ਪਾਕਿਸਤਾਨ ’ਚ ਹਿੰਦੂ ਔਰਤ ਤੇ ਉਸ ਦੀ ਨਾਬਾਲਿਗ ਧੀ ਅਗਵਾ, ਬੰਦੂਕਧਾਰੀਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਪਾਕਿਸਤਾਨ ਦੇ ਕਰਾਚੀ ਸ਼ਹਿਰ ’ਚ ਇਕ ਹਿੰਦੂ ਔਰਤ ਅਤੇ ਉਸ ਦੀ ਨਾਬਾਲਿਗ ਧੀ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਦਿਨ-ਦਿਹਾੜੇ ਘਰ ਦੇ ਬਾਹਰੋਂ ਅਗਵਾ ਕਰ ਲਿਆ। ਇਹ ਘਟਨਾ ਸ਼ਨਿਚਰਵਾਰ ਦੁਪਹਿਰੇ ਵਾਪਰੀ। ਇਸ ਨਾਲ ਕਰਾਚੀ ਦੇ ਸ਼ੇਰ ਸ਼ਾਹ ਦੇ ਸਿੰਧੀ ਮੁਹੱਲੇ ਵਿਚ ਦਹਿਸ਼ਤ ਦਾ ਮਾਹੌਲ ਹੈ।
Publish Date: Tue, 09 Dec 2025 07:34 PM (IST)
Updated Date: Tue, 09 Dec 2025 07:36 PM (IST)
ਕਰਾਚੀ (ਪੀਟੀਆਈ) : ਪਾਕਿਸਤਾਨ ਦੇ ਕਰਾਚੀ ਸ਼ਹਿਰ ’ਚ ਇਕ ਹਿੰਦੂ ਔਰਤ ਅਤੇ ਉਸ ਦੀ ਨਾਬਾਲਿਗ ਧੀ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਦਿਨ-ਦਿਹਾੜੇ ਘਰ ਦੇ ਬਾਹਰੋਂ ਅਗਵਾ ਕਰ ਲਿਆ। ਇਹ ਘਟਨਾ ਸ਼ਨਿਚਰਵਾਰ ਦੁਪਹਿਰੇ ਵਾਪਰੀ। ਇਸ ਨਾਲ ਕਰਾਚੀ ਦੇ ਸ਼ੇਰ ਸ਼ਾਹ ਦੇ ਸਿੰਧੀ ਮੁਹੱਲੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਪਰਿਵਾਰ ਮੁਤਾਬਕ ਰਾਣੀ ਜਿਉਂ ਹੀ ਘਰੋਂ ਬਾਹਰ ਨਿਕਲੀ, ਉਸੇ ਦੌਰਾਨ ਤਿੰਨ ਹਥਿਆਰਬੰਦ ਵਿਅਕਤੀ ਆਏ ਅਤੇ ਉਸ ਨੂੰ ਇਕ ਸਫੈਦ ਕਾਰ ਵਿਚ ਜ਼ਬਰਦਸਤੀ ਬਿਠਾ ਕੇ ਲੈ ਗਏ। ਉਸ ਦੀ ਛੋਟੀ ਧੀ ਵੀ ਉਦੋਂ ਤੋਂ ਲਾਪਤਾ ਹੈ। ਰਾਣੀ ਦੇ ਪਰਿਵਾਰ ਨੂੰ ਡਰ ਹੈ ਕਿ ਮਾਂ-ਧੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾ ਸਕਦਾ ਹੈ ਕਿਉਂਕਿ ਸਿੰਧ ਸੂਬੇ ਵਿਚ ਹਿੰਦੂ ਕੁੜੀਆਂ ਦੇ ਅਗਵਾ ਅਤੇ ਧਰਮ ਪਰਿਵਰਤਨ ਦੇ ਮਾਮਲੇ ਰੋਜ਼ਾਨਾ ਸਾਹਮਣੇ ਆਉਂਦੇ ਰਹਿੰਦੇ ਹਨ। ਕਈ ਪਰਿਵਾਰ ਇਨਸਾਫ਼ ਦੀ ਉਡੀਕ ’ਚ ਸਾਲਾਂ ਤੋਂ ਭਟਕ ਰਹੇ ਹਨ। ਹਿੰਦੂ ਭਾਈਚਾਰੇ ਦੇ ਸਮਾਜਸੇਵੀ ਸ਼ਿਵਾ ਕਾਚੀ ਨੇ ਕਿਹਾ ਕਿ ਕੇਸ ਦਰਜ ਹੋ ਚੁੱਕਾ ਹੈ ਪਰ ਪੁਲਿਸ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਭ ਸਕੀ। ਕਾਚੀ ਦੱਸਦੇ ਹਨ ਕਿ ਅਜਿਹੇ ਮਾਮਲਿਆਂ ਵਿਚ ਆਵਾਜ਼ ਉਠਾਉਣ ਕਾਰਨ ਉਨ੍ਹਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਇਸ ਦਰਮਿਆਨ ਸਿੰਧ ਦੇ ਉਮਰਕੋਟ ਇਲਾਕੇ ਵਿਚ ਇਕ ਹੋਰ ਵਾਰਦਾਤ ਵਾਪਰੀ ਜਿੱਥੇ ਭਾਗਵੀ ਨਾਂ ਦੀ ਹਿੰਦੂ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਦਾ ਹਾਲ ਹੀ ਵਿਚ ਵਿਆਹ ਹੋਇਆ ਹੈ। ਜਦੋਂ ਉਹ ਪੇਕੇ ਜਾਣ ਲਈ ਆਪਣੇ ਪਤੀ ਨਾਲ ਨਿਕਲੀ, ਉਸੇ ਦੌਰਾਨ ਹਥਿਆਰਬੰਦ ਲੋਕਾਂ ਨੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸਥਾਨਕ ਲੋਕਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਭੱਜਣਾ ਪਿਆ। ਇਨ੍ਹਾਂ ਘਟਨਾਵਾਂ ਕਾਰਨ ਸਿੰਧ ਦੇ ਹਿੰਦੂ ਭਾਈਚਾਰੇ ਵਿਚ ਡਰ ਦਾ ਮਾਹੌਲ ਹੈ।