ਈਰਾਨ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਥਾਡ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਨਾਕਾਰਾ ਕਰ ਦਿੱਤਾ, ਜਿਸ ਤੋਂ ਬਾਅਦ ਤਲ ਅਵੀਵ ਤੇ ਬੇਨ ਗੁਰੀਅਨ ਹਵਾਈ ਅੱਡੇ ਸਮੇਤ ਕਈ ਖੇਤਰਾਂ ’ਚ ਮਿਜ਼ਾਈਲਾਂ ਡਿੱਗੀਆਂ। ਸੈਂਕੜੇ ਬੈਲਿਸਟਿਕ ਮਿਜ਼ਾਈਲਾਂ ਤੇ ਡ੍ਰੋਨ ਨਾਲਕੀਤੇ ਗਏ ਹਮਲਿਆਂ ’ਚ ਤਲ ਅਵੀਵ ਤੇ ਯਰੂਸ਼ਲਮ ਦੇ ਨਾਲ ਨਾਲ ਕੁਵੈਤ, ਬਿਹਰੀਨ ਤੇ ਕਤਰ ’ਚ ਮੌਜੂਦ ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਜਾਗਰਣ ਬਿਊਰੋ, ਨਵੀਂ ਦਿੱਲੀ: ਈਰਾਨ ਬਨਾਮ ਅਮਰੀਕਾ-ਇਜ਼ਰਾਈਲ ਜੰਗ ਵੀਰਵਾਰ ਨੂੰ ਛੇਵੇਂ ਦਿਨ ’ਚ ਦਾਖ਼ਲ ਹੋ ਗਈ। ਇਸ ਦੌਰਾਨ ਜੰਗ ਦਾ ਘੇਰਾ ਪੱਛਮੀ ਏਸ਼ੀਆ ਤੋਂ ਬਾਹਰ ਫੈਲਦਾ ਦਿਖਾਈ ਦੇਣ ਲੱਗਾ ਹੈ। ਅਮਰੀਕੀ ਜਲ ਸੈਨਾ ਨੇ ਹਿੰਦ ਮਹਾਸਾਗਰ ’ਚ ਭਾਰਤ ਤੋਂ ਪਰਤ ਰਹੇ ਈਰਾਨੀ ਜੰਗੀ ਬੇੜੇ ਆਈਆਰਆਈਐੱਸ ਡੇਨਾ ਨੂੰ ਨਿਸ਼ਾਨਾ ਬਣਾਇਆ, ਜਦਕਿ ਈਰਾਨ ਦੇ ਦੋ ਡ੍ਰੋਨ ਅਜ਼ਰਬਾਇਜਾਨ ਦੇ ਖੇਤਰ ’ਚ ਜਾ ਡਿੱਗੇ। ਨਾਟੋ ਨੇ ਵੀ ਦਾਅਵਾ ਕੀਤਾ ਹੈ ਕਿ ਤੁਰਕੀ ’ਚ ਈਰਾਨੀ ਬੈਲਿਸਟਿਕ ਮਿਜ਼ਾਈਲ ਦੇ ਇਕ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ। ਇਨ੍ਹਾਂ ਘਟਨਾਵਾਂ ਤੋਂ ਬਾਅਦ ਇਹ ਜੰਗ ਖੇਤਰੀ ਸਰਹੱਦਾਂ ਤੋਂ ਅੱਗੇ ਵਧਦੀ ਨਜ਼ਰ ਆ ਰਹੀ ਹੈ। ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਉਸਦੇ ਜੰਗੀ ਬੇੜੇ ’ਤੇ ਹਮਲੇ ਤੋਂ ਬਾਅਦ ਦੁਨੀਆ ’ਚ ਕਿਤੇ ਵੀ ਅਮਰੀਕੀ ਨੇਵੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਨਾਲ ਆਉਣ ਵਾਲੇ ਦਿਨਾਂ ’ਚ ਹਾਲਾਤ ਹੋਰ ਗੰਭੀਰ ਹੋਣ ਦਾ ਖਦਸ਼ਾ ਵੱਧ ਗਿਆ ਹੈ। ਅਮਰੀਕਾ ਤੇ ਇਜ਼ਰਾਈਲ ਦੇ ਹਵਾਈ ਹਮਲੇ ਈਰਾਨ ’ਤੇ ਲਗਾਤਾਰ ਜਾਰੀ ਹਨ, ਜਦਕਿ ਈਰਾਨ ਵੀ ਇਜ਼ਰਾਈਲ ਦੇ ਨਾਲ ਨਾਲ ਪੱਛਮੀ ਏਸ਼ੀਆ ਦੇ ਕਈ ਦੇਸ਼ਾਂ ’ਚ ਟੀਚਿਆਂ ’ਤੇ ਹਮਲੇ ਕਰ ਰਿਹਾ ਹੈ। ਲਿਬਨਾਨ ’ਚ ਵੀ ਇਜ਼ਰਾਈਲ ਨੇ ਤਿੱਕੇ ਹਵਾਈ ਹਮਲੇ ਕੀਤੇ, ਜਿਸਦੇ ਜਵਾਬ ’ਚ ਹਿਜ਼ਬੁੱਲਾ ਨੇ ਡ੍ਰੋਨ ਤੇ ਮਿਜ਼ਾਈਲ ਨਾਲ ਇਜ਼ਰਾਈਲ ਨੂੰ ਨਿਸ਼ਾਨਾ ਬਣਾਇਆ। ਮਰਹੂਮ ਸੁਪਰੀਮ ਆਗੂ ਅਯਾਤੁੱਲਾ ਖਾਮਨੇਈ ਦੇ ਬੇਟੇ ਮੋਜ਼ਤਬਾ ਖਾਮਨੇਈ ਨੂੰ ਨਵਾਂ ਸੁਪਰੀਮ ਆਗੂ ਬਣਾਏ ਜਾਣ ’ਤੇ ਸਹਿਮਤੀ ਬਣਨ ਦੀ ਖ਼ਬਰ ਹੈ।
ਨਿਊਉਯਾਰਕ ਟਾਈਮਜ਼ ਮੁਤਾਬਕ, ਬੁੱਧਵਾਰ ਨੂੰ ਸ੍ਰੀਲੰਕਾ ਦੀ ਸਮੁੰਦਰੀ ਸਰਹੱਦ ਤੋਂ ਬਾਹਰ ਅਮਰੀਕੀ ਪਣਡੁੱਬੀ ਆਈਆਰਆਈਐੱਸ ਡੇਨਾ 16 ਤੋਂ 25 ਫਰਵਰੀ 2026 ਤੱਕ ਵਿਸ਼ਾਖਾਪਟਨਮ ’ਚ ਹੋਏ ਇੰਟਰਨੈਸ਼ਨਲ ਫਲੀਟ ਰੀਵਿਊ ’ਚ ਸ਼ਾਮਲ ਹੋ ਕੇ ਈਰਾਨ ਪਰਤ ਰਿਹਾ ਸੀ। ਇਸ ਜੰਗੀ ਬੇੜੇ ’ਤੇ ਲਗਪਗ 180 ਜਲ ਸੈਨਿਕ ਸਵਾਰ ਸਨ, ਜਿਨ੍ਹਾਂ ’ਚੋਂ 32 ਨੂੰ ਸ੍ਰੀਲੰਕਾਈ ਜਲ ਸੈਨਾ ਨੇ ਬਚਾ ਲਿਆ। ਕਰੀਬ 100 ਮਲਾਹਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ, ਜਦਕਿ ਸ੍ਰੀਲੰਕਾ ਜਲ ਸੈਨਾ ਦਾ ਕਹਿਣਾ ਹੈ ਕਿ 87 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਸ ਘਟਨਾ ਤੋਂ ਬਾਅਦ ਇਕ ਹੋਰ ਈਰਾਨੀ ਜੰਗੀ ਬੇੜੇ ਨੇ ਸ੍ਰੀਲੰਕਾ ਦੀ ਸਮੁੰਦਰੀ ਸਰਹੱਦ ’ਚ ਦਾਖ਼ਲੇ ਦੀ ਇਜਾਜ਼ਤ ਮੰਗੀ ਹੈ। ਇਹ ਬੇੜਾ ਫਿਲਹਾਲ ਸ੍ਰੀਲੰਕਾ ਦੀ ਸਰਹੱਦ ਤੋਂ ਲਗਪਗ 200 ਨਾਟਿਕਲ ਮੀਲ ਦੂਰ ਹੈ।
ਸ੍ਰੀਲੰਕਾ ਦੀ ਸਮੁੰਦਰੀ ਸਰਹੱਦ ਉਸਦੇ ਤੱਟ ਤੋਂ 12 ਨਾਟਿਕਲ ਮੀਲ ਤੱਕ ਮੰਨੀ ਜਾਂਦੀ ਹੈ, ਜਿਸ ਤੋਂ ਬਾਅਦ ਵਿਸ਼ੇਸ਼ ਆਰਥਿਕ ਖੇਤਰ (ਈਈ਼ਜ਼ੈੱਡ) ਸ਼ੁਰੂ ਹੁੰਦਾ ਹੈ, ਜਿੱਥੇ ਅੰਤਰਰਾਸ਼ਟਰੀ ਸਮੁੰਦਰੀ ਕਾਨੂੰਨ ਲਾਗੂ ਹੁੰਦੇ ਹਨ। ਈਰਾਨ ਦਾ ਕਹਿਣਾ ਹੈ ਕਿ ਉਸਦਾ ਜਹਾਜ਼ ਅੰਤਰਰਾਸ਼ਟਰੀ ਜਲ ਖੇਤਰ ’ਚ ਸੀ ਤੇ ਉਸ ’ਤੇ ਬਿਨਾ ਕਿਸੇ ਚਿਤਾਵਨੀ ਦੇ ਹਮਲਾ ਕੀਤਾ ਗਿਆ। ਤਹਿਰਾਨ ਨੇ ਇਸਨੂੰ ਖ਼ਤਰਨਾਕ ਮਿਸਾਲ ਦੱਸਦੇ ਹੋਏ ਕਿਹਾ ਕਿ ਅਮਰੀਕਾ ਨੂੰ ਇਸਦਾ ਪਛਤਾਵਾ ਹੋਵੇਗਾ ਤੇ ਦੁਨੀਆ ਭਰ ’ਚ ਅਮਰੀਕੀ ਜੰਗੀ ਬੇੜਾ ਹੁਣ ਉਸਦੇ ਨਿਸ਼ਾਨੇ ’ਤੇ ਹਨ। ਉੱਥੇ, ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਕਿਹਾ ਕਿ ਹਿੰਦ ਮਹਾਸਾਗਰ ’ਚ ਅਮਰੀਕਾ ਨੇ ਇਕ ਈਰਾਨੀ ਜੰਗੀ ਬੇੜੇ ਨੂੰ ਡੁਬੋ ਦਿੱਤਾ, ਜਿਸਨੂੰ ਲੱਗਾ ਕਿ ਉਹ ਅੰਤਰਰਾਸ਼ਟਰੀ ਜਲ ਖੇਤਰ ’ਚ ਸੁਰੱਖਿਅਤ ਹੈ। ਉਸਨੂੰ ਤਾਰਪੀਡੋ ਨਾਲ ਡੁਬੋ ਦਿੱਤਾ ਗਿਆ।
ਪੀਟੀਆਈ ਮੁਤਾਬਕ, ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਹਿੰਦ ਮਹਾਸਾਗਰ ’ਚ ਡੁਬੋਇਆ ਗਿਆ ਈਰਾਨੀ ਜੰਗੀ ਬੇੜਾ ਉਸ ਸਮੇਂ ਭਾਰਤ ਦਾ ਮਹਿਮਾਨ ਨਹੀਂ ਸੀ। ਹਾਲਾਂਕਿ ਈਰਾਨ ਦਾ ਦਾਅਵਾ ਹੈ ਕਿ ਆਈਆਰਆਈਐੱਸ ਡੇਨਾ ਭਾਰਤੀ ਜਲ ਸੈਨਾ ਦੇ ਸੱਦੇ ’ਤੇ ਆਇਆ ਸੀ, ਪਰ ਸਰਕਾਰੀ ਸੂਤਰਾਂ ਦੇ ਮੁਤਾਬਕ 28 ਫਰਵਰੀ ਨੂੰ ਜੰਗੀ ਬੇੜੇ ਦੇ ਐਲਾਨ ਦੇ ਬਾਅਦ ਜਹਾਜ਼ ਨੇ ਭਾਰਤ ਤੋਂ ਕਿਸੇ ਤਰ੍ਹਾਂ ਦੀ ਮਦਦ ਨਹੀਂ ਮੰਗੀ ਸੀ। ਇਸ ਦੌਰਾਨ ਸ੍ਰੀਲੰਕਾ ਦੇ ਰਾਸ਼ਟਰਪਤੀ ਤੇ ਰੱਖਿਆ ਮੰਤਰੀ ਅਨੁਰਾ ਕੁਮਾਰਾ ਦਿਸਾਨਾਇਕੇ ਨੇ ਕਿਹਾ ਕਿ ਖੇਤਰੀ ਸ਼ਾਂਤੀ ਬਣਾਏ ਰੱਖਣ ਲਈ ਜ਼ਰੂਰੀ ਕੂਟਨੀਤਕ ਦਖ਼ਲ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਅਜਰਬਾਈਜਾਨ ਨੇ ਦਿੱਤੀ ਜਵਾਬੀ ਕਾਰਵਾਈ ਦੀ ਚਿਤਾਵਨੀ
ਏਐੱਨਆਈ ਮੁਤਾਬਕ, ਅਜਰਬਾਈਜਾਨ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੇ ਦੋ ਡ੍ਰੋਨ ਉਸਦੀ ਸਰਹੱਦ ’ਚ ਸਥਿਤ ਨਖਚਿਵਨ ਖੇਤਰ ’ਚ ਡਿੱਗਣ ਨਾਲ ਚਾਰ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਚਾਰ ਡ੍ਰੋਨ ਸਰਹੱਦ ਦੇ ਉੱਪਰ ਉਡਾਣ ਭਰਦੇ ਦੇਖੇ ਗਏ। ਅਜਰਬਾਈਜਾਨ ਦੇ ਰੱਖਿਆ ਮੰਤਰਾਲੇ ਨੇ ਦੱਖਣੀ ਖੇਤਰ ਦੇ ਹਵਾਈ ਖੇਤਰ ਨੂੰ 12 ਘੰਟੇ ਲਈ ਬੰਦ ਕਰ ਦਿੱਤਾ ਤੇ ਕਿਹਾ ਕਿ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਹਰਾਈਆਂ ਗਈਆਂ ਤਾਂ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਮੰਤਰਾਲੇ ਮੁਤਾਬਕ ਇਕਡ੍ਰੋਨ ਨਖਚਿਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਟਰਮੀਨਲ ਇਮਾਰਤ ’ਤੇ ਡਿੱਗਾ, ਜੋ ਈਰਾਨ ਦੀ ਸਰਹੱਦ ਤੋਂ ਲਗਪਗ 10 ਕਿਲੋਮੀਟਰ ਅੰਦਰ ਸਥਿਤ ਹੈ। ਦੂਜਾ ਡ੍ਰੋਨ ਇਕ ਪਿੰਡ ਦੇ ਸਕੂਲ ਭਵਨ ’ਤੇ ਡਿੱਗਾ। ਫ਼ਿਲਹਾਲ ਇਹ ਜਾਂਚ ਕੀਤੀ ਜਾ ਰਹੀ ਹੈ ਇ੍ਹਾਂ ਹਮਲਿਆਂ ’ਚ ਕਿਸੇ ਤਰਵਾਂਦੇ ਡ੍ਰੋਨ ਦੀ ਵਰਤੋਂ ਹੋਈ।
ਅਜਰਬਾਈਜਾਨ ਨੇ ਕਿਹਾ ਕਿ ਦੇਸ਼ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਤੇ ਨਾਗਰਿਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਹਾਲਾਂਕਿ ਈਰਾਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ੇਮ ਗ਼ਰੀਬਾਬਾਦੀ ਨੇ ਕਿਹਾ ਕਿ ਤਿਹਰਾਨ ਨੇ ਨਖਚਿਵਨ ਨੂੰ ਨਿਸ਼ਾਨਾ ਨਹੀਂ ਬਣਾਇਆ।
ਖਾਮੇਨੇਈ ਦਾ ਸ਼ੋਕ ਪ੍ਰੋਗਰਾਮ ਟਾਲਿਆ ਗਿਆ
ਏਪੀ ਮੁਤਾਬਕ, ਅਮਰੀਕੀ ਇਜ਼ਰਾਇਲੀ ਹਵਾਈ ਹਮਲਿਆਂ ’ਚ ਮਾਰੇ ਗਏ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਸਰੀਰ ਨੂੰ ਤਿਹਰਾਨ ਦੇ ਇਕ ਪ੍ਰਾਰਥਨਾ ਸਥਾਨ ’ਚ ਤਿੰਨ ਦਿਨਾਂ ਲਈ ਜਨਤਕ ਦਰਸ਼ਨ ਲਈ ਰੱਖਿਆ ਜਾਣਾ ਸੀ, ਪਰ ਸਮਾਗਮ ਨੂੰ ਅਚਾਨਕ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਸ ਪਿੱਛੇ ਕੋਈ ਅਧਿਕਾਰਕ ਕਾਰਨ ਨਹੀਂ ਦੱਸਿਆ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਅਮਰੀਕੀ ਤੇ ਇਜ਼ਰਾਇਲੀ ਜਹਾਜ਼ਾਂ ਦੀ ਮੌਜੂਦਗੀ ਵਿਚਾਲੇ ਸੰਭਾਵਿਤ ਹਮਲੇ ਦੇ ਸ਼ੱਕ ਕਾਰਨ ਇਹ ਫ਼ੈਸਲਾ ਲਿਆ ਗਿਆ।
ਇਸ ਵਿਚਾਲੇ ਸੱਤਾ ਤਬਦੀਲੀ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ ਤੇ ਖਾਮਨੇਈ ਦੇ ਪੁੱਤਰ ਮੋਜਤਬਾ ਖਾਮਨੇਈ ਨੂੰ ਨਵਾਂ ਸੁਪਰੀਮ ਲੀਡਰ ਬਣਾਏ ਜਾਣ ਦੀ ਸੰਭਾਵਨਾ ਸਭ ਤੋਂ ਮਜ਼ਬੂਤ ਮੰਨੀ ਜਾ ਰਹੀ ਹੈ। ਮੰਨਿਆ ਜਾ ਰਿਹਾਹੈ ਕਿ ਸਸਕਾਰ ਤੋਂ ਬਾਅਦ ਨਵੇਂ ਆਗੂ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ। ਇਹ ਵੀ ਦੱਸਿਆ ਗਿਆ ਕਿ ਜਿਸ ਸਮੇਂ ਖਾਮਨੇਈ ’ਤੇ ਹਮਲਾ ਹੋਇਆ, ਉਸ ਸਮੇਂ ਮੋਜਤਬਾ ਦੇਸ਼ ’ਚ ਮੌਜੂਦ ਨਹੀਂ ਸਨ।
ਤਹਿਰਾਨ ’ਚ ਧਮਾਕੇ, ਸਰਕਾਰੀ ਟੀਵੀ ਚੈਨਲ ਹੈਕ
ਰਾਇਟਰ ਮੁਤਾਬਕ, ਤਹਿਰਾਨ ’ਚ ਵੀਰਵਾਰ ਨੂੰ ਕਈ ਇਲਾਕਿਆਂ ’ਚ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਸਥਾਨਕ ਲੋਕਾਂ ਮੁਤਾਬਕ ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਉੱਤਰੀ ਤਿਹਰਾਨ ਤੇ ਕਈ ਸਰਕਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਹਵਾਈ ਹਮਲੇ ਕੀਤੇ। ਇਜ਼ਰਾਈਲ ਦਾ ਦਾਅਵਾ ਹੈ ਕਿ ਉਸ ਨੇ ਈਰਾਨ ਦੇ ਜ਼ਮੀਨਦੋਜ਼ ਮਿਜ਼ਾਈਲ ਟਿਕਾਣਿਆਂ ਤੇ ਫ਼ੌਜੀ ਬੰਕਰਾਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਹਮਲਿਆਂ ’ਚ ਲਗਪਗ 1230 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਦੱਸਿਆ ਗਿਆ ਕਿ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੂੰ ਵੀ ਹੈਕ ਕਰ ਲਿਆ ਗਿਆ, ਜਿੱਥੇ ਕੁਝ ਸਮੇਂ ਦੇ ਈਰਾਨ ਦੇ ਅੰਤਿਮ ਸ਼ਾਹ ਦੇ ਜਲਾਵਤਨ ਪੁੱਤਰ ਰੇਜ਼ਾ ਪਹਿਲਵੀ ਦਾ ਸੰਬੋਧਨ ਪ੍ਰਸਾਰਿਤ ਹੋਣ ਲੱਗਾ। ਅਮਰੀਕਾ ਦਾ ਦਾਅਵਾ ਹੈ ਕਿ ਈਰਾਨ ’ਤੇ 2000 ਤੋਂ ਵੱਧ ਹਮਲਿਆਂ ਤੋਂ ਬਾਅਦ ਉਸ ਦੀ ਫ਼ੌਜੀ ਸਮਰੱਥਾ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਈ ਹੈ। ਇਜ਼ਰਾਈਲ ਨੇ ਕਿਹਾ ਕਿ ਉਸ ਨੇ ਈਰਾਨ ਦੇ 20 ਤੋਂ ਵੱਧ ਫ਼ੌਜੀ ਟਿਕਾਣਿਆਂ ’ਤੇ ਭਾਰੀ ਬੰਬਾਰੀ ਕੀਤੀ ਹੈ। ਇਜ਼ਰਾਈਲ ਨੇ ਰੈਵੋਲਿਊਸ਼ਨਰੀ ਗਾਰਡ ਦੇ ਸਹਿਯੋਗੀ ਸਵੈਸੇਵੀ ਬਲ ਬਾਸਿਜ ਨਾਲ ਜੁੜੀਆਂ ਇਮਾਰਤਾਂ ’ਤੇ ਹਮਲੇ ਕੀਤੇ। ਇਸ ’ਤੇ ਸਰਾਰ ਵਿਰੋਧੀ ਅੰਦੋਲਨਾਂ ਦੌਰਾਨ ਦਮਨ ਕਰਨ ਦਾ ਦੋਸ਼ ਹੈ। ਇਸ ’ਚ ਹਜ਼ਾਰਾਂ ਲੋਕ ਮਾਰੇ ਗਏ ਸਨ।
ਇਜ਼ਰਾਇਲੀ ਹਵਾਈ ਫ਼ੌਜ ਮੁਤਾਬਕ ਇਸ਼ਫਹਾਨ ਤੇ ਕੁਮ ਖੇਤਰ ’ਚ ਬੈਲਿਸਟਿਕ ਮਿਜ਼ਾਈਲ ਟਿਕਾਣੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ਼ਫਹਾਨ ’ਚ ਐਂਟੀ ਏਅਰਕ੍ਰਾਫਟ ਪ੍ਰਣਾਲੀ ਨੂੰ ਨੁਕਸਾਨ ਪੁੱਜਾ ਤੇ ਇਕ ਹੋਰ ਜਹਾਜ਼ ਤਬਾਹ ਕਰ ਦਿੱਤਾ ਗਿਆ। ਰਿਪੋਰਟਾਂ ਮੁਤਾਬਕ ਇੱਥੇ ਈਰਾਨ ਦੀ ਉੱਨਤ ‘ਗ਼ਦਰ’ ਕਰੂਜ਼ ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਜੁੜੇ ਟਿਕਾਣਿਆਂ ’ਤੇ ਵੀ ਹਮਲੇ ਕੀਤੇ ਗਏ।
ਆਪ੍ਰੇਸ਼ਨ ਟਰੂ ਪ੍ਰਮਾਮਿਸ-4 ਦੀ 19ਵੀਂ ਲਹਿਰ
ਏਐੱਨਆਈ ਮੁਤਾਬਕ, ਈਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (ਆਈਆਰਜੀਸੀ) ਨੇ ਦੱਸਿਆ ਕਿ ਇਜ਼ਰਾਈਲ ਤੇ ਪੱਛਮੀ ਏਸ਼ੀਆ ਦੇ ਹੋਰ ਟੀਚਿਆਂ ਖ਼ਿਲਾਫ਼ ‘ਆਪ੍ਰੇਸ਼ਨ ਟਰੂ ਪ੍ਰਾਮਿਸ’ ਤਹਿਤ ਹਮਲਿਆਂ ਦੀ 19ਵੀਂ ਲਹਿਰ ਸ਼ੁਰੂ ਕੀਤੀ ਗਈ। ਇਸ ਦੌਰਾਨ ਮਿਜ਼ਾਈਲਾਂ ਤੇ ਡ੍ਰੋਨ ਨਾਲ ਕਈ ਹਮਲੇ ਕੀਤੇ ਗਏ।
ਈਰਾਨੀ ਹਮਲਿਆਂ ਕਾਰਨ ਇਜ਼ਰਾਈਲ ਦੇ ਕਈ ਸ਼ਹਿਰਾਂ ’ਚ ਹਵਾਈ ਹਮਲੇ ਦੇ ਸਾਇਰਨ ਵੱਜਦੇ ਰਹੇ ਤੇ ਲੱਖਾਂ ਲੋਕਾਂ ਨੂੰ ਬੰਕਰਾਂ ’ਚ ਪਨਾਹ ਲੈਣੀ ਪਈ। ਆਈਆਰਜੀਸੀ ਨੇ ਦਾਅਵਾ ਕੀਤਾ ਕਿ ਅਮਰੀਕਾ ਤੇ ਇਜ਼ਰਾਈਲ ਦੇ ਸੱਤ ਉੱਤਨ ਰਡਾਰ ਸਿਸਟਮ ਤਬਾਹ ਕਰ ਦਿੱਤੇ ਗਏ। ਜਿਸ ਨਾਲ ਘੱਟੋ ਘੱਟ ਦੋ ਦੇਸ਼ਾਂ ਦੀ ਨਿਗਰਾਨੀ ਪ੍ਰਣਾਲੀ ਪ੍ਰਭਾਵਿਤ ਹੋਈ ਹੈ।
ਈਰਾਨ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਥਾਡ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਨਾਕਾਰਾ ਕਰ ਦਿੱਤਾ, ਜਿਸ ਤੋਂ ਬਾਅਦ ਤਲ ਅਵੀਵ ਤੇ ਬੇਨ ਗੁਰੀਅਨ ਹਵਾਈ ਅੱਡੇ ਸਮੇਤ ਕਈ ਖੇਤਰਾਂ ’ਚ ਮਿਜ਼ਾਈਲਾਂ ਡਿੱਗੀਆਂ। ਸੈਂਕੜੇ ਬੈਲਿਸਟਿਕ ਮਿਜ਼ਾਈਲਾਂ ਤੇ ਡ੍ਰੋਨ ਨਾਲਕੀਤੇ ਗਏ ਹਮਲਿਆਂ ’ਚ ਤਲ ਅਵੀਵ ਤੇ ਯਰੂਸ਼ਲਮ ਦੇ ਨਾਲ ਨਾਲ ਕੁਵੈਤ, ਬਿਹਰੀਨ ਤੇ ਕਤਰ ’ਚ ਮੌਜੂਦ ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਆਈਆਰਜੀਸੀ ਨੇ ਅਮਰੀਕੀ ਜਹਾਜ਼ ਵਾਹਕ ਬੇੜੇ ਯੂਐੱਸਐੱਸ ਅਬਰਾਹਮ ਲਿੰਕਨ(ਸੀਵੀਐੱਨ 72) ਤੇ ਹਿੰਦ ਮਹਾਸਾਗਰ ’ਚ ਤਾਇਨਾਤ ਇਕ ਅਮਰੀਕੀ ਤਬਾਹਕਾਰੀ ਬੇੜੇ ਨੂੰ ਵੀ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਬਹਿਰੀਨ ’ਚ ਸਥਿਤ ਅਮੇਜ਼ਨ ਦੇ ਸਭ ਤੋਂਵੱਡੇ ਅਮਰੀਕੀ ਡਾਟਾ ਸੈਂਟਰ ’ਤੇ ਵੀ ਹਮਲੇ ਦੀ ਖ਼ਬਰ ਹੈ, ਜਿਸ ਨੂੰ ਈਰਾਨੀ ਮੀਡੀਆ ਮੁਤਾਬਕ ਗੰਭੀਰ ਨੁਕਸਾਨ ਪੁੱਜਾ ਹੈ।