ਮੁੜ ਚੰਨ ਦੇ ਰਾਹ ’ਤੇ ਇਨਸਾਨ, 6 ਮਾਰਚ ਨੂੰ ਨਾਸਾ ਭੇਜੇਗਾ ਚਾਰ ਪੁਲਾੜ ਯਾਤਰੀ, 1972 ਮਗਰੋਂ ਪਹਿਲੀ ਵਾਰੀ ਇਨਸਾਨ ਚੰਨ ਦੇ ਜਾਵੇਗਾ ਨਜ਼ਦੀਕ
ਇਹ ਇਕ ਤਰ੍ਹਾਂ ਦੀ ਪੂਰੀ ਕਾਊਂਟਡਾਊਨ ਰਿਹਰਸਲ ਹੁੰਦੀ ਹੈ, ਜਿਸ ਵਿਚ ਰਾਕੇਟ ’ਚ ਜ਼ਿਆਦਾ ਠੰਢਾ ਈਂਧਨ ਭਰਿਆ ਜਾਂਦਾ ਹੈ। ਪਹਿਲੀ ਕੋਸ਼ਿਸ਼ ਦੌਰਾਨ ਹਾਈਡ੍ਰੋਜਨ ਗੈਸ ਦਾ ਰਿਸਾਅ ਮਿਲਿਆ ਸੀ, ਜਿਸ ਕਾਰਨ ਲਾਂਚਿੰਗ ਟਾਲਣੀ ਪਈ ਤੇ ਇੰਜੀਨੀਅਰਾਂ ਨੇ ਵਿਸਥਾਰਤ ਤਕਨੀਕੀ ਜਾਂਚ ਕੀਤੀ। ਹੁਣ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਰਿਸਾਅ ਦੀ ਸਮੱਸਿਆ ਦੂਰ ਕਰ ਦਿੱਤੀ ਗਈ ਹੈ ਤੇ ਹਾਲੀਆ ਪ੍ਰੀਖਣ ’ਚ ਕੋਈ ਗੜਬੜੀ ਨਹੀਂ ਮਿਲੀ।
Publish Date: Sun, 22 Feb 2026 08:20 AM (IST)
Updated Date: Sun, 22 Feb 2026 08:23 AM (IST)
ਵਾਸ਼ਿੰਗਟਨ (ਏਜੰਸੀ) : 1972 ਤੋਂ ਬਾਅਦ ਪਹਿਲੀ ਵਾਰੀ ਇਨਸਾਨ ਚੰਨ ਦੇ ਨੇੜੇ ਪਹੁੰਚਣ ਜਾ ਰਿਹਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣੇ ਮਨੁੱਖੀ ਮਿਸ਼ਨ ਆਰਟੇਮਿਸ-2 ਦੀ ਲਾਂਚਿੰਗ ਲਈ 6 ਮਾਰਚ ਦਾ ਟੀਚਾ ਤੈਅ ਕੀਤਾ ਹੈ। ਇਸ ਮਿਸ਼ਨ ਤਹਿਤ ਚਾਰ ਪੁਲਾੜ ਯਾਤਰੀ ਚੰਨ ਦੀ ਪਰਿਕਰਮਾ ਕਰਨਗੇ। ਲਾਂਚਿੰਗ ਤੋਂ ਪਹਿਲਾਂ ਦੀ ਮਹੱਤਵਪੂਰਨ ਵੈੱਟ ਡਰੈੱਸ ਰਿਹਰਸਲ ਪ੍ਰਕਿਰਿਆ ਇਸ ਹਫਤੇ ਸਫਲਤਾ ਨਾਲ ਪੂਰੀ ਕਰ ਲਈ ਗਈ। ਇਹ ਇਕ ਤਰ੍ਹਾਂ ਦੀ ਪੂਰੀ ਕਾਊਂਟਡਾਊਨ ਰਿਹਰਸਲ ਹੁੰਦੀ ਹੈ, ਜਿਸ ਵਿਚ ਰਾਕੇਟ ’ਚ ਜ਼ਿਆਦਾ ਠੰਢਾ ਈਂਧਨ ਭਰਿਆ ਜਾਂਦਾ ਹੈ। ਪਹਿਲੀ ਕੋਸ਼ਿਸ਼ ਦੌਰਾਨ ਹਾਈਡ੍ਰੋਜਨ ਗੈਸ ਦਾ ਰਿਸਾਅ ਮਿਲਿਆ ਸੀ, ਜਿਸ ਕਾਰਨ ਲਾਂਚਿੰਗ ਟਾਲਣੀ ਪਈ ਤੇ ਇੰਜੀਨੀਅਰਾਂ ਨੇ ਵਿਸਥਾਰਤ ਤਕਨੀਕੀ ਜਾਂਚ ਕੀਤੀ। ਹੁਣ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਰਿਸਾਅ ਦੀ ਸਮੱਸਿਆ ਦੂਰ ਕਰ ਦਿੱਤੀ ਗਈ ਹੈ ਤੇ ਹਾਲੀਆ ਪ੍ਰੀਖਣ ’ਚ ਕੋਈ ਗੜਬੜੀ ਨਹੀਂ ਮਿਲੀ।
ਪੁਲਾੜ ਯਾਤਰੀ ਛੇਤੀ ਹੀ ਸਾਫਟ ਕੁਆਰੰਟੀਨ ’ਚ ਜਾਣਗੇ
ਇਸ ਮਿਸ਼ਨ ਲਈ ਪੁਲਾੜ ਲਾਂਚਿੰਗ ਪ੍ਰਣਾਲੀ (ਐੱਸਐੱਲਐੱਸ) ਰਾਕੇਟ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨੂੰ ਨਾਸਾ ਦਾ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਮੰਨਿਆ ਜਾਂਦਾ ਹੈ। ਇਹੀ ਰਾਕੇਟ ਪੁਲਾੜ ਯਾਤਰੀਆਂ ਨੂੰ ਓਰੀਅਨ ਯਾਨ ’ਚ ਲੈ ਕੇ ਚੰਨ ਦੀ ਦਿਸ਼ਾ ’ਚ ਭੇਜੇਗਾ। ਅਗਲੇ ਹਫਤੇ ਦੇ ਅੰਤ ਤੱਕ ਉਡਾਣ ਤਿਆਰੀ ਸਮੀਖਿਆ ਕੀਤੀ ਜਾਵੇਗੀ, ਜਿਸ ਵਿਚ ਰਾਕੇਟ ਦੇ ਇੰਜਣ, ਏਵੀਓਨਿਕਸ, ਲਾਈਫ ਸਪੋਰਟ ਸਿਸਟਮ ਤੇ ਹੋਰ ਸਾਰੇ ਤਕਨੀਕੀ ਪਹੁਲੂਆਂ ਦੀ ਸਮੀਖਿਆ ਕੀਤੀ ਜਾਵੇਗੀ। ਪੂਰੀ ਤਰ੍ਹਾਂ ਸੰਤੁਸ਼ਟ ਹੋਣ ਤੋਂ ਬਾਅਦ ਹੀ ਅੰਤਿਮ ਲਾਂਚਿੰਗ ਦੀ ਮਨਜ਼ੂਰੀ ਦਿੱਤੀ ਜਾਵੇਗੀ। ਸੁਰੱਖਿਆ ਨੂੰ ਸਰਬਉੱਚ ਤਰਜੀਹ ਦੱਸਦੇ ਹੋਏ ਨਾਸਾ ਨੇ ਇਹ ਵੀ ਕਿਹਾ ਕਿ ਪੁਲਾੜ ਯਾਤਰੀ ਛੇਤੀ ਹੀ ਸਾਫਟ ਕੁਆਰੰਟੀਨ ’ਚ ਜਾਣਗੇ ਤਾਂ ਜੋ ਮਿਸ਼ਨ ਤੋਂ ਪਹਿਲਾਂ ਉਨ੍ਹਾਂ ਦੀ ਸਿਹਤ ਪੂਰੀ ਤਰ੍ਹਾਂ ਸੁਰੱਖਿਅਤ ਰਹੇ।