ਉੱਧਰ, ਨਾਟੋ ਨੇ ਵੀ ਪੱਛਮੀ ਏਸ਼ੀਆ ਵਿਚ ਵੱਧ ਰਹੇ ਤਣਾਅ ਕਾਰਨ ਇਰਾਕ ਵਿਚ ਆਪਣੇ ਗੈਰ-ਜੰਗੀ ਸਿਖਲਾਈ ਮਿਸ਼ਨ ਵਿਚ ਅਸਥਾਈ ਤਬਦੀਲੀ ਕਰਨ ਦਾ ਐਲਾਨ ਕੀਤਾ ਹੈ।

ਵਾਸ਼ਿੰਗਟਨ (ਰਾਇਟਰ) : ਅਮਰੀਕਾ ਤੇ ਨਾਟੋ ਵਿਚਾਲੇ ਕੁੜੱਤਣ ਹੋਰ ਵੱਧ ਗਈ ਹੈ। ਇਜ਼ਰਾਈਲ-ਅਮਰੀਕਾ ਅਤੇ ਈਰਾਨ ਦਰਮਿਆਨ ਚੱਲ ਰਹੀ ਜੰਗ ਵਿਚ ਨਾਟੋ ਦੇ ਸਾਥੀਆਂ ਤੋਂ ਉਮੀਦ ਮੁਤਾਬਕ ਪੂਰਾ ਸਹਿਯੋਗ ਨਾ ਮਿਲਣ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਗੁੱਸੇ ਵਿਚ ਹਨ। ਟਰੰਪ ਨੇ ਸ਼ੁੱਕਰਵਾਰ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਭਾਈਵਾਲਾਂ ’ਤੇ ਭੜਾਸ ਕੱਢੀ ਅਤੇ ਅਮਰੀਕਾ ਦੇ ਇਨ੍ਹਾਂ ਲੰਬੇ ਸਮੇਂ ਦੇ ਭਾਈਵਾਲਾਂ ਨੂੰ ਬੁਜ਼ਦਿਲ ਕਿਹਾ। ਟਰੰਪ ਨੇ ਚਿਤਾਵਨੀ ਦਿੱਤੀ ਕਿ ਉਹ ਹੋਰਮੁਜ਼ ਜਲਡਮਰੂਮੱਧ ਨੂੰ ਖੋਲ੍ਹਣ ਵਿਚ ਮਦਦ ਕਰਨ ਤੋਂ ਮਨ੍ਹਾ ਕਰਨ ਦੀ ਗੱਲ ਯਾਦ ਰੱਖਣਗੇ। ਨਾਟੋ ਇਕ ਫ਼ੌਜੀ ਗੱਠਜੋੜ ਹੈ ਅਤੇ ਅਮਰੀਕਾ ਵੀ ਇਸ ਦਾ ਮੈਂਬਰ ਹੈ। ਉੱਧਰ, ਨਾਟੋ ਨੇ ਵੀ ਪੱਛਮੀ ਏਸ਼ੀਆ ਵਿਚ ਵੱਧ ਰਹੇ ਤਣਾਅ ਕਾਰਨ ਇਰਾਕ ਵਿਚ ਆਪਣੇ ਗੈਰ-ਜੰਗੀ ਸਿਖਲਾਈ ਮਿਸ਼ਨ ਵਿਚ ਅਸਥਾਈ ਤਬਦੀਲੀ ਕਰਨ ਦਾ ਐਲਾਨ ਕੀਤਾ ਹੈ।
ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਅਮਰੀਕਾ ਤੋਂ ਬਿਨਾਂ ਨਾਟੋ ਕਾਗ਼ਜ਼ੀ ਸ਼ੇਰ ਹੈ!’ ਟਰੰਪ ਨੇ ਅਮਰੀਕਾ ਦੇ ਪ੍ਰਮੁੱਖ ਭਾਈਵਾਲਾਂ ਤੇ ਹੋਰਨਾਂ ਦੇਸ਼ਾਂ ਤੋਂ ਈਰਾਨ ਦੇ ਕੰਟਰੋਲ ਵਾਲੇ ਹੋਰਮੁਜ਼ ਜਲਡਮਰੂਮੱਧ ਵਿਚੋਂ ਹੋ ਕੇ ਜਾਣ ਵਾਲੇ ਜਹਾਜ਼ਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ। ਈਰਾਨ ਦੀ ਦੱਖਣੀ ਸਰਹੱਦ ’ਤੇ ਸਥਿਤ ਹੋਰਮੁਜ਼ ਜਲਡਮਰੂਮੱਧ ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਤੇ ਅਰਬ ਸਾਗਰ ਨਾਲ ਜੋੜਦਾ ਹੈ। ਈਰਾਨ ਨੇ ਇਸ ਜਲਮਾਰਗ ਤੋਂ ਆਵਾਜਾਈ ਲਗਪਗ ਰੋਕ ਦਿੱਤੀ ਹੈ ਜਿਸ ਨਾਲ ਦੁਨੀਆ ਭਰ ਵਿਚ ਤੇਲ ਦੀ ਸਪਲਾਈ ਪ੍ਰਭਾਵਿਤ ਹੋ ਗਈ ਹੈ।
ਟਰੰਪ ਨੇ ਲਿਖਿਆ, ‘ਹੁਣ ਜਦੋਂ ਜੰਗ ਫ਼ੌਜੀ ਤੌਰ ’ਤੇ ਜਿੱਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਲਈ ਖ਼ਤਰਾ ਬਹੁਤ ਘੱਟ ਹੈ ਤਾਂ ਉਹ ਤੇਲ ਦੀਆਂ ਉੱਚ ਕੀਮਤਾਂ ਦੀ ਸ਼ਿਕਾਇਤ ਕਰਦੇ ਹਨ ਪਰ ਹੋਰਮੁਜ਼ ਜਲਡਮਰੂਮੱਧ ਨੂੰ ਖੋਲ੍ਹਣ ਵਿਚ ਮਦਦ ਨਹੀਂ ਕਰਨਾ ਚਾਹੁੰਦੇ ਜਿਹੜੀ ਇਕ ਆਮ ਫ਼ੌਜੀ ਕਾਰਵਾਈ ਹੈ ਅਤੇ ਤੇਲ ਦੀਆਂ ਉੱਚ ਕੀਮਤਾਂ ਦਾ ਇੱਕੋ-ਇਕ ਕਾਰਨ ਹੈ। ਉਨ੍ਹਾਂ ਲਈ ਇਹ ਕਰਨਾ ਕਿੰਨਾ ਆਸਾਨ ਹੈ ਅਤੇ ਇਸ ਵਿਚ ਖ਼ਤਰਾ ਵੀ ਬਹੁਤ ਘੱਟ ਹੈ। ‘ਬੁਜ਼ਦਿਲ. ਤੇ ਅਸੀਂ ਯਾਦ ਰੱਖਾਂਗੇ!’
ਟਰੰਪ ਨੇ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਜੰਗ ਸ਼ੁਰੂ ਕਰਨ ਤੋਂ ਬਾਅਦ ਹੋਰਮੁਜ਼ ਜਲਡਮਰੂਮੱਧ ਦੀ ਸੁਰੱਖਿਆ ਲਈ ਨਾਟੋ ਤੋਂ ਮਦਦ ਮੰਗੀ। ਸ਼ੁਰੂਆਤ ਵਿਚ ਬਰਤਾਨੀਆ ਨੇ ਜੰਗੀ ਬੇੜੇ ਭੇਜਣ ਦੀ ਤਜਵੀਜ਼ ਠੁਕਰਾ ਦਿੱਤੀ। ਯੂਰਪੀ ਸਾਥੀਆਂ ਨੇ ਈਰਾਨ ਜੰਗ ਨੂੰ ਰੱਖਿਆਤਮਕ ਕਾਰਵਾਈ ਨਹੀਂ ਸਗੋਂ ਸਵੈ-ਇੱਛਾ ਨਾਲ ਲੜੀ ਗਈ ਜੰਗ ਦੱਸਿਆ ਹੈ।
ਨਾਟੋ ਦੀ ਤਰਜ਼ਮਾਨ ਐਲਿਸਨ ਹਾਰਟ ਨੇ ਕਿਹਾ, ‘ਅਸੀਂ ਨਾਟੋ ਮਿਸ਼ਨ ਇਰਾਕ ਦੇ ਸੰਦਰਭ ਵਿਚ ਆਪਣੀ ਸਥਿਤੀ ਵਿਚ ਤਬਦੀਲੀ ਕਰ ਰਹੇ ਹਾਂ। ਸਾਡੇ ਮੁਲਾਜ਼ਮਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।’ ਉਨ੍ਹਾਂ ਨੇ ਇਸ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ। ਨਾਟੋ ਤੇ ਇਰਾਕ ਵਿਚਾਲੇ ਰਾਜਨੀਤਕ ਗੱਲਬਾਤ ਤੇ ਵਿਹਾਰਕ ਸਹਿਯੋਗ ਜਾਰੀ ਰਹੇਗਾ।
ਏਪੀ ਅਨੁਸਾਰ, ਨਾਟੋ ਨੇ ਇਰਾਕ ਵਿਚ ਆਪਣੇ ਮਿਸ਼ਨ ਵਿਚ ਸ਼ਾਮਲ ਮੁਲਾਜ਼ਮਾਂ ਨੂੰ ਯੂਰਪ ਭੇਜ ਦਿੱਤਾ ਹੈ। ਨਾਟੋ ਦੇ ਸਿਖਰਲੇ ਕਮਾਂਡਰ, ਜਨਰਲ ਐਲੇਕਸਸ ਗ੍ਰਿੰਕੇਵਿਚ ਨੇ ਕਿਹਾ ਕਿ ਆਖਰੀ ਸਿਪਾਹੀ ਸ਼ੁੱਕਰਵਾਰ ਨੂੰ ਰਵਾਨਾ ਹੋਏ। ਇਹ ਮਿਸ਼ਨ 2018 ਵਿਚ ਇਰਾਕੀ ਅਧਿਕਾਰੀਆਂ ਨੂੰ ਪ੍ਰਭਾਵਸ਼ਾਲੀ ਸੰਸਥਾਵਾਂ ਤੇ ਬਲਾਂ ਦੇ ਵਿਕਾਸ ਅਤੇ ਨਿਰਮਾਣ ਦੇ ਤਰੀਕਿਆਂ ’ਤੇ ਸਲਾਹ ਦੇਣ ਲਈ ਸ਼ੁਰੂ ਕੀਤਾ ਗਿਆ ਸੀ। ਇਹ ਮਿਸ਼ਨ ਮੁੱਖ ਤੌਰ ’ਤੇ ਬਗਦਾਦ ਦੇ ਆਸ-ਪਾਸ ਕੰਮ ਕਰਦਾ ਹੈ। ਹੁਣ ਇਸ ਮਿਸ਼ਨ ਨੂੰ ਇਟਲੀ ਦੇ ਨੇਪਲਜ਼ ਸਥਿਤ ਨਾਟੋ ਦੇ ਮੁੱਖ ਦਫਤਰ ਤੋਂ ਆਪਰੇਟ ਕੀਤਾ ਜਾਵੇਗਾ।
ਹੁਣ ਚੀਨ ਤੇ ਹਿੰਦ-ਪ੍ਰਸ਼ਾਂਤ ਖੇਤਰ ’ਤੇ ਵਾਸ਼ਿੰਗਟਨ ਦਾ ਜ਼ੋਰ
ਆਈਏਐੱਨਐੱਸ ਮੁਤਾਬਕ, ਅਮਰੀਕਾ ਯੂਰਪ ’ਤੇ ਦਬਾਅ ਪਾ ਰਿਹਾ ਹੈ ਕਿ ਉਹ ਆਪਣੀ ਰੱਖਿਆ ਦੀ ਜ਼ਿੰਮੇਵਾਰੀ ਖ਼ੁਦ ਸੰਭਾਲੇ। ਅਮਰੀਕਾ ਦੀ ਰਣਨੀਤੀ ਵਿਚ ਇਹ ਤਬਦੀਲੀ ਭਾਰਤ ਲਈ ਸਿੱਧੇ ਤੌਰ ’ਤੇ ਮਾਅਨੇ ਰੱਖਦੀ ਹੈ ਕਿਉਂਕਿ ਵਾਸ਼ਿੰਗਟਨ ਚੀਨ ਤੇ ਹਿੰਦ-ਪ੍ਰਸ਼ਾਂਤ ਖੇਤਰ ’ਤੇ ਆਪਣਾ ਧਿਆਨ ਕੇਂਦਰਿਤ ਕਰ ਰਿਹਾ ਹੈ।
ਹਾਲਾਂਕਿ ਅਮਰੀਕੀ ਪ੍ਰਤਿਨਿਧੀ ਸਭਾ ਦੀ ਹਥਿਆਰਬੰਦ ਸੇਵਾ ਕਮੇਟੀ ਦੀ ਸੁਣਵਾਈ ਵਿਚ ਅਮਰੀਕੀ ਸੰਸਦ ਮੈਂਬਰਾਂ ਅਤੇ ਰੱਖਿਆ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਨਾਟੋ ਅਮਰੀਕੀ ਰਣਨੀਤੀ ਦਾ ਕੇਂਦਰ ਬਣਿਆ ਰਹਿੰਦਾ ਹੈ। ਮੁਖੀ ਮਾਈਕ ਰੋਜਰਸ ਨੇ ਯੂਰਪ ਵਿਚ ਅਮਰੀਕੀ ਫੌਜਾਂ ਦੀ ਸਮੇਂ ਤੋਂ ਪਹਿਲਾਂ ਕਟੌਤੀ ਖ਼ਿਲਾਫ਼ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਮੇਂ ਤੋਂ ਪਹਿਲਾਂ ਫ਼ੌਜਾਂ ਦੀ ਵਾਪਸੀ ਨਾਲ ਰੂਸ ਦੇ ਹਮਲਾਵਰਪੁਣੇ ਨੂੰ ਹੱਲਾਸ਼ੇਰੀ ਮਿਲੇਗੀ।