- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਹਰਾਂ ਦਾ ਮੰਨਣਾ ਹੈ ਕਿ ਇੰਟਰਨੈੱਟ ਮੀਡੀਆ ਚੈੱਕ ਤੇ ਵਿਸਥਾਰਤ ਜਾਂਚ ਵਰਗੇ ਸਖ਼ਤ ਨਿਯਮਾਂ ਕਾਰਨ ਪ੍ਰਸ਼ਾਸਨਿਕ ਦੇਰੀ ਵਧੀ ਹੈ। ਹਾਲਾਂਕਿ ਹਾਵਰਡ ਯੂਨੀਵਰਿਸਟੀ ਦੇ ਜੇਸਨ ਫੁਰਮਾਨ ਵਰਗੇ ਆਲੋਚਕਾਂ ਦੀ ਦਲੀਲ ਹੈ ਕਿ ਇਮੀਗ੍ਰੇਸ਼ਨ ’ਤੇ ਰੋਕ ਲਗਾਉਣ ਨਾਲ ਭਵਿੱਖ ’ਚ ਅਮਰੀਕਾ ਦੇ ਨਵਾਚਾਰ ਤੇ ਆਰਥਿਕ ਵਿਕਾਸ ਨੂੰ ਨੁਕਸਾਨ ਪੁੱਜ ਸਕਦਾ ਹੈ।

ਵਾਸ਼ਿੰਗਟਨ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਅਪਣਾਈ ਗਈ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਸਭ ਤੋਂ ਡੂੰਘਾ ਅਸਰ ਭਾਰਤ ਤੇ ਚੀਨ ’ਤੇ ਪਿਆ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਸਾਲ 2025 ਦੇ ਪਹਿਲੇ ਅੱਠ ਮਹੀਨਿਆਂ ’ਚ 2024 ਦੀ ਇਸੇ ਮਿਆਦ ਦੇ ਮੁਕਾਬਲੇ ਕਰੀਬ 2.5 ਲੱਖ ਘੱਟ ਵੀਜ਼ੇ ਜਾਰੀ ਕੀਤੇ ਗਏ ਹਨ। ਵਿਦੇਸ਼ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਜਨਵਰੀ ਤੋਂ ਅਗਸਤ 2025 ਵਿਚਕਾਰ ਪੱਕੀ ਰਿਹਾਇਸ਼ ਤੇ ਆਰਜ਼ੀ ਵੀਜ਼ਿਆਂ ਦੀ ਗਿਣਤੀ ’ਚ 11 ਫ਼ੀਸਦ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਰਿਪੋਰਟ ਮੁਤਾਬਕ ਭਾਰਤ ਤੇ ਚੀਨ ਦੇ ਨਾਗਰਿਕਾਂ ਨੂੰ ਮਿਲਣ ਵਾਲੇ ਵੀਜ਼ਿਆਂ ਚ ਕਰੀਬ 84 ਹਜ਼ਾਰ ਦੀ ਕਮੀ ਆਈ ਹੈ। ਇਹ ਗਿਰਾਵਟ ਮੁੱਖ ਤੌਰ ’ਤੇ ਕੌਮਾਂਤਰੀ ਵਿਦਿਆਰਥੀਆਂ ਤੇ ਪੇਸ਼ੇਵਰ ਕਾਮਿਆਂ ਦੇ ਵਰਗ ’ਚ ਦੇਖੀ ਗਈ ਹੈ। ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਸਾਲ 2024 (ਜਨਵਰੀ-ਅਗਸਤ)’ਚ 3.44 ਲੱਖ ਵਿਦਿਆਰਥੀ ਵੀਜ਼ੇ ਜਾਰੀ ਹੋਏ ਸਨ, ਜੋ 2025 ’ਚ ਘਟ ਕੇ ਸਿਰਫ਼ 2.38 ਲੱਖ ਰਹਿ ਗਏ ਹਨ। ਇਹ 30 ਫ਼ੀਸਦ ਤੋਂ ਵੱਧ ਦੀ ਗਿਰਾਵਟ ਹੈ।
ਅਮਰੀਕੀ ਨਾਗਰਿਕਾਂ ਦੇ ਬਾਲਗ ਬੱਚਿਆਂ ਤੇ ਭੈਣਾਂ-ਭਰਾਵਾਂ ਨੂੰ ਮਿਲਣ ਵਾਲੇ ਫੈਮਿਲੀ ਪ੍ਰੈਫਰੈਂਸ ਵੀਜ਼ੇ ’ਚ 27 ਫ਼ੀਸਦ (44 ਹਜ਼ਾਰ ਤੋਂ ਵੱਧ) ਦੀ ਕਮੀ ਆਈ ਹੈ। ਵਪਾਰ ਤੇ ਸੈਰ ਸਪਾਟੇ ਦੀ ਸ਼੍ਰੇਣੀ ’ਚ ਵੀ ਕਰੀਬ ਦੋ ਲੱਖ ਵੀਜ਼ੇ ਘੱਟ ਜਾਰੀ ਕੀਤੇ ਗਏ, ਜੋ ਪਿਛਲੇ ਸਾਲ ਦੇ ਮੁਕਾਬਲੇ 3.4 ਫ਼ੀਸਦ ਦੀ ਗਿਰਾਵਟ ਦਰਸਾਉੰਦੇ ਹਨ। ਇਸ ਤੋਂ ਇਲਾਵਾ ਸਭਿਆਚਾਰਕ ਐਕਸਚੇਂਜ ਵੀਜ਼ੇ ’ਚ 28,594 ਤੇ ਮੰਗੇਤਰ/ਜੀਵਨਸਾਥੀ ਵੀਜ਼ੇ ’ਚ ਵੀ 50 ਫ਼ੀਸਦ ਤੋਂ ਵੱਧ ਦੀ ਕਮੀ (37,229 ਤੋਂ ਘੱਟ ਕੇ 18,894) ਦੇਖੀ ਗਈ ਹੈ।
ਸੁਰੱਖਿਆ ਨਾਲ ਸਮਝੌਤਾ ਨਹੀਂ : ਟਰੰਪ ਪ੍ਰਸ਼ਾਸਨ
ਟਰੰਪ ਪ੍ਰਸ਼ਾਸਨ ਨੇ ਇਨ੍ਹਾਂ ਫੈਸਲਿਆਂ ਨੂੰ ਅਮਰੀਕਾ ਫਸਟ ਦੀ ਨੀਤੀ ਤਹਿਤ ਸਹੀ ਠਹਿਰਾਇਆ ਹੈ। ਵ੍ਹਾਈਟ ਹਾਊਸ ਦੀ ਤਰਜਮਾਨ ਅਬੀਗੈਲ ਜੈਕਸਨ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਅਮਰੀਕੀ ਨਾਗਿਰਕਾਂ ਨੂੰ ਪਹਿਲ ਦੇਣ ਕਾਰਨ ਸਪਸ਼ਟ ਲੋਕ ਫ਼ਤਵਾ ਮਿਲਿਆ ਸੀ ਤੇ ਉਨ੍ਹਾਂ ਦਾ ਹਰ ਫ਼ੈਸਲਾ ਇਸੇ ਪਹਿਲ ਨੂੰ ਦਰਸਾਉੰਦਾ ਹੈ। ਉੱਥੇ ਹੀ ਵਿਦੇਸ਼ ਵਿਭਾਗ ਦੇ ਬੁਲਾਰੇ ਟਾਮੀ ਪਿਗਾਟ ਨੇ ਸਖ਼ਤ ਲਹਿਜ਼ੇ ’ਚ ਕਿਹਾ ਕਿ ਵੀਜ਼ਾ ਇਕ ਵਿਸ਼ੇਸ਼ ਅਧਿਕਾਰ ਹੈ, ਅਧਿਕਾਰ ਨਹੀਂ। ਪਿਛਲੇ ਪ੍ਰਸ਼ਾਸਨ ਦੇ ਉਲਟ, ਰਾਸ਼ਟਰਪਤੀ ਟਰੰਪ ਬਗ਼ੈਰ ਜਾਂਚ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ’ਚ ਆਉਣ ਦੀ ਇਜਾਜ਼ਤ ਦੇ ਕੇ ਅਮਰੀਕੀਆਂ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਨੂੰ ਤਿਆਰ ਨਹੀਂ ਹਨ।
ਮਾਹਰਾਂ ਦਾ ਮੰਨਣਾ ਹੈ ਕਿ ਇੰਟਰਨੈੱਟ ਮੀਡੀਆ ਚੈੱਕ ਤੇ ਵਿਸਥਾਰਤ ਜਾਂਚ ਵਰਗੇ ਸਖ਼ਤ ਨਿਯਮਾਂ ਕਾਰਨ ਪ੍ਰਸ਼ਾਸਨਿਕ ਦੇਰੀ ਵਧੀ ਹੈ। ਹਾਲਾਂਕਿ ਹਾਵਰਡ ਯੂਨੀਵਰਿਸਟੀ ਦੇ ਜੇਸਨ ਫੁਰਮਾਨ ਵਰਗੇ ਆਲੋਚਕਾਂ ਦੀ ਦਲੀਲ ਹੈ ਕਿ ਇਮੀਗ੍ਰੇਸ਼ਨ ’ਤੇ ਰੋਕ ਲਗਾਉਣ ਨਾਲ ਭਵਿੱਖ ’ਚ ਅਮਰੀਕਾ ਦੇ ਨਵਾਚਾਰ ਤੇ ਆਰਥਿਕ ਵਿਕਾਸ ਨੂੰ ਨੁਕਸਾਨ ਪੁੱਜ ਸਕਦਾ ਹੈ।