ਪਾਕਿਸਤਾਨ ’ਚ ਫਿਰ ਫੁੱਟਿਆ 'ਫਿਊਲ ਬੰਬ', ਪੈਟਰੋਲ ਦੀ ਕੀਮਤ 458.41 ਰੁਪਏ ਤੇ ਡੀਜ਼ਲ 520 ਨੂੰ ਪਾਰ
ਸਰਕਾਰ ਨੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਨੂੰ ਸੀਮਤ ਕਰਨ ਲਈ ਪੈਟਰੋਲੀਅਮ ਲੇਵੀ ਦੀਆਂ ਦਰਾਂ ’ਚ ਵੀ ਹੇਰਫੇਰ ਕੀਤਾ ਹੈ। ਪੈਟਰੋਲ ’ਤੇ ਲੇਵੀ 105 ਰੁਪਏ ਪ੍ਰਤੀ ਲਿਟਰ ਤੋਂ ਵਧਾ ਕੇ 160 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ, ਜਦਕਿ ਡੀਜ਼ਲ ’ਤੇ ਇਸ ਨੂੰ 55 ਰੁਪਏ ਤੋਂ ਘਟਾ ਕੇ ਸਿਫ਼ਰ ਕਰ ਦਿੱਤਾ ਗਿਆ ਹੈ
Publish Date: Sat, 04 Apr 2026 09:27 AM (IST)
Updated Date: Sat, 04 Apr 2026 09:31 AM (IST)
ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਨੇ ਈਰਾਨ ’ਤੇ ਅਮਰੀਕਾ-ਇਜ਼ਰਾਈਲ ਜੰਗ ਵਿਚਾਲੇ ਆਲਮੀ ਤੇਲ ਦੀਆਂ ਵਧੀਆਂ ਕੀਮਤਾਂ ਦੇ ਜਵਾਬ ’ਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ’ਚ 50 ਫ਼ੀਸਦੀ ਤੋਂ ਵੱਧ ਦਾ ਵਾਧਾ ਕੀਤਾ, ਜੋ ਇਕ ਮਹੀਨੇ ਤੋਂ ਵੀ ਘੱਟ ਸਮੇਂ ’ਚ ਦੂਜਾ ਵਾਧਾ ਹੈ। ਪੈਟਰੋਲ ਤੇ ਹਾਈ-ਸਪੀਡ ਡੀਜ਼ਲ (ਐੱਚਐੱਸਡੀ) ਦੀਆਂ ਕੀਮਤਾਂ ’ਚ 43 ਫ਼ੀਸਦੀ ਤੇ 55 ਫ਼ੀਸਦੀ ਦੇ ਵਾਧੇ ਦਾ ਐਲਾਨ ਕੀਤਾ ਹੈ।
ਪੈਟਰੋਲ ਦੀ ਕੀਮਤ ’ਚ 137.23 ਰੁਪਏ ਪ੍ਰਤੀ ਲਿਟਰ ਭਾਵ 42.7 ਫ਼ੀਸਦੀ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ 321.17 ਰੁਪਏ ਤੋਂ ਵੱਧ ਕੇ 458.41 ਰੁਪਏ ਹੋ ਗਈ ਹੈ, ਜਦਕਿ ਐੱਚਐੱਸਡੀ ਦੀ ਕੀਮਤ ’ਚ 184.49 ਰੁਪਏ ਪ੍ਰਤੀ ਲਿਟਰ ਭਾਵ 55 ਫ਼ੀਸਦੀ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ 335.86 ਰੁਪਏ ਤੋਂ ਵੱਧ ਕੇ 520.35 ਰੁਪਏ ਹੋ ਗਈ ਹੈ। ਇਹ ਵਾਧਾ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਕੈਰੋਸੀਨ ਦੀ ਕੀਮਤ ’ਚ ਵੀ 34.08 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ 457.80 ਰੁਪਏ ਹੋ ਗਈ ਹੈ।
ਸਰਕਾਰ ਨੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਨੂੰ ਸੀਮਤ ਕਰਨ ਲਈ ਪੈਟਰੋਲੀਅਮ ਲੇਵੀ ਦੀਆਂ ਦਰਾਂ ’ਚ ਵੀ ਹੇਰਫੇਰ ਕੀਤਾ ਹੈ। ਪੈਟਰੋਲ ’ਤੇ ਲੇਵੀ 105 ਰੁਪਏ ਪ੍ਰਤੀ ਲਿਟਰ ਤੋਂ ਵਧਾ ਕੇ 160 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ, ਜਦਕਿ ਡੀਜ਼ਲ ’ਤੇ ਇਸ ਨੂੰ 55 ਰੁਪਏ ਤੋਂ ਘਟਾ ਕੇ ਸਿਫ਼ਰ ਕਰ ਦਿੱਤਾ ਗਿਆ ਹੈ। ਪਾਕਿਸਤਾਨ ਮਨੁੱਖੀ ਅਧਿਕਾਰ ਕੌਂਸਲ (ਐੱਚਆਰਸੀ) ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਕੀਤੇ ਗਏ ਵਾਧੇ ਦੀ ਸਖ਼ਤ ਨਿਖੇਧੀ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਇਸ ਕਦਮ ਨਾਲ ਪਹਿਲਾਂ ਤੋਂ ਹੀ ਵਧਦੀ ਮਹਿੰਗਾਈ ਤੇ ਵਿੱਤੀ ਔਕੜਾਂ ਨਾਲ ਜੂਝ ਰਹੇ ਨਾਗਰਿਕਾਂ ’ਤੇ ਹੋਰ ਬੋਝ ਵਧੇਗਾ।