ਪਾਕਿਸਤਾਨੀ ਫੌਜ ਨੂੰ BLA ਦੀ ਵੱਡੀ ਚਿਤਾਵਨੀ: 17 ਸੁਰੱਖਿਆ ਕਰਮੀ ਕੀਤੇ ਅਗਵਾ, 7 ਦਿਨਾਂ ਦਾ ਦਿੱਤਾ ਅਲਟੀਮੇਟਮ
ਬੀਐੱਲਏ ਮੁਤਾਬਕ ਜਿਨ੍ਹਾਂ ਫੌਜੀਆਂ ਨੂੰ ਰਿਹਾਅ ਕੀਤਾ ਗਿਆ ਹੈ, ਉਹ ਬਲੋਚ ਗਰੁੱਪ ਦੇ ਮੈਂਬਰ ਸਨ ਅਤੇ ਇਨ੍ਹਾਂ ਦਾ ਸਥਾਨਕ ਪੁਲਿਸ ਪ੍ਰਬੰਧ ਨਾਲ ਸਬੰਧ ਸੀ। ਉਨ੍ਹਾਂ ਨੂੰ ਚਿਤਾਵਨੀ ਦੇਣ ਤੋਂ ਬਾਅਦ ਰਿਹਾਅ ਕੀਤਾ ਗਿਆ। ਬੀਐੱਲਏ ਦਾ ਦਾਅਵਾ ਹੈ ਕਿ ਇਹ ਕਦਮ ਜ਼ਮੀਨੀ ਹਕੀਕਤ ਅਤੇ ਬਲੋਚ ਭਾਈਚਾਰੇ ਦੇ ਵਿਆਪਕ ਹਿੱਤਾਂ ਨੂੰ ਦਰਸਾਉਂਦਾ ਹੈ।
Publish Date: Mon, 16 Feb 2026 08:22 AM (IST)
Updated Date: Mon, 16 Feb 2026 08:26 AM (IST)
ਕਵੇਟਾ (ਏਐੱਨਆਈ) : ਬਲੋਚ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਆਪਰੇਸ਼ਨ ਹੇਰੋਫ ਦੇ ਦੂਜੇ ਪੜਾਅ ਵਿਚ ਪਾਕਿਸਤਾਨੀ ਸੁਰੱਖਿਆ ਬਲਾਂ ਦੇ 17 ਮੈਂਬਰਾਂ ਨੂੰ ਕੈਦ ਕਰਨ ਦਾ ਦਾਅਵਾ ਕੀਤਾ ਹੈ। ਬੀਐੱਲਏ ਦਾ ਬੁਲਾਰਾ ਜਯਾਂਦ ਬਲੋਚ ਦੱਸਦਾ ਹੈ ਕਿ ਇਨ੍ਹਾਂ ਵਿੱਚੋਂ 10 ਸੁਰੱਖਿਆ ਕਰਮਚਾਰੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਜਦਕਿ ਸੱਤ ਜਣਿਆਂ ਨੂੰ ਕੈਦ ਵਿਚ ਰੱਖਿਆ ਗਿਆ ਹੈ। ਇਨ੍ਹਾਂ ਸੁਰੱਖਿਆ ਮੁਲਾਜ਼ਮਾਂ ਦਾ ਭਵਿੱਖ ਕੈਦੀਆਂ ਦੀ ਸੰਭਾਵਤ ਅਦਲਾ-ਬਦਲੀ 'ਤੇ ਨਿਰਭਰ ਕਰਦਾ ਹੈ। ਇਸ ਲਈ ਸੱਤ ਦਿਨਾਂ ਦੀ ਮਿਆਦ ਨਿਰਧਾਰਤ ਕੀਤੀ ਗਈ ਹੈ।
ਬੀਐੱਲਏ ਮੁਤਾਬਕ ਜਿਨ੍ਹਾਂ ਫੌਜੀਆਂ ਨੂੰ ਰਿਹਾਅ ਕੀਤਾ ਗਿਆ ਹੈ, ਉਹ ਬਲੋਚ ਗਰੁੱਪ ਦੇ ਮੈਂਬਰ ਸਨ ਅਤੇ ਇਨ੍ਹਾਂ ਦਾ ਸਥਾਨਕ ਪੁਲਿਸ ਪ੍ਰਬੰਧ ਨਾਲ ਸਬੰਧ ਸੀ। ਉਨ੍ਹਾਂ ਨੂੰ ਚਿਤਾਵਨੀ ਦੇਣ ਤੋਂ ਬਾਅਦ ਰਿਹਾਅ ਕੀਤਾ ਗਿਆ। ਬੀਐੱਲਏ ਦਾ ਦਾਅਵਾ ਹੈ ਕਿ ਇਹ ਕਦਮ ਜ਼ਮੀਨੀ ਹਕੀਕਤ ਅਤੇ ਬਲੋਚ ਭਾਈਚਾਰੇ ਦੇ ਵਿਆਪਕ ਹਿੱਤਾਂ ਨੂੰ ਦਰਸਾਉਂਦਾ ਹੈ।
ਬੀਐੱਲਏ ਨੇ ਬਾਕੀ ਕੈਦੀਆਂ ਨੂੰ ਪਾਕਿਸਤਾਨੀ ਫੌਜ ਦਾ ਰੈਗੂਲਰ ਮੈਂਬਰ ਦੱਸਿਆ ਹੈ। ਇਸ ਨੇ ਇਨ੍ਹਾਂ ਕੈਦੀਆਂ ਨੂੰ ਬਲੋਚ ਕੌਮੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਉਨ੍ਹਾਂ 'ਤੇ ਨਾਗਰਿਕਾਂ ਦੇ ਖ਼ਿਲਾਫ਼ ਕਾਰਵਾਈ ਕਰਨ, ਲੋਕਾਂ ਨੂੰ ਗ਼ਾਇਬ ਕਰਨ ਵਿਚ ਮਦਦ ਕਰਨ ਅਤੇ ਕਤਲੇਆਮ ਵਿਚ ਹਿੱਸਾ ਲੈਣ ਦੇ ਦੋਸ਼ ਲਗਾਏ ਗਏ। ਸੁਣਵਾਈ ਦੌਰਾਨ ਕੈਦੀਆਂ ਨੂੰ ਜਵਾਬ ਦੇਣ ਦੀ ਆਗਿਆ ਦਿੱਤੀ ਗਈ ਸੀ। ਉਨ੍ਹਾਂ ਦੇ ਖ਼ਿਲਾਫ਼ ਸਬੂਤ ਪੇਸ਼ ਕੀਤੇ ਗਏ ਤੇ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ।
ਬੀਐੱਲਏ ਨੇ ਕਿਹਾ ਹੈ ਕਿ ਪਿਛਲੇ ਸਮੇਂ ਵਿਚ ਅਦਲਾ-ਬਦਲੀ ਦੇ ਪ੍ਰਸਤਾਵਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜੇ ਇਕ ਹਫਤੇ ਦੇ ਅੰਦਰ ਕੋਈ ਠੋਸ ਪ੍ਰਗਤੀ ਨਹੀਂ ਹੁੰਦੀ, ਤਾਂ ਇਨ੍ਹਾਂ ਸੁਰੱਖਿਆ ਕਰਮਚਾਰੀਆਂ ਨੂੰ ਸਜ਼ਾ ਦਿੱਤੀ ਜਾਵੇਗੀ।