ਦੱਸਿਆ ਗਿਆ ਕਿ 'ਐਲ ਮੈਂਚੋ' ਦੇ ਗੈਂਗ ਦੇ ਲੋਕਾਂ ਨੇ ਕਈ ਰਾਜਾਂ ਵਿੱਚ ਗੱਡੀਆਂ ਨੂੰ ਅੱਗ ਲਗਾ ਕੇ ਮੁੱਖ ਸੜਕਾਂ ਨੂੰ ਬਲਾਕ ਕਰ ਦਿੱਤਾ ਅਤੇ ਦੁਕਾਨਾਂ ਫੂਕ ਦਿੱਤੀਆਂ। ਅਧਿਕਾਰੀਆਂ ਮੁਤਾਬਕ, ਇਹ ਹਿੰਸਾ ਜਲਿਸਕੋ ਰਾਜ ਦੇ ਟਾਪਲਪਾ ਵਿੱਚ ਮੈਕਸੀਕਨ ਸਪੈਸ਼ਲ ਫੋਰਸਿਜ਼ ਦੇ ਇੱਕ ਹਾਈ-ਪ੍ਰੋਫਾਈਲ ਆਪ੍ਰੇਸ਼ਨ ਤੋਂ ਬਾਅਦ ਹੋਈ, ਜਿਸ ਨੂੰ ਅਮਰੀਕੀ ਖ਼ੁਫ਼ੀਆ ਏਜੰਸੀ (US Intelligence) ਦੀ ਮਦਦ ਨਾਲ ਅੰਜਾਮ ਦਿੱਤਾ ਗਿਆ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ: ਡਰੱਗ ਸਮਗਲਰ 'ਐਲ ਮੈਂਚੋ' ਦੀ ਮੌਤ ਤੋਂ ਬਾਅਦ ਮੈਕਸੀਕੋ ਵਿੱਚ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ ਹਨ। ਕਾਰਟੈਲ (ਨਸ਼ਾ ਗਿਰੋਹ) ਨੇ ਬਦਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਈਵੇਅ ਬੰਦ ਹੋ ਗਏ ਹਨ, ਉਡਾਣਾਂ ਰੋਕ ਦਿੱਤੀਆਂ ਗਈਆਂ ਹਨ ਅਤੇ ਲੋਕ ਆਪਣੀ ਜਾਨ ਬਚਾ ਕੇ ਭੱਜ ਰਹੇ ਹਨ।
ਦੱਸਿਆ ਗਿਆ ਕਿ 'ਐਲ ਮੈਂਚੋ' ਦੇ ਗੈਂਗ ਦੇ ਲੋਕਾਂ ਨੇ ਕਈ ਰਾਜਾਂ ਵਿੱਚ ਗੱਡੀਆਂ ਨੂੰ ਅੱਗ ਲਗਾ ਕੇ ਮੁੱਖ ਸੜਕਾਂ ਨੂੰ ਬਲਾਕ ਕਰ ਦਿੱਤਾ ਅਤੇ ਦੁਕਾਨਾਂ ਫੂਕ ਦਿੱਤੀਆਂ। ਅਧਿਕਾਰੀਆਂ ਮੁਤਾਬਕ, ਇਹ ਹਿੰਸਾ ਜਲਿਸਕੋ ਰਾਜ ਦੇ ਟਾਪਲਪਾ ਵਿੱਚ ਮੈਕਸੀਕਨ ਸਪੈਸ਼ਲ ਫੋਰਸਿਜ਼ ਦੇ ਇੱਕ ਹਾਈ-ਪ੍ਰੋਫਾਈਲ ਆਪ੍ਰੇਸ਼ਨ ਤੋਂ ਬਾਅਦ ਹੋਈ, ਜਿਸ ਨੂੰ ਅਮਰੀਕੀ ਖ਼ੁਫ਼ੀਆ ਏਜੰਸੀ (US Intelligence) ਦੀ ਮਦਦ ਨਾਲ ਅੰਜਾਮ ਦਿੱਤਾ ਗਿਆ ਸੀ।
ਸੈਲਾਨੀਆਂ ਨੂੰ ਸਲਾਹ ਅਤੇ ਕਈ ਫਲਾਈਟਾਂ ਰੱਦ
ਕੁਝ ਸ਼ਹਿਰਾਂ ਵਿੱਚ ਅਧਿਕਾਰੀਆਂ ਨੇ ਸੈਲਾਨੀਆਂ ਅਤੇ ਆਮ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਹੀ, ਟਰੱਕ ਡਰਾਈਵਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਖ਼ਾਸ ਰਸਤਿਆਂ ਤੋਂ ਬਚਣ ਜਾਂ ਹਾਲਾਤ ਠੀਕ ਹੋਣ ਤੱਕ ਆਪਣੇ ਡਿਪੂਆਂ 'ਤੇ ਪਰਤ ਜਾਣ।
ਓਧਰ, ਏਅਰ ਕੈਨੇਡਾ, ਯੂਨਾਈਟਿਡ ਏਅਰਲਾਈਨਜ਼ ਅਤੇ ਐਰੋਮੈਕਸੀਕੋ ਨੇ ਪਿਊਰਟੋ ਵਲਾਰਟਾ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਮੈਕਸੀਕੋ ਦੀ ਡਰੱਗ ਕਾਰਟੈਲ ਵਿਰੁੱਧ ਪਿਛਲੇ ਦੋ ਦਹਾਕਿਆਂ ਦੀ ਇਸ ਜੰਗ ਵਿੱਚ ਹੁਣ ਅੱਧੇ ਦਰਜਨ ਤੋਂ ਵੱਧ ਰਾਜਾਂ ਵਿੱਚ ਹਿੰਸਾ ਫੈਲ ਗਈ ਹੈ।
ਹਿੰਸਾ ਦੀਆਂ ਵੀਡੀਓਜ਼ ਆਈਆਂ ਸਾਹਮਣੇ
ਸੁਰੱਖਿਆ ਸਰੋਤਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਵਿੱਚ ਅਗੁਆਸਕੈਲੀਏਂਟੇਸ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਮਿਲਟਰੀ ਟੈਂਕ ਨੂੰ ਵੜਦੇ ਹੋਏ, ਰੁਝੇਵੇਂ ਵਾਲੇ ਮੈਕਸੀਕੋ-ਪਿਊਬਲਾ ਹਾਈਵੇਅ 'ਤੇ ਰੋਡ-ਬਲਾਕ ਅਤੇ ਕੋਲੀਮਾ ਵਿੱਚ ਪਿਕਅੱਪ ਟਰੱਕਾਂ ਵਿੱਚ ਹਥਿਆਰਬੰਦ ਲੋਕਾਂ ਨੂੰ ਟ੍ਰੈਫਿਕ ਰੋਕਦੇ ਹੋਏ ਦਿਖਾਇਆ ਗਿਆ ਹੈ।
ਗੁਆਡਲਹਾਰਾ ਦੇ ਰਹਿਣ ਵਾਲੇ ਕਾਰਲੋ ਗੁਟੀਰੇਜ਼ ਨੇ ਦੱਸਿਆ ਕਿ ਵ੍ਹਟਸਐਪ ਗਰੁੱਪਾਂ ਵਿੱਚ ਘਰਾਂ ਦੇ ਅੰਦਰ ਰਹਿਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ, "ਡਰ ਦਾ ਮਾਹੌਲ ਹੈ ਅਤੇ ਬਹੁਤ ਸਾਵਧਾਨੀ ਵਰਤੀ ਜਾ ਰਹੀ ਹੈ।"
ਕਾਰਟੈਲ ਨੇ ਦਿੱਤੀ ਚਿਤਾਵਨੀ
CJNG ਦੇ ਇੱਕ ਮੈਂਬਰ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਜਲਿਸਕੋ ਦੇ ਟਾਪਾਲਪਾ ਵਿੱਚ ਐਤਵਾਰ ਨੂੰ ਹੋਈ ਮਿਲਟਰੀ ਰੇਡ ਵਿੱਚ ਓਸੇਗੁਏਰਾ (ਐਲ ਮੈਂਚੋ) ਦੀ ਹੱਤਿਆ ਦਾ ਬਦਲਾ ਲੈਣ ਲਈ ਇਹ ਅੱਗਜ਼ਨੀ ਅਤੇ ਗੋਲੀਬਾਰੀ ਕੀਤੀ ਗਈ ਹੈ। ਉਸਨੇ ਚਿਤਾਵਨੀ ਦਿੱਤੀ ਕਿ ਜਿਵੇਂ-ਜਿਵੇਂ ਗਰੁੱਪ ਕਾਰਟੈਲ 'ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰੇਗਾ, ਇਹ ਅਸ਼ਾਂਤੀ ਹੋਰ ਵਧ ਸਕਦੀ ਹੈ।