ਜ਼ੋਹਰਾਨ ਮਮਦਾਨੀ ਦਾ ‘ਸਹੁੰ ਚੁੱਕ ਸਮਾਗਮ’ ਬਣਿਆ ਪੰਜਾਬੀ ਸੱਭਿਆਚਾਰ ਦਾ ਕੇਂਦਰ, ਸੁਣਾਈ ਦਿੱਤੀ ਪੰਜਾਬੀ ਗਾਣਿਆਂ ਦੀ ਗੂੰਜ
ਉਨ੍ਹਾਂ ਸਹੁੰ ਚੁੱਕਣ ਮਗਰੋਂ ਆਪਣੇ ਸੰਬੋਧਨ ’ਚ ਕਿਹਾ ਕਿ ਮੇਰੇ ਮਾਪਿਆਂ, ਮਾਮੇ ਤੇ ਬਾਬੇ ਦਾ ਧੰਨਵਾਦ, ਜਿਨ੍ਹਾਂ ਨੇ ਮੈਨੂੰ ਇਸ ਦੁਨੀਆ ਵਿਚ ਜੀਵਨ ਜਿਊਣਾ ਸਿਖਾਇਆ। ਉਨ੍ਹਾਂ ਜਿਹੜੇ ਤਿੰਨ ਕੁਰਾਨ ਸਹੁੰ ਚੁੱਕਣ ਸਮੇਂ ਇਸਤੇਮਾਲ ਕੀਤੇ, ਉਨ੍ਹਾਂ ’ਚੋਂ ਇਕ ਉਨ੍ਹਾਂ ਦੇ ਦਾਦਾ ਤੇ ਦੂਜਾ ਦਾਦੀ ਦਾ ਸੀ।
Publish Date: Sat, 03 Jan 2026 11:41 AM (IST)
Updated Date: Sat, 03 Jan 2026 11:45 AM (IST)
ਨਿਊਯਾਰਕ (ਏਜੰਸੀ) : ਜ਼ੋਹਰਾਨ ਮਮਦਾਨੀ ਨੇ ਨਵੇਂ ਸਾਲ ਵਾਲੇ ਦਿਨ ਆਪਣੇ ਸ਼ਹਿਰ ਦੇ ਮੇਅਰ ਵਜੋਂ ਅਧਿਕਾਰਤ ਸਹੁੰ ਸਮਾਗਮ ਵਿਚ ਆਪਣੇ ਦੱਖਣੀ ਏਸ਼ਿਆਈ ਵਿਰਾਸਤ ਦੇ ਨਿਸ਼ਾਨ ਪੇਸ਼ ਕੀਤੇ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਪੰਜਾਬੀ ਗਾਣਿਆਂ ਦੀ ਗੂੰਜ ਵੀ ਸੁਣਾਈ ਦਿੱਤੀ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਆਪਣੇ ਮਾਪਿਆਂ ਦਾ ਜ਼ਿਕਰ ਕੀਤਾ ਅਤੇ ਦਿੱਲੀ ਵਿਚ ਰਹਿੰਦੇ ਰਿਸ਼ਤੇਦਾਰਾਂ ਨੂੰ ਵੀ ਯਾਦ ਕੀਤਾ। ਉਹ ਫਿਲਮ ਡਾਇਰੈਕਟਰ ਮੀਰਾ ਨਾਇਰ ਤੇ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਮਹਿਮੂਦ ਮਮਦਾਨੀ ਦੇ ਪੁੱਤਰ ਹਨ ਜੋ ਯੂਗਾਂਡਾ ਤੋਂ ਹਨ ਤੇ ਭਾਰਤੀ ਵਿਰਾਸਤ ਦਾ ਦਾਅਵਾ ਕਰਦੇ ਹਨ। ਉਨ੍ਹਾਂ ਸਹੁੰ ਚੁੱਕਣ ਮਗਰੋਂ ਆਪਣੇ ਸੰਬੋਧਨ ’ਚ ਕਿਹਾ ਕਿ ਮੇਰੇ ਮਾਪਿਆਂ, ਮਾਮੇ ਤੇ ਬਾਬੇ ਦਾ ਧੰਨਵਾਦ, ਜਿਨ੍ਹਾਂ ਨੇ ਮੈਨੂੰ ਇਸ ਦੁਨੀਆ ਵਿਚ ਜੀਵਨ ਜਿਊਣਾ ਸਿਖਾਇਆ। ਉਨ੍ਹਾਂ ਜਿਹੜੇ ਤਿੰਨ ਕੁਰਾਨ ਸਹੁੰ ਚੁੱਕਣ ਸਮੇਂ ਇਸਤੇਮਾਲ ਕੀਤੇ, ਉਨ੍ਹਾਂ ’ਚੋਂ ਇਕ ਉਨ੍ਹਾਂ ਦੇ ਦਾਦਾ ਤੇ ਦੂਜਾ ਦਾਦੀ ਦਾ ਸੀ। ਉਨ੍ਹਾਂ ਦੇ ਸਹੁੰ ਚੁੱਕਣ ਸਮੇਂ ਉਨ੍ਹਾਂ ਦੇ ਨਾਲ ਇਕ ਹਿੰਦੂ ਅਰੁਣ ਖੋਸਾਈ ਤੇ ਇਕ ਸਿੱਖ ਸੰਦੀਪ ਕੌਰ ਤੋਂ ਇਲਾਵਾ ਇਕ ਈਸਾਈ ਤੇ ਇਕ ਯਹੂਦੀ ਗੁਰੂ ਸੀ।
ਮਮਦਾਨੀ ਨੇ ਆਪਣੇ ਭਾਸ਼ਣ ਵਿਚ ਖਾਣ-ਪੀਣ ਦੇ ਸੰਦਰਭ ਵਿਚ ਵੀ ਆਪਣੀ ਵਿਰਾਸਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਸਾਨੂੰ ਬਿਰਿਆਨੀ ਖਵਾਉਂਦੇ ਹਨ, ਉਨ੍ਹਾਂ ਲਈ ਸਾਨੂੰ ਕੰਮ ਕਰਨ ਦੀ ਲੋੜ ਹੈ। ਇਸ ਮੌਕੇ ਬੱਬੂ ਸਿੰਘ ਨੇ ਪੰਜਾਬੀ ਤੇ ਅੰਗਰੇਜ਼ੀ ਦੇ ਮਿਕਸ ਨਾਲ ‘ਗੱਡੀ ਰੈੱਡ ਚੈਲੰਜਰ’ ਗਾਇਆ। ਬੱਬੂ ਸਿੰਘ ਦਾ ਸਟੇਜ ਨਾਂ ਬੱਬੂਲੀਸ਼ੀਅਸ ਹੈ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ, ਕਾਮੇਡੀਅਨ, ਆਰਟਿਸਟ ਤੇ ਬੱਚਿਆਂ ਦੀਆਂ ਕਿਤਾਬਾਂ ਦੇ ਲੇਖਕ ਵੀ ਹਨ। ਬੱਬੂਲੀਸ਼ੀਅਸ ਦੇ ਗਾਣੇ ਦੌਰਾਨ ਮਮਦਾਨੀ ਨੇ ਲੈਅ ’ਚ ਤਾੜੀਆਂ ਵਜਾਈਆਂ। ਗਾਣੇ ਦੌਰਾਨ ਬੱਬੂਲੀਸ਼ੀਅਸ ਨੇ ਗੁਲਾਬੀ ਦਸਤਾਰ ਸਜਾਈ ਹੋਈ ਸੀ ਤੇ ਸਟੇਜ ’ਤੇ ਡਾਂਸ ਕਰ ਰਹੇ ਸਨ।