ਸੰਯੁਕਤ ਰਾਸ਼ਟਰ 'ਚ ਭਾਰਤ ਨੇ ਪਾਕਿਸਤਾਨ ਨੂੰ ਲਿਆ ਲੰਮੇ ਹੱਥੀਂ; ਕਿਹਾ- UN ਸੁਰੱਖਿਆ ਪ੍ਰੀਸ਼ਦ ਦੀ ਮੈਂਬਰੀ ਵੱਡੀ ਜ਼ਿੰਮੇਵਾਰੀ, ਝੂਠ ਫੈਲਾਉਣ ਦਾ ਮੰਚ ਨਹੀਂ
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਰਾਜਦੂਤ ਪਰਵਥਨੇਨੀ ਹਰੀਸ਼ ਨੇ ਸ਼ੁੱਕਰਵਾਰ ਨੂੰ ਕਿਹਾ, ‘‘ਪਾਕਿਸਤਾਨ ਨੇ ਭਾਰਤ ਦੇ ਪੂਰੀ ਤਰ੍ਹਾਂ ਨਾਲ ਅੰਦਰੂਨੀ ਮਾਮਲੇ ਦਾ ਜੋ ਬੇਵਜ੍ਹਾ ਜ਼ਿਕਰ ਕੀਤਾ ਹੈ, ਉਸ ਨੇ ਮੈਨੂੰ ਜਵਾਬ ਦੇਣ ਲਈ ਮਜਬੂਰ ਕੀਤਾ ਹੈ।’’
Publish Date: Sun, 07 Jun 2026 09:36 AM (IST)
Updated Date: Sun, 07 Jun 2026 09:39 AM (IST)

ਸੰਯੁਕਤ ਰਾਸ਼ਟਰ (ਏਜੰਸੀ) : ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਜੰਮੂ-ਕਸ਼ਮੀਰ ਦਾ ਬਿਨਾਂ ਕਿਸੇ ਸੰਦਰਭ ਦੇ ਜ਼ਿਕਰ ਕਰਨ ਲਈ ਪਾਕਿਸਤਾਨ ਦੀ ਸਖ਼ਤ ਨੁਕਤਾਚੀਨੀ ਕੀਤੀ ਹੈ। ਭਾਰਤ ਨੇ ਪਾਕਿ ਨੂੰ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਦੀ ਮੈਂਬਰਸ਼ਿਪ ਇਕ ਵੱਡੀ ਜ਼ਿੰਮੇਵਾਰੀ ਹੈ, ਨਾ ਕਿ ‘ਪੱਖਪਾਤੀ ਤੇ ਝੂਠੀਆਂ ਗੱਲਾਂ’ ਫੈਲਾਉਣ ਦਾ ਮੰਚ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਰਾਜਦੂਤ ਪਰਵਥਨੇਨੀ ਹਰੀਸ਼ ਨੇ ਸ਼ੁੱਕਰਵਾਰ ਨੂੰ ਕਿਹਾ, ‘‘ਪਾਕਿਸਤਾਨ ਨੇ ਭਾਰਤ ਦੇ ਪੂਰੀ ਤਰ੍ਹਾਂ ਨਾਲ ਅੰਦਰੂਨੀ ਮਾਮਲੇ ਦਾ ਜੋ ਬੇਵਜ੍ਹਾ ਜ਼ਿਕਰ ਕੀਤਾ ਹੈ, ਉਸ ਨੇ ਮੈਨੂੰ ਜਵਾਬ ਦੇਣ ਲਈ ਮਜਬੂਰ ਕੀਤਾ ਹੈ।’’ ਹਰੀਸ਼ ਦਾ ਇਹ ਸਖ਼ਤ ਜਵਾਬ ਉਦੋਂ ਆਇਆ ਜਦ ਪਾਕਿਸਤਾਨ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਆਸਿਮ ਇਫਤਿਖਾਰ ਅਹਿਮਦ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਸੁਰੱਖਿਆ ਪ੍ਰੀਸ਼ਦ ਦੀ ਸਾਲਾਨਾ ਰਿਪੋਰਟ ’ਤੇ ਆਪਣੀ ਗੱਲ ਰੱਖਦੇ ਹੋਏ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਿਆ। ਪਾਕਿਸਤਾਨ ਸੁਰੱਖਿਆ ਪ੍ਰੀਸ਼ਦ ਵਿਚ ਅਸਥਾਈ ਮੈਂਬਰ ਦੇ ਤੌਰ ’ਤੇ ਸ਼•ਾਮਲ ਹੈ ਅਤੇ ਉਸ ਦਾ ਕਾਰਜਕਾਲ ਇਸ ਸਾਲ ਖ਼ਤਮ ਹੋ ਜਾਵੇਗਾ। ਹਰੀਸ਼ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੇ ਪਾਟੋਧਾੜ ਵਾਲੇ ਸਿਆਸੀ ਹਿੱਤਾਂ ਲਈ ਸਨਮਾਨਤ ਮੰਚਾਂ ਦਾ ਗ਼ਲਤ ਇਸਤੇਮਾਲ ਕਰਨ ਦੀ ਆਪਣੀ ਆਦਤ ਨੂੰ ਇਸ ਮੰਚ ’ਤੇ ਵੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਹਰੀਸ਼ ਨੇ ਜ਼ੋਰ ਦੇ ਕੇ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਹਿੱਸਾ ਸੀ, ਹੈ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਖੋਖਲੀ ਬਿਆਨਬਾਜ਼ੀ ਅਤੇ ਬੇਬੁਨਿਆਦ ਦਾਅਵਿਆਂ ਨਾਲ ਇਹ ਬੁਨਿਆਦੀ ਸੱਚਾਈ ਨਹੀਂ ਬਦਲੇਗੀ।’’ ਆਈਏਐੱਨਐੱਸ ਮੁਤਾਬਕ ਹਰੀਸ਼ ਨੇ ਸੁਰੱਖਿਆ ਪ੍ਰੀਸ਼ਦ ਵਿਚ ਸੁਧਾਰਾਂ ਨੂੰ ਲੈ ਕੇ ਵੀ ਆਪਣੀ ਗੱਲ ਰੱਖੀ। ਉਨ੍ਹਾਂ ਨੇ ਕਿਹਾ ਕਿ ਇਸ ਵਿਚ ਮਾਮੂਲੀ ਸੁਧਾਰ ਇਸ ਨੂੰ ਅੱਜ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਾਇਕ ਬਣਾਉਣ ਲਈ ਕਾਫ਼ੀ ਨਹੀਂ ਹਨ। ਸਥਾਈ ਤੇ ਅਸਥਾਈ, ਦੋਵਾਂ ਸ਼੍ਰੇਣੀਆਂ ਦਾ ਵਿਸਥਾਰ ਹਕੀਕੀ ਤੇ ਸਾਰਥਕ ਸੁਧਾਰ ਲਾਗੂ ਕਰਨ ਲਈ ਅਹਿਮ ਹਨ।