ਚੀਨ 'ਚ 'ਵਨ-ਚਾਈਲਡ ਪਾਲਿਸੀ' ਖ਼ਤਮ ਹੋਏ 10 ਸਾਲ ਪੂਰੇ: ਬੱਚੇ ਪੈਦਾ ਕਰਨ ਲਈ ਤਰਲੇ ਪਾ ਰਹੀ ਸਰਕਾਰ ਪਰ ਜਨਤਾ ਤਿਆਰ ਨਹੀਂ!
ਚੀਨੀ ਅਧਿਕਾਰੀਆਂ ਨੂੰ ਹੁਣ ਸਭ ਤੋਂ ਵੱਡਾ ਡਰ ਇਹ ਹੈ ਕਿ ਚੀਨ ਅਮੀਰ ਹੋਣ ਤੋਂ ਪਹਿਲਾਂ ਹੀ 'ਬੁੱਢਾ' ਹੋ ਜਾਵੇਗਾ। ਇਹ ਸਥਿਤੀ ਉਸ ਨੂੰ ਜਪਾਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਤੋਂ ਵੱਖ ਕਰਦੀ ਹੈ, ਕਿਉਂਕਿ ਉਨ੍ਹਾਂ ਦੇਸ਼ਾਂ ਦੀ ਆਰਥਿਕਤਾ ਚੀਨ ਦੇ ਮੁਕਾਬਲੇ ਜ਼ਿਆਦਾ ਵਿਕਸਿਤ ਹੈ।
Publish Date: Thu, 01 Jan 2026 02:55 PM (IST)
Updated Date: Thu, 01 Jan 2026 04:25 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਚੀਨ ਇਸ ਸਮੇਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਕਰ ਰਿਹਾ ਹੈ ਤਾਂ ਜੋ ਦੇਸ਼ ਦੀ ਜਨਸੰਖਿਆ (Demography) 'ਤੇ ਬੁਰਾ ਅਸਰ ਨਾ ਪਵੇ। ਚੀਨ ਨੇ ਆਪਣੀ ਵਿਵਾਦਿਤ 'ਇੱਕ-ਬੱਚਾ' (One-Child Policy) ਨੀਤੀ ਨੂੰ ਕਰੀਬ ਇੱਕ ਦਹਾਕਾ ਪਹਿਲਾਂ ਖ਼ਤਮ ਕਰ ਦਿੱਤਾ ਸੀ, ਪਰ ਫਿਰ ਵੀ ਨਾਗਰਿਕਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਦੀ ਸਰਕਾਰੀ ਸਲਾਹ ਰਾਸ ਨਹੀਂ ਆ ਰਹੀ।
ਦਰਅਸਲ, ਲੋਕਾਂ ਦਾ ਮੰਨਣਾ ਹੈ ਕਿ ਪਰਿਵਾਰ ਵਿੱਚ ਵੱਧ ਜੀਅ ਹੋਣ ਦਾ ਮਤਲਬ ਰੋਜ਼ਾਨਾ ਦੇ ਖਰਚਿਆਂ ਵਿੱਚ ਵਾਧਾ ਹੈ। ਇਸ ਕਾਰਨ ਕਈ ਪਰਿਵਾਰ ਇੱਕ ਤੋਂ ਵੱਧ ਬੱਚਾ ਪੈਦਾ ਨਹੀਂ ਕਰਨਾ ਚਾਹੁੰਦੇ। ਦਹਾਕਿਆਂ ਤੱਕ ਚੱਲੀ ਇਸ ਸਖ਼ਤ ਨੀਤੀ ਕਾਰਨ ਹੁਣ ਚੀਨ ਦੇ ਸਾਹਮਣੇ ਜਨਸੰਖਿਆ ਦਾ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ।
ਨੀਤੀ ਖ਼ਤਮ ਹੋਏ 10 ਸਾਲ ਪੂਰੇ
1 ਜਨਵਰੀ ਨੂੰ ਚੀਨ ਦੀ 'ਵਨ-ਚਾਈਲਡ ਪਾਲਿਸੀ' ਨੂੰ ਖ਼ਤਮ ਹੋਇਆਂ ਪੂਰੇ 10 ਸਾਲ ਹੋ ਗਏ ਹਨ। ਸਰਕਾਰ ਨੂੰ ਅਹਿਸਾਸ ਹੋਇਆ ਸੀ ਕਿ ਡਿੱਗਦੀ ਜਨਮ ਦਰ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ (Economy) ਦੀ ਰਫ਼ਤਾਰ ਨੂੰ ਰੋਕ ਸਕਦੀ ਹੈ। ਪਰ ਕਈ ਰਿਆਇਤਾਂ ਦੇ ਬਾਵਜੂਦ ਆਬਾਦੀ ਵਧਾਉਣ ਵਿੱਚ ਸਫਲਤਾ ਨਹੀਂ ਮਿਲੀ।
ਸੰਯੁਕਤ ਰਾਸ਼ਟਰ ਦੇ ਅੰਕੜੇ ਦੱਸਦੇ ਹਨ ਕਿ ਚੀਨ ਦੀ 1.4 ਅਰਬ ਦੀ ਆਬਾਦੀ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕ ਹੁਣ 20% ਤੋਂ ਵੱਧ ਹਨ ਅਤੇ 2100 ਤੱਕ ਇਹ ਗਿਣਤੀ ਹੈਰਾਨੀਜਨਕ ਤੌਰ 'ਤੇ ਅੱਧੀ ਆਬਾਦੀ ਹੋ ਸਕਦੀ ਹੈ। ਇਹ ਸੱਚਾਈ ਚੀਨ ਦੀ ਆਰਥਿਕਤਾ ਅਤੇ ਅਮਰੀਕਾ ਦਾ ਮੁਕਾਬਲਾ ਕਰਨ ਦੀ ਉਸ ਦੀ ਫੌਜੀ ਇੱਛਾ 'ਤੇ ਵੀ ਅਸਰ ਪਾ ਸਕਦੀ ਹੈ।
ਅਮੀਰ ਹੋਣ ਤੋਂ ਪਹਿਲਾਂ ਬੁੱਢਾ ਹੋਣ ਦਾ ਡਰ
ਚੀਨੀ ਅਧਿਕਾਰੀਆਂ ਨੂੰ ਹੁਣ ਸਭ ਤੋਂ ਵੱਡਾ ਡਰ ਇਹ ਹੈ ਕਿ ਚੀਨ ਅਮੀਰ ਹੋਣ ਤੋਂ ਪਹਿਲਾਂ ਹੀ 'ਬੁੱਢਾ' ਹੋ ਜਾਵੇਗਾ। ਇਹ ਸਥਿਤੀ ਉਸ ਨੂੰ ਜਪਾਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਤੋਂ ਵੱਖ ਕਰਦੀ ਹੈ, ਕਿਉਂਕਿ ਉਨ੍ਹਾਂ ਦੇਸ਼ਾਂ ਦੀ ਆਰਥਿਕਤਾ ਚੀਨ ਦੇ ਮੁਕਾਬਲੇ ਜ਼ਿਆਦਾ ਵਿਕਸਿਤ ਹੈ।
ਯਾਦ ਰਹੇ ਕਿ 1980 ਵਿੱਚ ਲਾਗੂ ਕੀਤੀ ਗਈ 'ਵਨ-ਚਾਈਲਡ ਪਾਲਿਸੀ' ਦਾ ਮਕਸਦ ਤੇਜ਼ੀ ਨਾਲ ਵਧ ਰਹੀ ਆਬਾਦੀ ਨੂੰ ਰੋਕਣਾ ਸੀ ਤਾਂ ਜੋ ਦੇਸ਼ ਨੂੰ ਗਰੀਬੀ ਵਿੱਚੋਂ ਕੱਢਿਆ ਜਾ ਸਕੇ। ਪਰ ਹੁਣ ਹਾਲਾਤ ਬਿਲਕੁਲ ਉਲਟ ਹੋ ਗਏ ਹਨ ਅਤੇ ਚੀਨੀ ਨੇਤਾ ਸ਼ੀ ਜਿਨਪਿੰਗ ਜਨਸੰਖਿਆ ਸੁਰੱਖਿਆ ਨੂੰ ਰਾਸ਼ਟਰੀ ਤਰਜੀਹ ਬਣਾ ਰਹੇ ਹਨ।