ਰੱਖਿਆ ਮਾਮਲਿਆਂ ਦੇ ਮਾਹਿਰ ਦਿਨੇਸ਼ ਮਨਹੋਤਰਾ ਨੇ ਕਿਹਾ ਕਿ ਜੰਮੂ-ਕਸ਼ਮੀਰ ਲਈ ਨਸ਼ਾ ਹੁਣ ਇਕ ਨਾਸੂਰ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 2018 'ਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੁਆਰਾ ਏਮਜ਼ (AIIMS) ਦੇ ਮਾਧਿਅਮ ਨਾਲ ਕੀਤੇ ਗਏ ਇਕ ਕੌਮੀ ਸਰਵੇਖਣ ਅਨੁਸਾਰ, ਜੰਮੂ-ਕਸ਼ਮੀਰ 'ਚ ਓਪੀਓਇਡਜ਼ ਸਭ ਤੋਂ ਵੱਧ ਦੁਰਵਰਤੋਂ ਕੀਤੀਆਂ ਜਾਣ ਵਾਲੀਆਂ ਦਵਾਈਆਂ ਵਿੱਚੋਂ ਹਨ, ਜਿਨ੍ਹਾਂ ਦੇ ਲਗਪਗ 5.4 ਲੱਖ ਯੂਜ਼ਰ ਹਨ।

ਨਵੀਨ ਨਵਾਜ਼, ਜੰਮੂ: ਬੰਦੂਕ ਅਤੇ ਆਜ਼ਾਦੀ ਦੇ ਨਾਅਰੇ ਦੀਆਂ ਬੇੜੀਆਂ ਤੋਂ ਮੁਕਤ ਹੋ ਕੇ ਮੁੱਖ ਧਾਰਾ 'ਚ ਪਰਤੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਦੇ ਭਵਿੱਖ ਨੂੰ ਅੱਗੇ ਵਧਦਾ ਦੇਖ ਕੇ ਨਿਰਾਸ਼ ਹੋਏ ਪਾਕਿਸਤਾਨ ਨੇ ਹੁਣ ਉਨ੍ਹਾਂ ਨੂੰ ਨਸ਼ੇ ਦਾ ਗੁਲਾਮ ਬਣਾਉਣ ਦੀ ਸਾਜ਼ਿਸ਼ ਰਚੀ ਹੋਈ ਹੈ। ਇਸ ਰਾਹੀਂ ਨਾ ਸਿਰਫ਼ ਪ੍ਰਦੇਸ਼ ਦੇ ਨੌਜਵਾਨਾਂ ਨੂੰ ਬਰਬਾਦ ਕਰ ਕੇ ਅੱਤਵਾਦ ਅਤੇ ਵੱਖਵਾਦ ਨੂੰ ਸਿੰਜਣ ਲਈ ਵਿੱਤੀ ਮਦਦ ਕੀਤੀ ਜਾ ਰਹੀ ਹੈ, ਸਗੋਂ ਪ੍ਰਦੇਸ਼ ਨੂੰ ਪੂਰੇ ਦੇਸ਼ 'ਚ ਡਰੱਗ ਤਸਕਰੀ ਦਾ ਕੇਂਦਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਥਿਤੀ ਇਹ ਹੈ ਕਿ ਪੂਰੇ ਪ੍ਰਦੇਸ਼ 'ਚ ਰੋਜ਼ਾਨਾ ਔਸਤਨ 10 ਨਸ਼ਾ ਤਸਕਰ ਜਾਂ ਨਸ਼ੇੜੀ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਸਮੇਤ ਫੜੇ ਜਾ ਰਹੇ ਹਨ।
ਜੰਮੂ-ਕਸ਼ਮੀਰ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਪਹਿਲਾਂ ਵੀ ਹੁੰਦੀ ਰਹੀ ਹੈ, ਪਰ ਉਦੋਂ ਜੰਮੂ-ਕਸ਼ਮੀਰ ਇਸ ਦੇ ਲਈ ਸਿਰਫ਼ ਇਕ ਟ੍ਰਾਂਜ਼ਿਟ ਰੂਟ (ਲੰਘਣ ਦਾ ਰਸਤਾ) ਤਕ ਸੀਮਤ ਰਿਹਾ ਸੀ ਅਤੇ ਉਸ ਦਾ ਸਿਰਫ਼ ਦੋ ਤੋਂ ਤਿੰਨ ਫੀਸਦੀ ਹੀ ਸਥਾਨਕ ਪੱਧਰ 'ਤੇ ਕਿਤੇ ਵਰਤਿਆ ਜਾਂਦਾ ਸੀ, ਪਰ ਪਿਛਲੇ ਕੁਝ ਸਾਲਾਂ 'ਚ ਇਹ ਤੇਜ਼ੀ ਨਾਲ ਵਧਿਆ ਹੈ ਤੇ ਹੁਣ ਜੰਮੂ-ਕਸ਼ਮੀਰ ਇਸ ਦਾ ਸਿਰਫ਼ ਟ੍ਰਾਂਜ਼ਿਟ ਰੂਟ ਨਹੀਂ ਰਿਹਾ ਹੈ, ਇਹ ਇਸ ਦਾ ਇਕ ਵੱਡਾ ਵਰਤੋਂ ਕੇਂਦਰ ਬਣ ਚੁੱਕਾ ਹੈ ਅਤੇ ਇਹ ਪੂਰੇ ਦੇਸ਼ ਵਿੱਚ ਡਰੱਗ ਤਸਕਰੀ ਦਾ ਮੁੱਖ ਕੇਂਦਰ ਬਣਦਾ ਜਾ ਰਿਹਾ ਹੈ।
ਇੱਥੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਪੰਜਾਬ, ਦਿੱਲੀ, ਗੁਜਰਾਤ, ਮੁੰਬਈ, ਕੋਲਕਾਤਾ ਤੇ ਦੱਖਣੀ ਭਾਰਤ 'ਚ ਬੈਂਗਲੁਰੂ ਤੇ ਚੇਨਈ ਤਕ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੂਰੀਅਰ ਨੂੰ ਖੇਤਰ ਅਤੇ ਦੂਰੀ ਦੇ ਹਿਸਾਬ ਨਾਲ ਪੈਸੇ ਮਿਲਦੇ ਹਨ ਅਤੇ ਇਹ ਪੰਜ ਸੌ ਰੁਪਏ ਤੋਂ ਸ਼ੁਰੂ ਹੁੰਦਾ ਹੈ। ਕਈ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਕਿ ਇੱਕ ਸਮੇਂ ਦੇ ਨਸ਼ੇ ਲਈ 10 ਕਿਲੋ ਹੈਰੋਇਨ ਦੀ ਤਸਕਰੀ ਹੋਈ ਹੈ।
ਇਕ ਨਸ਼ਾ ਪੀੜਤ ਨੇ ਦੈਨਿਕ ਜਾਗਰਣ ਨਾਲ ਗੱਲਬਾਤ 'ਚ ਖੁਲਾਸਾ ਕੀਤਾ ਕਿ ਕਸ਼ਮੀਰ 'ਚ ਪਹਿਲਾਂ ਹੈਰੋਇਨ ਅਤੇ ਬਰਾਊਨ ਸ਼ੂਗਰ ਦੀ ਇਕ ਡੋਜ਼ ਕਾਫੀ ਸਸਤੀ ਸੀ, ਪਰ ਹੁਣ ਉਸਦੀ ਕੀਮਤ ਇਕ ਹਜ਼ਾਰ ਰੁਪਏ ਤੋਂ ਉੱਪਰ ਜਾ ਚੁੱਕੀ ਹੈ ਅਤੇ ਉਸ ਵਰਗੇ ਕਈ ਹੁਣ ਨਸ਼ਾ ਕਰਨ ਲਈ ਜੰਮੂ ਤੱਕ ਦੀ ਯਾਤਰਾ ਕਰ ਰਹੇ ਹਨ। ਇਨ੍ਹਾਂ ਵਿੱਚੋਂ ਕਈ ਤਸਕਰੀ ਵੀ ਕਰ ਰਹੇ ਹਨ।
ਜੰਮੂ-ਕਸ਼ਮੀਰ ਪੁਲਿਸ ਦੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਹੀ ਜੰਮੂ-ਕਸ਼ਮੀਰ 'ਚ ਪਹੁੰਚ ਰਹੇ ਹਨ। ਇਹ ਸਿਰਫ਼ ਡਰੋਨ ਰਾਹੀਂ ਹੀ ਨਹੀਂ ਆ ਰਿਹਾ ਹੈ, ਸਰਹੱਦ ਪਾਰੋਂ ਘੁਸਪੈਠ ਕਰਨ ਵਾਲੇ ਅੱਤਵਾਦੀ ਤੇ ਉਨ੍ਹਾਂ ਦੇ ਗਾਈਡ ਵੀ ਆਪਣੇ ਨਾਲ ਇਸ ਨੂੰ ਲੈ ਕੇ ਆ ਰਹੇ ਹਨ। ਕਈ ਮਾਮਲਿਆਂ 'ਚ ਸਰਹੱਦ ਪਾਰੋਂ ਤਸਕਰ ਇਸ ਨੂੰ ਆਪਣੇ ਤੰਤਰ ਰਾਹੀਂ ਭਾਰਤੀ ਸਰਹੱਦ ਦੇ ਅੰਦਰ ਪਹੁੰਚਾਉਂਦੇ ਹਨ ਜਾਂ ਫਿਰ ਦੋਵਾਂ ਪਾਸਿਆਂ ਦੇ ਤਸਕਰ ਸਰਹੱਦ ਦੇ ਆਰ-ਪਾਰ ਵੀ ਕਈ ਵਾਰ ਆਉਂਦੇ ਜਾਂਦੇ ਹਨ।
ਪੁਲਿਸ ਅਨੁਸਾਰ ਕਸ਼ਮੀਰ 'ਚ ਕੁਪਵਾੜਾ ਦੇ ਤੰਗਧਾਰ ਅਤੇ ਕੇਰਨ ਸੈਕਟਰ, ਬਾਰਾਮੂਲਾ ਦੇ ਕਮਲਕੋਟ, ਜਬੜੀ, ਹਥਲੰਗਾ ਤੇ ਦੁਲਾਂਜਾ, ਪੁਣਛ 'ਚ ਤੱਤਾਪਾਣੀ, ਅੱਬਾਸਪੁਰਾ, ਜੰਮੂ 'ਚ ਅਖਨੂਰ ਅਤੇ ਆਰਐੱਸ ਪੁਰਾ ਸੈਕਟਰ ਅਤੇ ਸਾਂਬਾ 'ਚ ਰਾਮਗੜ੍ਹ, ਪੰਗਦੌਰ ਤੇ ਘੱਗਵਾਲ ਦਾ ਇਲਾਕਾ ਤਸਕਰੀ ਦੇ ਲਿਹਾਜ਼ ਨਾਲ ਬਦਨਾਮ ਹਨ। ਇਹ ਰਸਤੇ ਹਥਿਆਰਾਂ ਦੀ ਘੁਸਪੈਠ ਦੇ ਰਸਤਿਆਂ ਵਾਂਗ ਹੀ ਹਨ। ਲੋਕ ਤੁਰੰਤ ਲਾਭ ਲਈ ਤਸਕਰੀ 'ਚ ਮਦਦ ਕਰਦੇ ਹਨ। ਅੰਤਿਮ ਮੰਜ਼ਿਲ ਦਿੱਲੀ ਤੇ ਮੁੰਬਈ ਵਰਗੇ ਸ਼ਹਿਰ ਹੁੰਦੇ ਹਨ, ਜਿੱਥੇ ਡਰੱਗਜ਼ 10,000–15,000 ਰੁਪਏ ਪ੍ਰਤੀ ਗ੍ਰਾਮ ਵਿਕਦੀ ਹੈ ਜਦੋਂਕਿ ਇਨ੍ਹਾਂ ਦੀ ਸ਼ੁਰੂਆਤ ਅਫਗਾਨਿਸਤਾਨ ਜਾਂ ਪਾਕਿਸਤਾਨ ਤੋਂ 1,000 ਰੁਪਏ ਪ੍ਰਤੀ ਗ੍ਰਾਮ ਤੋਂ ਹੁੰਦੀ ਹੈ।
ਰੱਖਿਆ ਮਾਮਲਿਆਂ ਦੇ ਮਾਹਿਰ ਸਾਬਕਾ ਪੁਲਿਸ ਇੰਸਪੈਕਟਰ ਜਨਰਲ (ਸੇਵਾਮੁਕਤ) ਅਸ਼ਕੂਰ ਵਾਨੀ ਨੇ ਕਿਹਾ ਕਿ ਜੰਮੂ-ਕਸ਼ਮੀਰ ਸਿਰਫ਼ ਡਰੱਗਜ਼ ਦੀ ਸਮੱਸਿਆ ਤੋਂ ਪੀੜਤ ਨਹੀਂ ਹੈ, ਅਸੀਂ 'ਨਾਰਕੋ ਟੈਰਰ' (ਨਸ਼ਾ ਅੱਤਵਾਦ) ਨਾਲ ਜੂਝ ਰਹੇ ਹਾਂ। ਇਹ ਅੱਤਵਾਦ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੈ। ਇਸ ਰਾਹੀਂ ਪਾਕਿਸਤਾਨ ਦੇ ਦੋ ਮਕਸਦ ਪੂਰੇ ਹੋ ਰਹੇ ਹਨ, ਇਕ ਉਹ ਸਾਡੇ ਸਮਾਜ ਨੂੰ ਪੂਰੀ ਤਰ੍ਹਾਂ ਖੋਖਲਾ ਕਰ ਰਿਹਾ ਹੈ ਤੇ ਦੂਜੇ ਪਾਸੇ ਉਹ ਅੱਤਵਾਦ-ਵੱਖਵਾਦ ਨੂੰ ਜ਼ਿੰਦਾ ਰੱਖਣ ਲਈ ਵਿੱਤੀ ਤੰਤਰ ਦੇ ਨਾਲ ਭਰਤੀ ਤੰਤਰ ਵੀ ਇਸ ਰਾਹੀਂ ਚਲਾ ਰਿਹਾ ਹੈ।
ਕਈ ਮਾਮਲਿਆਂ 'ਚ ਤੁਸੀਂ ਦੇਖੋਗੇ ਕਿ ਨਸ਼ੇ ਲਈ ਕਿਸੇ ਨਸ਼ੇੜੀ ਨੇ ਕਿਸੇ ਅੱਤਵਾਦੀ ਜਥੇਬੰਦੀ ਦੇ ਇਸ਼ਾਰੇ 'ਤੇ ਕਿਤੇ ਗ੍ਰਨੇਡ ਸੁੱਟਿਆ ਹੋਵੇਗਾ, ਕਿਸੇ ਨੇ ਕਿਤੇ ਗੋਲੀ ਚਲਾਈ ਹੋਵੇਗੀ। ਅਜਿਹੇ ਕਈ ਮਾਮਲੇ ਤੁਹਾਨੂੰ ਪੁਲਿਸ ਫਾਈਲਾਂ 'ਚ ਮਿਲ ਸਕਦੇ ਹਨ। ਨਾਰਕੋ ਟੈਰਰ ਹਵਾਲਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਹਥਿਆਰਾਂ ਦੀ ਤਸਕਰੀ, ਨਸ਼ੀਲੇ ਪਦਾਰਥਾਂ ਦੇ ਵਪਾਰ ਅਤੇ ਗੈਰ-ਕਾਨੂੰਨੀ ਵਿੱਤੀ ਪ੍ਰਵਾਹ ਦਾ ਪ੍ਰਮੁੱਖ ਸਰੋਤ ਹੈ।
ਅੱਤਵਾਦੀ ਜਥੇਬੰਦੀਆਂ ਦੀ ਕਮਾਈ ਦਾ ਵੱਡਾ ਜ਼ਰੀਆ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੀ ਹੈ। ਅਫਗਾਨਿਸਤਾਨ ਤੇ ਪਾਕਿਸਤਾਨ ਦੇ ਕਈ ਇਲਾਕਿਆਂ ਵਿੱਚ ਅੱਤਵਾਦੀ ਜਥੇਬੰਦੀਆਂ ਨਾਲ ਜੁੜੇ ਅਨਸਰ ਇਸ ਦੀ ਸਰਪ੍ਰਸਤੀ ਕਰਦੇ ਹਨ। ਅੱਤਵਾਦੀ ਜਥੇਬੰਦੀਆਂ ਦੇ ਕਮਾਂਡਰ ਵੱਖ-ਵੱਖ ਨਾਵਾਂ ਅਤੇ ਥਾਵਾਂ 'ਤੇ ਕੰਮ ਕਰਦੇ ਹਨ। ਉਹ ਜੰਮੂ-ਕਸ਼ਮੀਰ ਵਿੱਚ ਆਪਣੇ ਓਵਰਗਰਾਊਂਡ ਵਰਕਰ ਨੈੱਟਵਰਕ ਦੀ ਵੀ ਇਸ ਵਿੱਚ ਪੂਰੀ ਵਰਤੋਂ ਕਰਦੇ ਹਨ।
ਰੱਖਿਆ ਮਾਮਲਿਆਂ ਦੇ ਮਾਹਿਰ ਦਿਨੇਸ਼ ਮਨਹੋਤਰਾ ਨੇ ਕਿਹਾ ਕਿ ਜੰਮੂ-ਕਸ਼ਮੀਰ ਲਈ ਨਸ਼ਾ ਹੁਣ ਇਕ ਨਾਸੂਰ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 2018 'ਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੁਆਰਾ ਏਮਜ਼ (AIIMS) ਦੇ ਮਾਧਿਅਮ ਨਾਲ ਕੀਤੇ ਗਏ ਇਕ ਕੌਮੀ ਸਰਵੇਖਣ ਅਨੁਸਾਰ, ਜੰਮੂ-ਕਸ਼ਮੀਰ 'ਚ ਓਪੀਓਇਡਜ਼ ਸਭ ਤੋਂ ਵੱਧ ਦੁਰਵਰਤੋਂ ਕੀਤੀਆਂ ਜਾਣ ਵਾਲੀਆਂ ਦਵਾਈਆਂ ਵਿੱਚੋਂ ਹਨ, ਜਿਨ੍ਹਾਂ ਦੇ ਲਗਪਗ 5.4 ਲੱਖ ਯੂਜ਼ਰ ਹਨ।
ਸਰਵੇਖਣ 'ਚ 1.7 ਲੱਖ ਸਿਡੇਟਿਵ ਯੂਜ਼ਰਜ਼ ਤੇ 1.4 ਲੱਖ ਗਾਂਜਾ ਯੂਜ਼ਰਜ਼ ਦੀ ਵੀ ਜਾਣਕਾਰੀ ਦਿੱਤੀ ਗਈ ਜਦੋਂਕਿ ਕੋਕੀਨ, ਐਮਫੇਟਾਮਾਈਨ ਤੇ ਹਲਿਊਸੀਨੋਜਨਜ਼ ਦੀ ਗਿਣਤੀ ਮੁਕਾਬਲਤਨ ਘੱਟ ਹੈ। ਜੰਮੂ-ਕਸ਼ਮੀਰ 'ਚ ਇਸ ਦੇ ਖਿਲਾਫ ਹੁਣ ਫੈਸਲਾਕੁੰਨ ਜੰਗ ਦਾ ਸਮਾਂ ਆ ਚੁੱਕਾ ਹੈ। ਇਹ ਇਕ ਸਥਾਪਿਤ ਖ਼ਤਰਾ ਹੈ, ਜਿਸ ਨੂੰ ਖਤਮ ਕਰਨ ਲਈ ਵਿਆਪਕ ਰਣਨੀਤੀ ਨੂੰ ਪੂਰੀ ਗੰਭੀਰਤਾ ਨਾਲ ਲਾਗੂ ਕਰਨ ਦੀ ਲੋੜ ਹੈ।