀ ਦੀ ਅਪੀਲ ਸਵੀਕਾਰ ਕਰ ਲਈ ਤੇ ਮੰਗਲਵਾਰ ਨੂੰ ਉਨ੍ਹਾਂ ਨੂੰ ਬਰੀ ਕਰ ਦਿੱਤਾ।
ਲਾਹੌਰ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ 2020 ’ਚ ਪਾਬੰਦੀਸ਼ੁਦਾ ਜਮਾਤ-ਉਲ-ਅਹਿਰਾਰ ਦੇ ਮੈਂਬਰ ਮੰਨੇ ਜਾਣ ਵਾਲੇ ਇਨ੍ਹਾਂ ਤਿੰਨਾਂ ਨੂੰ 2014 ਦੇ ਵਾਹਗਾ ਸਰਹੱਦ ਬੰਬ ਧਮਾਕੇ ’ਚ ਸ਼ਾਮਲ ਹੋਣ ਲਈ ਮੌਤ ਦੀ ਸਜ਼ਾ ਤੇ 300 ਸਾਲ ਦੀ ਕੈਦ ਸੁਣਾਈ ਸੀ। ਹਮਲੇ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਜੁੰਦੁੱਲਾਹ ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਤੋਂ ਵੱਖ ਹੋਏ ਸਮੂਹ ਜਮਾਤ-ਉਲ-ਅਹਿਰਾਰ ਨੇ ਵੱਖ-ਵੱਖ ਲਈ ਸੀ।
ਅਦਾਲਤ ਦੇ ਇਕ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ’ਤੇ ਆਤਮਘਾਤੀ ਹਮਲਾਵਰਾਂ ਨੂੰ ਮਦਦ ਪਹੁੰਚਾਉਣ ਦਾ ਦੋਸ਼ ਸੀ। ਇਕ ਕਾਨੂੰਨ ਅਧਿਕਾਰੀ ਨੇ ਡਵੀਜ਼ਨਲ ਬੈਂਚ ਸਾਹਮਣੇ ਦਲੀਲ ਦਿੱਤੀ ਕਿ ਦੋਸ਼ੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਰਿਆਇਤ ਨਹੀਂ ਮਿਲਣੀ ਚਾਹੀਦੀ ਤੇ ਉਨ੍ਹਾਂ ਦੀ ਸਜ਼ਾ ਕਾਇਮ ਰੱਖੀ ਜਾਣੀ ਚਾਹੀਦੀ ਹੈ।
ਦੋਸ਼ੀਆਂ ਦੇ ਵਕੀਲ ਅਕਰਮ ਕੁਰੈਸ਼ੀ ਨੇ ਕਿਹਾ ਕਿ ਅਪੀਲਕਰਤਾਵਾਂ ਦਾ ਨਾਂ ਘਟਨਾ ਦੇ ਨੌਂ ਮਹੀਨਿਆਂ ਬਾਅਦ ਐੱਫਆਈਆਰ ’ਚ ਦਰਜ ਕੀਤਾ ਗਿਆ ਸੀ। ਉਨ੍ਹਾਂ ਤਰਕ ਦਿੱਤਾ, ‘ਇਸਤਗਾਸਾ ਪੱਖ ਅਪੀਲਕਰਤਾਵਾਂ ਦੇ ਖ਼ਿਲਾਫ ਦੋਸ਼ ਨੂੰ ਸਾਬਿਤ ਕਰਨ ਲਈ ਕੋਈ ਗਵਾਹ ਜਾਂ ਸਬੂਤ ਪੇਸ਼ ਕਰਨ ’ਚ ਅਸਫਲ ਰਿਹਾ।