ਡਿਜੀਟਲ ਦੌਰ 'ਚ ਅਧਿਆਤਮਿਕ ਹੋ ਰਹੇ ਨੌਜਵਾਨ, Gen-Z ਮੁੰਡਿਆਂ ਦਾ ਧਰਮ ਪ੍ਰਤੀ ਵਧਿਆ ਝੁਕਾਅ, ਰਿਪੋਰਟ ਨੇ ਸਭ ਨੂੰ ਹੈਰਾਨ ਕੀਤਾ
ਟੈਕਸਾਸ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ, ਮੇਸਨ ਗੁਬਸਰ ਦੀ ਮਿਸਾਲ ਦਿੱਤੀ ਗਈ ਹੈ। ਉਨ੍ਹਾਂ ਮੁਤਾਬਕ, ਫ਼ੋਨ 'ਤੇ ਸਾਰਾ ਦਿਨ ਸਕ੍ਰੋਲ ਕਰਨ ਵਾਲੀ ਜ਼ਿੰਦਗੀ ਨੇ ਨੌਜਵਾਨਾਂ ਨੂੰ ਅੰਦਰੋਂ ਖਾਲੀਪਨ ਮਹਿਸੂਸ ਕਰਵਾਇਆ ਹੈ, ਜਿਸ ਕਾਰਨ ਉਹ ਸਕੂਨ ਅਤੇ ਮਕਸਦ ਦੀ ਭਾਲ ਵਿੱਚ ਧਰਮ ਵੱਲ ਮੁੜ ਰਹੇ ਹਨ। ਇਹੀ ਕਾਰਨ ਹੈ ਕਿ ਬਾਈਬਲ ਦੀ ਵਿਕਰੀ ਵਿੱਚ ਤੇਜ਼ੀ ਆਈ ਹੈ ਅਤੇ ਚਰਚਾਂ ਵਿੱਚ ਨੌਜਵਾਨਾਂ ਦੀ ਗਿਣਤੀ ਵਧ ਰਹੀ ਹੈ।
Publish Date: Sat, 18 Apr 2026 02:48 PM (IST)
Updated Date: Sat, 18 Apr 2026 02:52 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਅੱਜ ਦੇ ਭੱਜ-ਦੌੜ ਅਤੇ ਸੋਸ਼ਲ ਮੀਡੀਆ ਵਾਲੇ ਦੌਰ ਵਿੱਚ ਇੱਕ ਹੈਰਾਨੀਜਨਕ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਜਿੱਥੇ Gen-Z (ਅੱਜ ਦੀ ਨੌਜਵਾਨ ਪੀੜ੍ਹੀ) ਨੂੰ ਲੈ ਕੇ ਮੰਨਿਆ ਜਾਂਦਾ ਸੀ ਕਿ ਉਹ ਧਰਮ ਤੋਂ ਦੂਰ ਹੋ ਰਹੇ ਹਨ, ਉੱਥੇ ਹੀ 'ਗੈਲਪ' (Gallup) ਦੇ ਇੱਕ ਨਵੇਂ ਸਰਵੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਰਿਪੋਰਟ ਮੁਤਾਬਕ, ਨੌਜਵਾਨ ਮੁੰਡਿਆਂ ਵਿੱਚ ਧਰਮ ਅਤੇ ਅਧਿਆਤਮਿਕਤਾ ਪ੍ਰਤੀ ਖਿੱਚ ਬਹੁਤ ਤੇਜ਼ੀ ਨਾਲ ਵਧੀ ਹੈ।
ਸਰਵੇ ਅਨੁਸਾਰ, 30 ਸਾਲ ਤੋਂ ਘੱਟ ਉਮਰ ਦੇ 42% ਮਰਦਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਜੀਵਨ ਵਿੱਚ ਧਰਮ ਬਹੁਤ ਮਹੱਤਵਪੂਰਨ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਾਲ 2023 ਵਿੱਚ ਇਹ ਅੰਕੜਾ ਸਿਰਫ਼ 28% ਸੀ। ਸਿਰਫ਼ ਇੱਕ ਸਾਲ ਦੇ ਅੰਦਰ ਆਈ ਇਹ ਤੇਜ਼ੀ ਵਿਦਵਾਨਾਂ ਅਤੇ ਧਾਰਮਿਕ ਆਗੂਆਂ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਪੁਰਾਣੇ ਇਤਿਹਾਸਕ ਰੁਝਾਨਾਂ 'ਚ ਬਦਲਾਅ
ਦਹਾਕਿਆਂ ਤੋਂ ਹਰ ਸਰਵੇ ਵਿੱਚ ਇਹ ਦੇਖਿਆ ਜਾਂਦਾ ਸੀ ਕਿ ਔਰਤਾਂ, ਮਰਦਾਂ ਦੇ ਮੁਕਾਬਲੇ ਜ਼ਿਆਦਾ ਧਾਰਮਿਕ ਹੁੰਦੀਆਂ ਹਨ। ਪਰ ਇਸ ਵਾਰ ਪਾਸਾ ਪਲਟ ਗਿਆ ਹੈ:
ਨੌਜਵਾਨ ਔਰਤਾਂ: 18 ਤੋਂ 29 ਸਾਲ ਦੀਆਂ ਔਰਤਾਂ ਵਿੱਚ ਧਰਮ ਦਾ ਮਹੱਤਵ ਘਟਿਆ ਹੈ। ਉਹ ਹੁਣ ਸਾਰੇ ਉਮਰ ਵਰਗਾਂ ਵਿੱਚੋਂ ਸਭ ਤੋਂ ਘੱਟ ਧਾਰਮਿਕ ਪਾਈਆਂ ਗਈਆਂ ਹਨ।
ਨੌਜਵਾਨ ਮਰਦ: ਇਸੇ ਉਮਰ ਦੇ ਮਰਦਾਂ ਵਿੱਚ ਧਾਰਮਿਕ ਰੁਚੀ ਰਿਕਾਰਡ ਪੱਧਰ 'ਤੇ ਵਧੀ ਹੈ।
ਗੈਲਪ ਦੇ ਸੀਨੀਅਰ ਪੋਲਸਟਰ ਫ੍ਰੈਂਕ ਨਿਊਪੋਰਟ ਨੇ ਇਸ ਨੂੰ 1950 ਤੋਂ ਬਾਅਦ ਦਾ ਸਭ ਤੋਂ ਸ਼ਕਤੀਸ਼ਾਲੀ ਇਤਿਹਾਸਕ ਬਦਲਾਅ ਦੱਸਿਆ ਹੈ।
ਡਿਜੀਟਲ ਜ਼ਿੰਦਗੀ ਤੋਂ ਅੱਕ ਕੇ ਧਰਮ ਦਾ ਲਿਆ ਸਹਾਰਾ
ਰਿਪੋਰਟ ਵਿੱਚ ਟੈਕਸਾਸ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ, ਮੇਸਨ ਗੁਬਸਰ ਦੀ ਮਿਸਾਲ ਦਿੱਤੀ ਗਈ ਹੈ। ਉਨ੍ਹਾਂ ਮੁਤਾਬਕ, ਫ਼ੋਨ 'ਤੇ ਸਾਰਾ ਦਿਨ ਸਕ੍ਰੋਲ ਕਰਨ ਵਾਲੀ ਜ਼ਿੰਦਗੀ ਨੇ ਨੌਜਵਾਨਾਂ ਨੂੰ ਅੰਦਰੋਂ ਖਾਲੀਪਨ ਮਹਿਸੂਸ ਕਰਵਾਇਆ ਹੈ, ਜਿਸ ਕਾਰਨ ਉਹ ਸਕੂਨ ਅਤੇ ਮਕਸਦ ਦੀ ਭਾਲ ਵਿੱਚ ਧਰਮ ਵੱਲ ਮੁੜ ਰਹੇ ਹਨ। ਇਹੀ ਕਾਰਨ ਹੈ ਕਿ ਬਾਈਬਲ ਦੀ ਵਿਕਰੀ ਵਿੱਚ ਤੇਜ਼ੀ ਆਈ ਹੈ ਅਤੇ ਚਰਚਾਂ ਵਿੱਚ ਨੌਜਵਾਨਾਂ ਦੀ ਗਿਣਤੀ ਵਧ ਰਹੀ ਹੈ।
ਰਾਜਨੀਤੀ ਤੇ ਧਰਮ ਦਾ ਸੁਮੇਲ
ਸਰਵੇ ਇਹ ਵੀ ਦੱਸਦਾ ਹੈ ਕਿ ਇਹ ਬਦਲਾਅ ਸਿਰਫ਼ ਅਧਿਆਤਮਿਕ ਨਹੀਂ, ਸਗੋਂ ਰਾਜਨੀਤਿਕ ਵੀ ਹੈ। ਨੌਜਵਾਨਾਂ ਵਿੱਚ ਈਸਾਈ ਪਛਾਣ ਹੁਣ ਦੱਖਣਪੰਥੀ (Right-wing) ਵਿਚਾਰਧਾਰਾ ਨਾਲ ਜੁੜਦੀ ਦਿਖਾਈ ਦੇ ਰਹੀ ਹੈ। ਰਿਪਬਲਿਕਨ ਨੌਜਵਾਨਾਂ ਵਿੱਚ ਚਰਚ ਜਾਣ ਦੀ ਗਿਣਤੀ ਵਧੀ ਹੈ, ਜਦੋਂ ਕਿ ਡੈਮੋਕ੍ਰੇਟ ਔਰਤਾਂ ਇਸ ਮਾਮਲੇ ਵਿੱਚ ਸਭ ਤੋਂ ਪਿੱਛੇ ਹਨ।
ਪਿਊ ਰਿਸਰਚ ਸੈਂਟਰ (Pew Research Center) ਅਨੁਸਾਰ, ਅਮਰੀਕਾ ਵਿੱਚ ਲੰਬੇ ਸਮੇਂ ਤੋਂ ਈਸਾਈ ਆਬਾਦੀ ਵਿੱਚ ਹੋ ਰਹੀ ਗਿਰਾਵਟ ਹੁਣ ਸਥਿਰ ਹੋ ਗਈ ਹੈ, ਜਿਸ ਦਾ ਮੁੱਖ ਕਾਰਨ 2000 ਤੋਂ 2006 ਦੇ ਵਿਚਕਾਰ ਜਨਮੇ ਨੌਜਵਾਨਾਂ ਦਾ ਧਰਮ ਵਿੱਚ ਮੁੜ ਵਿਸ਼ਵਾਸ ਕਰਨਾ ਹੈ।