ਅਮਰੀਕਾ: 'ਸ਼ਰਤਾਂ ਮੰਨੋ ਜਾਂ ਬਲੈਕਲਿਸਟ ਹੋ ਜਾਓ', ਟਰੰਪ ਪ੍ਰਸ਼ਾਸਨ ਨੇ AI ਕੰਪਨੀਆਂ ਨੂੰ ਦਿੱਤਾ ਅਲਟੀਮੇਟਮ
ਕੰਪਨੀ ਨੇ ਆਪਣੀ ਸਖ਼ਤ 'ਰਿਸਪੌਂਸੀਬਲ ਸਕੇਲਿੰਗ ਪਾਲਿਸੀ' ਨੂੰ ਹਟਾ ਕੇ 'ਫਰੰਟੀਅਰ ਸੇਫਟੀ ਰੋਡਮੈਪ' ਨੂੰ ਅਪਣਾਇਆ ਹੈ। ਪਹਿਲਾਂ ਜੋ ਸੁਰੱਖਿਆ ਨਿਯਮ 'ਲਾਜ਼ਮੀ' ਸਨ, ਉਹ ਹੁਣ ਸਿਰਫ਼ 'ਲਚਕਦਾਰ ਟੀਚੇ' ਰਹਿ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਹ ਕਦਮ ਪੈਂਟਾਗਨ ਦੇ ਦਬਾਅ ਹੇਠ ਚੁੱਕਿਆ ਹੈ।
Publish Date: Thu, 26 Feb 2026 03:48 PM (IST)
Updated Date: Thu, 26 Feb 2026 03:49 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਅਮਰੀਕਾ ਵਿੱਚ AI ਦੇ ਫੌਜੀ ਇਸਤੇਮਾਲ ਨੂੰ ਲੈ ਕੇ ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਅਤੇ ਵੱਡੀਆਂ ਟੈਕ ਕੰਪਨੀਆਂ ਵਿਚਕਾਰ ਟਕਰਾਅ ਸਿਖਰ 'ਤੇ ਪਹੁੰਚ ਗਿਆ ਹੈ। ਪੈਂਟਾਗਨ ਨੇ AI ਸਟਾਰਟਅੱਪ ਐਂਥ੍ਰੋਪਿਕ (Anthropic) ਨੂੰ ਅਲਟੀਮੇਟਮ ਦਿੰਦੇ ਹੋਏ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਬਿਨਾਂ ਮਨੁੱਖੀ ਦਖਲਅੰਦਾਜ਼ੀ ਵਾਲੇ AI ਟੂਲਜ਼ ਵਿਕਸਿਤ ਕਰਨ।
ਰੱਖਿਆ ਸਕੱਤਰ ਪੀਟ ਹੇਗਸੇਥ ਨੇ ਕੰਪਨੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਸ਼ਰਤਾਂ ਮੰਨੋ ਜਾਂ ਫਿਰ ਬਲੈਕਲਿਸਟ ਹੋਣ ਲਈ ਤਿਆਰ ਰਹੋ। ਦਰਅਸਲ, ਟਰੰਪ ਸਰਕਾਰ ਚਾਹੁੰਦੀ ਹੈ ਕਿ AI ਦੀ ਵਰਤੋਂ ਬਿਨਾਂ ਕਿਸੇ ਮਨੁੱਖੀ ਦਖਲ ਦੇ ਜੰਗ ਅਤੇ ਸਮੂਹਿਕ ਨਿਗਰਾਨੀ ਲਈ ਕੀਤੀ ਜਾਵੇ। ਇਨ੍ਹਾਂ ਸਭ ਦੇ ਵਿਚਕਾਰ ਐਂਥ੍ਰੋਪਿਕ ਨੇ ਆਪਣੀਆਂ ਦੋ ਸਾਲ ਪੁਰਾਣੀਆਂ ਸਖ਼ਤ ਸੁਰੱਖਿਆ ਨੀਤੀਆਂ ਵਿੱਚ ਵੱਡਾ ਬਦਲਾਅ ਕਰਕੇ ਉਨ੍ਹਾਂ ਨੂੰ ਲਚਕਦਾਰ ਬਣਾ ਦਿੱਤਾ ਹੈ, ਜਿਸ ਨੂੰ ਵਿਸ਼ਵ ਸੁਰੱਖਿਆ ਲਈ ਇੱਕ ਵੱਡੇ ਸਮਝੌਤੇ ਵਜੋਂ ਦੇਖਿਆ ਜਾ ਰਿਹਾ ਹੈ।
ਕੰਪਨੀ ਨੇ ਆਪਣੀ ਸਖ਼ਤ 'ਰਿਸਪੌਂਸੀਬਲ ਸਕੇਲਿੰਗ ਪਾਲਿਸੀ' ਨੂੰ ਹਟਾ ਕੇ 'ਫਰੰਟੀਅਰ ਸੇਫਟੀ ਰੋਡਮੈਪ' ਨੂੰ ਅਪਣਾਇਆ ਹੈ। ਪਹਿਲਾਂ ਜੋ ਸੁਰੱਖਿਆ ਨਿਯਮ 'ਲਾਜ਼ਮੀ' ਸਨ, ਉਹ ਹੁਣ ਸਿਰਫ਼ 'ਲਚਕਦਾਰ ਟੀਚੇ' ਰਹਿ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਹ ਕਦਮ ਪੈਂਟਾਗਨ ਦੇ ਦਬਾਅ ਹੇਠ ਚੁੱਕਿਆ ਹੈ।
ਵਿਰੋਧੀ ਦੇਸ਼ ਤੇਜ਼ੀ ਨਾਲ ਵੱਧ ਰਹੇ ਹਨ ਅੱਗੇ
ਕੰਪਨੀ ਦੇ ਸੀ.ਈ.ਓ. ਡਾਰੀਓ ਅਮੋਦੇਈ ਨੇ ਆਪਣੀ ਨੀਤੀ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ, "ਜੇਕਰ ਵਿਰੋਧੀ ਤੇਜ਼ੀ ਨਾਲ ਅੱਗੇ ਵਧ ਰਹੇ ਹਨ, ਤਾਂ ਸਾਡੇ ਵੱਲੋਂ ਇਕਪਾਸੜ AI ਟ੍ਰੇਨਿੰਗ ਰੋਕਣਾ ਅਸਲ ਵਿੱਚ ਦੁਨੀਆ ਨੂੰ ਘੱਟ ਸੁਰੱਖਿਅਤ ਬਣਾ ਦੇਵੇਗਾ। ਅਜਿਹੇ ਵਿੱਚ ਲੋੜ ਅਨੁਸਾਰ ਬਦਲਾਅ ਸਮੇਂ ਦੀ ਮੰਗ ਹੈ।"
ਭਾਰਤ ਦੀਆਂ ਟੌਪ-5 IT ਕੰਪਨੀਆਂ ਤੋਂ ਵੀ ਵੱਧ ਹੈ ਐਂਥ੍ਰੋਪਿਕ ਦੀ ਵੈਲਿਊ
ਪੰਜ ਸਾਲ ਪੁਰਾਣੀ ਕੰਪਨੀ ਐਂਥ੍ਰੋਪਿਕ ਦੀ ਮਾਰਕੀਟ ਵੈਲਿਊ ਲਗਪਗ 31.92 ਲੱਖ ਕਰੋੜ ਰੁਪਏ ਹੋ ਗਈ ਹੈ। ਇਹ ਭਾਰਤ ਦੀਆਂ ਟੌਪ-5 ਆਈ.ਟੀ. ਕੰਪਨੀਆਂ—TCS, ਇਨਫੋਸਿਸ, ਵਿਪਰੋ, HCL ਟੈਕ ਅਤੇ ਟੈਕ ਮਹਿੰਦਰਾ—ਦੀ ਸਾਂਝੀ ਮਾਰਕੀਟ ਕੈਪ (ਲਗਪਗ 20.16 ਲੱਖ ਕਰੋੜ ਰੁਪਏ) ਤੋਂ ਵੀ ਕਿਤੇ ਵੱਧ ਹੈ।