ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ-ਇਜ਼ਰਾਈਲ ਨਾਲ ਜੁੜੇ ਆਰਥਿਕ ਟਿਕਾਣੇ, ਕਲਾਊਡ ਡੇਟਾ ਸੈਂਟਰ ਅਤੇ ਵਿੱਤੀ ਸੰਸਥਾਵਾਂ ਹੁਣ ਫੌਜੀ ਨਿਸ਼ਾਨੇ 'ਤੇ ਹਨ। ਕੁਝ ਰਿਪੋਰਟਾਂ ਵਿੱਚ ਗੂਗਲ ਤੇ ਮਾਈਕ੍ਰੋਸਾਫਟ ਵਰਗੀਆਂ ਕੰਪਨੀਆਂ ਦੇ ਖੇਤਰੀ ਦਫ਼ਤਰਾਂ ਨੂੰ ਵੀ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਹੀ ਗਈ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ: ਈਰਾਨ ਨੇ ਮੱਧ ਪੂਰਬ ਵਿੱਚ ਅਮਰੀਕਾ ਅਤੇ ਇਜ਼ਰਾਈਲ ਨਾਲ ਜੁੜੇ ਬੈਂਕਾਂ 'ਤੇ ਵੱਡੇ ਹਮਲਿਆਂ ਦੀ ਚਿਤਾਵਨੀ ਦਿੱਤੀ ਹੈ। ਇਹ ਧਮਕੀ ਤਹਿਰਾਨ ਵਿੱਚ ਇੱਕ ਪ੍ਰਮੁੱਖ ਬੈਂਕ 'ਤੇ ਹੋਏ ਹਮਲੇ ਦੇ ਜਵਾਬ ਵਿੱਚ ਆਈ ਹੈ, ਜਿਸ ਤੋਂ ਬਾਅਦ ਖੇਤਰ ਵਿੱਚ ਤਣਾਅ ਹੋਰ ਵਧ ਗਿਆ ਹੈ।
ਤਹਿਰਾਨ ਵਿੱਚ ਬੈਂਕ 'ਤੇ ਹਮਲਾ
ਈਰਾਨੀ ਮੀਡੀਆ ਅਤੇ ਫੌਜੀ ਅਧਿਕਾਰੀਆਂ ਅਨੁਸਾਰ, ਅਮਰੀਕਾ ਅਤੇ ਇਜ਼ਰਾਈਲ ਨਾਲ ਜੁੜੇ ਹਮਲਿਆਂ ਵਿੱਚ ਤਹਿਰਾਨ ਦੇ ਬੈਂਕ ਸੇਪਾਹ (Bank Sepah) ਦੀ ਇੱਕ ਬ੍ਰਾਂਚ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿੱਚ ਕਈ ਕਰਮਚਾਰੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਈਰਾਨ ਨੇ ਇਸ ਨੂੰ 'ਗੈਰ-ਕਾਨੂੰਨੀ ਅਤੇ ਜੰਗੀ ਕਾਰਵਾਈ' ਕਰਾਰ ਦਿੰਦੇ ਹੋਏ ਸਖ਼ਤ ਨਿਦਾ ਕੀਤੀ ਹੈ।
ਈਰਾਨ ਦੀ ਫੌਜੀ ਕਮਾਨ 'ਖਾਤਮ ਅਲ-ਅੰਬੀਆ' ਦੇ ਬੁਲਾਰੇ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਦੁਸ਼ਮਣ ਨੇ ਹੁਣ ਸਾਨੂੰ ਅਮਰੀਕਾ ਅਤੇ 'ਜ਼ਯੋਨੀ ਸ਼ਾਸਨ' (ਇਜ਼ਰਾਈਲ) ਨਾਲ ਜੁੜੇ ਆਰਥਿਕ ਕੇਂਦਰਾਂ ਅਤੇ ਬੈਂਕਾਂ 'ਤੇ ਹਮਲਾ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ।
ਲੋਕਾਂ ਨੂੰ ਦੂਰ ਰਹਿਣ ਦੀ ਅਪੀਲ
ਉਨ੍ਹਾਂ ਨੇ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਬੈਂਕਾਂ ਤੋਂ ਘੱਟੋ-ਘੱਟ 1 ਕਿਲੋਮੀਟਰ (1000 ਮੀਟਰ) ਦੀ ਦੂਰੀ ਬਣਾ ਕੇ ਰੱਖਣ, ਤਾਂ ਜੋ ਕਿਸੇ ਸੰਭਾਵੀ ਹਮਲੇ ਵਿੱਚ ਆਮ ਨਾਗਰਿਕਾਂ ਦਾ ਨੁਕਸਾਨ ਨਾ ਹੋਵੇ। ਈਰਾਨ ਨੇ ਸਪੱਸ਼ਟ ਕੀਤਾ ਕਿ ਹੁਣ ਸਿਰਫ਼ ਜਵਾਬੀ ਕਾਰਵਾਈ ਨਹੀਂ, ਸਗੋਂ ਲਗਾਤਾਰ ਅਤੇ ਦਰਦਨਾਕ ਹਮਲੇ ਕੀਤੇ ਜਾਣਗੇ।
ਬੈਂਕਾਂ ਵਿੱਚ ਹੜਕੰਪ, ਸ਼ਾਖਾਵਾਂ ਹੋਈਆਂ ਬੰਦ
ਈਰਾਨ ਦੀ ਇਸ ਚਿਤਾਵਨੀ ਤੋਂ ਬਾਅਦ ਖਾੜੀ ਦੇਸ਼ਾਂ (ਜਿਵੇਂ ਯੂ.ਏ.ਈ., ਦੁਬਈ, ਕਤਰ ਆਦਿ) ਵਿੱਚ ਅਮਰੀਕੀ ਅਤੇ ਅੰਤਰਰਾਸ਼ਟਰੀ ਬੈਂਕਾਂ ਵਿੱਚ ਭਾਜੜ ਮਚ ਗਈ ਹੈ, ਸਿਟੀ ਬੈਂਕ (Citi Bank) ਨੇ ਯੂ.ਏ.ਈ. ਵਿੱਚ ਆਪਣੀਆਂ ਜ਼ਿਆਦਾਤਰ ਬ੍ਰਾਂਚਾਂ ਆਰਜ਼ੀ ਤੌਰ 'ਤੇ ਬੰਦ ਕਰ ਦਿੱਤੀਆਂ ਹਨ ਅਤੇ ਸਟਾਫ ਨੂੰ 'ਵਰਕ ਫਰੌਮ ਹੋਮ' ਲਈ ਕਿਹਾ ਹੈ। ਸਟੈਂਡਰਡ ਚਾਰਟਰਡ ਅਤੇ HSBC ਵਰਗੇ ਬੈਂਕ ਵੀ ਸਟਾਫ ਨੂੰ ਦਫ਼ਤਰਾਂ ਤੋਂ ਦੂਰ ਰਹਿਣ ਦੀ ਸਲਾਹ ਦੇ ਰਹੇ ਹਨ। ਦੁਬਈ ਅਤੇ ਅਬੂ ਧਾਬੀ ਵਿੱਚ ਕਈ ਬੈਂਕਾਂ ਦੀਆਂ ਇਮਾਰਤਾਂ ਖਾਲੀ ਕਰਵਾ ਲਈਆਂ ਗਈਆਂ ਹਨ।
ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ-ਇਜ਼ਰਾਈਲ ਨਾਲ ਜੁੜੇ ਆਰਥਿਕ ਟਿਕਾਣੇ, ਕਲਾਊਡ ਡੇਟਾ ਸੈਂਟਰ ਅਤੇ ਵਿੱਤੀ ਸੰਸਥਾਵਾਂ ਹੁਣ ਫੌਜੀ ਨਿਸ਼ਾਨੇ 'ਤੇ ਹਨ। ਕੁਝ ਰਿਪੋਰਟਾਂ ਵਿੱਚ ਗੂਗਲ ਤੇ ਮਾਈਕ੍ਰੋਸਾਫਟ ਵਰਗੀਆਂ ਕੰਪਨੀਆਂ ਦੇ ਖੇਤਰੀ ਦਫ਼ਤਰਾਂ ਨੂੰ ਵੀ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਹੀ ਗਈ ਹੈ।