ਹਵਾਈ ਹਮਲਿਆਂ ਤੋਂ ਬਾਅਦ ਹੁਣ 'ਗਰਾਊਂਡ ਵਾਰ' ਦੀ ਤਿਆਰੀ? ਈਰਾਨੀ ਫ਼ੌਜ ਨੂੰ ਧੂੜ ਚਟਾਉਣ ਲਈ ਅਮਰੀਕਾ ਦੀ ਨਵੀਂ ਚਾਲ
ਉੱਤਰੀ ਇਰਾਕ ਦੇ ਕੁਰਦ ਖੇਤਰ ’ਚ ਸਥਿਤ ਇਕ ਈਰਾਨੀ ਕੁਰਦ ਰਾਸ਼ਟਰਵਾਦੀ ਸਮੂਹ ਦੇ ਆਗੂ ਨੇ ਅਲ ਜਜ਼ੀਰਾ ਨੂੰ ਦੱਸਿਆ ਹੈ ਕਿ ਕੁਰਦ ਈਰਾਨ ’ਚ ਸਰਹੱਦ ਪਾਰ ਤੋਂ ਜ਼ਮੀਨੀ ਮੁਹਿੰਮ ਚਲਾ ਸਕਦੇ ਹਨ।
Publish Date: Sun, 08 Mar 2026 08:18 AM (IST)
Updated Date: Sun, 08 Mar 2026 08:20 AM (IST)

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ’ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਇਕੱਠੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਮਿਸਾਲ ਵਜੋਂ ਇਹ ਜੰਗ ਕਦ ਤੱਕ ਚੱਲੇਗੀ, ਕਿਸ ਨੂੰ ਵੱਧ ਨੁਕਸਾਨ ਪੁੱਜੇਗਾ, ਵਿਸ਼ਵ ਪੱਧਰੀ ਅਰਥਚਾਰੇ ਨੂੰ ਕਿੰਨਾ ਨੁਕਸਾਨ ਹੋਵੇਗਾ। ਕਿਤੇ ਇਹ ਆਲਮੀ ਜੰਗ ’ਚ ਤਾਂ ਨਹੀਂ ਬਦਲ ਜਾਵੇਗੀ। ਇਨ੍ਹਾਂ ਸਬ ਕਿਆਸਾਂ ਦੇ ਵਿਚਾਲੇ ਇਕ ਦੂਜੇ ਨੂੰ ਹਰਾਉਣ ਲਈ ਹਰ ਰੋਜ਼ ਦੋਵਾਂ ਪਾਸਿਓਂ ਨਵੀਂ ਰਣਨੀਤਕ ਕਹਾਣੀ ਲਿਖੀ ਜਾ ਰਹੀ ਹੈ। ਈਰਾਨ ਜ਼ਮੀਨੀ ਜੰਗ ਹੋਣ ਦੀ ਸਥਿਤੀ ’ਚ ਜਿੱਥੇ ਆਪਣੇ ਆਪ ਨੂੰ ਹਰ ਤਰ੍ਹਾਂ ਤਿਆਰ ਕਰ ਰਿਹਾ ਹੈ, ਉਥੇ ਅਮਰੀਕਾ ਵੀ ਬਿਨਾਂ ਮੌਕਾ ਗੁਆਏ ਤਰਕਸ਼ ਦੇ ਹਰ ਉਸ ਤੀਰ ਨੂੰ ਅਜ਼ਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨਾਲ ਅਸਮਾਨ ’ਚ ਈਰਾਨ ਨੂੰ ਹਾਰ ਦੇਣ ਦੇ ਨਾਲ ਹੀ ਜ਼ਮੀਨੀ ਲੜਾਈ ’ਚ ਵੀ ਉਸ ਨੂੰ ਧੂੜ ਚਟਾਈ ਜਾ ਸਕੇ। ਇਸ ਕੜੀ ’ਚ ਅਮਰੀਕਾ ਵੱਲੋਂ ਈਰਾਨੀ ਕੁਰਦਾਂ ਨਾਲ ਸੰਪਰਕ ਕਰਨ ਦੀ ਸੂਚਨਾ ਹੈ। ਉਹ ਇੰਨਾਂ ਦੀ ਵਰਤੋਂ ਜ਼ਮੀਨੀ ਜੰਗ ’ਚ ਈਰਾਨੀ ਫ਼ੌਜ ਖ਼ਿਲਾਫ਼ ਕਰਨਾ ਚਾਹੁੰਦਾ ਹੈ। ਉੱਤਰੀ ਇਰਾਕ ਦੇ ਕੁਰਦ ਖੇਤਰ ’ਚ ਸਥਿਤ ਇਕ ਈਰਾਨੀ ਕੁਰਦ ਰਾਸ਼ਟਰਵਾਦੀ ਸਮੂਹ ਦੇ ਆਗੂ ਨੇ ਅਲ ਜਜ਼ੀਰਾ ਨੂੰ ਦੱਸਿਆ ਹੈ ਕਿ ਕੁਰਦ ਈਰਾਨ ’ਚ ਸਰਹੱਦ ਪਾਰ ਤੋਂ ਜ਼ਮੀਨੀ ਮੁਹਿੰਮ ਚਲਾ ਸਕਦੇ ਹਨ। ਈਰਾਨੀ ਕੁਰਦਿਸਤਾਨ ਦੇ ਖਬਾਤ ਸੰਗਠਨ ਦੇ ਜਨਰਲ ਸਕੱਤਰ ਬਾਬਾਸ਼ੇਖ ਹੁਸੈਨੀ ਨੇ ਕਿਹਾ ਹੈ ਕਿ ਫ਼ਿਲਹਾਲ ਅਜਿਹੀ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਪਰ ਅਮਰੀਕਾ ਨੇ ਸਮੂਹ ਨਾਲ ਸੰਪਰਕ ਕੀਤਾ ਹੈ। ਸਮੂਹ ਇਸ ’ਤੇ ਵਿਚਾਰ ਕਰ ਰਿਹਾ ਹੈ।