ਲੇਹ ’ਚ ਪ੍ਰਸ਼ਾਸਨ ਦੀਆਂ ਪਾਬੰਦੀਆਂ ਕਾਰਨ ਟਲਿਆ ਸ਼ਾਂਤੀ ਮਾਰਚ, ਕਾਰਗਿਲ ’ਚ ਕੱਢਿਆ ਗਿਆ ਮੌਨ ਮਾਰਚ; ਆਗੂਆਂ ਨੇ ਲੇਹ ’ਚ ਲਾਗੂ ਪਾਬੰਦੀਆਂ ਦੀ ਕੀਤੀ ਨਿੰਦਾ
ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੇਹ ’ਚ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਕਾਰਨ ਸ਼ਨਿਚਰਵਾਰ ਨੂੰ ਲੇਹ ਅਪੈਕਸ ਬਾਡੀ (ਐੱਲਏਬੀ) ਦਾ ਸ਼ਾਂਤੀ ਮਾਰਚ ਨਹੀਂ ਹੋ ਸਕਿਆ। ਐੱਲਏਬੀ ਦੇ ਕੁਝ ਆਗੂਆਂ ਨੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਮਾਰਚ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ। ਹਾਲਾਂਕਿ ਕਾਰਗਿਲ ਤੋਂ ਵੱਡੀ ਗਿਣਤੀ ’ਚ ਲੋਕ ਪੁੱਜੇ ਸਨ। ਉੱਥੇ ਕਾਰਗਿਲ ’ਚ ਇਕ ਸ਼ਾਂਤੀਪੂਰਨ ਮੌਨ ਮਾਰਚ ਕੱਢਿਆ ਗਿਆ ਜਿਸ ਵਿਚ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ ਦੇ ਆਗੂਆਂ ਨੇ ਲੇਹ ’ਚ ਲਾਗੂ ਪਾਬੰਦੀਆਂ ਦੀ ਨਿੰਦਾ ਕੀਤੀ।
Publish Date: Sun, 19 Oct 2025 10:22 AM (IST)
Updated Date: Sun, 19 Oct 2025 10:23 AM (IST)

ਜਾਗਰਣ ਸੰਵਾਦਦਾਤਾ, ਲੇਹ : ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੇਹ ’ਚ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਕਾਰਨ ਸ਼ਨਿਚਰਵਾਰ ਨੂੰ ਲੇਹ ਅਪੈਕਸ ਬਾਡੀ (ਐੱਲਏਬੀ) ਦਾ ਸ਼ਾਂਤੀ ਮਾਰਚ ਨਹੀਂ ਹੋ ਸਕਿਆ। ਐੱਲਏਬੀ ਦੇ ਕੁਝ ਆਗੂਆਂ ਨੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਮਾਰਚ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ। ਹਾਲਾਂਕਿ ਕਾਰਗਿਲ ਤੋਂ ਵੱਡੀ ਗਿਣਤੀ ’ਚ ਲੋਕ ਪੁੱਜੇ ਸਨ। ਉੱਥੇ ਕਾਰਗਿਲ ’ਚ ਇਕ ਸ਼ਾਂਤੀਪੂਰਨ ਮੌਨ ਮਾਰਚ ਕੱਢਿਆ ਗਿਆ ਜਿਸ ਵਿਚ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ ਦੇ ਆਗੂਆਂ ਨੇ ਲੇਹ ’ਚ ਲਾਗੂ ਪਾਬੰਦੀਆਂ ਦੀ ਨਿੰਦਾ ਕੀਤੀ।
ਐੱਲਏਬੀ ਦੇ ਆਗੂ ਸ਼ਿਰਿੰਗ ਦੋਰਜੇ ਨੇ ਪ੍ਰਸ਼ਾਸਨਿਕ ਪਾਬੰਦੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਨਾਲ ਸਰਕਾਰ ਦੀ ਨੀਅਤ ’ਤੇ ਸਵਾਲ ਉੱਠਦੇ ਹਨ। ਉਨ੍ਹਾਂ ਨੇ ਨਿਆਇਕ ਜਾਂਚ ਲਈ ਗਠਿਤ ਕਮੇਟੀ ’ਚ ਲੱਦਾਖ ਦੇ ਲੋਕਾਂ ਨੂੰ ਸ਼ਾਮਲ ਨਾ ਕਰਨ ’ਤੇ ਇਤਰਾਜ਼ ਕੀਤਾ ਤੇ ਨੁਮਾਇੰਦਗੀ ਦੀ ਮੰਗ ਕੀਤੀ। ਐੱਲਏਬੀ ਨੇ ਪਿਛਲੇ ਮਹੀਨੇ ਲੇਹ ’ਚ ਹੋਏ ਹਿੰਸਕ ਪ੍ਰਦਰਸ਼ਨਾਂ ’ਚ ਮਾਰੇ ਗਏ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਸ਼ਾਂਤੀ ਮਾਰਚ ਦਾ ਪ੍ਰਬੰਧ ਕੀਤਾ ਸੀ।
ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੇਹ ’ਚ ਕਈ ਥਾਵਾਂ ’ਤੇ ਪਾਬੰਦੀਆਂ ਲਗਾਈਆਂ ਹਨ। ਕਈ ਪ੍ਰਮੁੱਖ ਆਗੂਆਂ ਤੇ ਵਰਕਰਾਂ ਨੂੰ ਨਜ਼ਰਬੰਦ ਕੀਤਾ ਗਿਆ। ਦੁਪਹਿਰ ਬਾਅਦ ਸ਼ਿਰਿੰਗ ਦੋਰਜੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਸ਼ਾਂਤੀ ਮਾਰਚ ਸੀ, ਨਾ ਕਿ ਕੋਈ ਸਿਆਸੀ ਰੈਲੀ। ਪ੍ਰਸ਼ਾਸਨਿਕ ਪਾਬੰਦੀਆਂ ਕਾਰਨ ਅਸੀਂ ਆਪਣਾ ਸ਼ਾਂਤੀ ਮਾਰਚ ਮੁਲਤਵੀ ਕਰ ਦਿੱਤਾ ਪਰ ਕਾਰਗਿਲ ’ਚ ਵੱਡੀ ਗਿਣਤੀ ’ਚ ਲੋਕ ਸ਼ਾਂਤੀ ਮਾਰਚ ’ਚ ਸ਼ਾਮਲ ਹੋਏ ਹਨ। ਦੱਸਣਯੋਗ ਹੈ ਕਿ ਪ੍ਰਸ਼ਾਸਨ ਨੇ ਸ਼ਾਂਤੀ ਮਾਰਚ ਦੌਰਾਨ ਹਿੰਸਾ ਦੇ ਖ਼ਦਸ਼ੇ ਕਾਰਨ ਲੇਹ ’ਚ ਮਨਾਹੀ ਦੇ ਹੁਕਮ ਲਾਗੂ ਕੀਤੇ ਸਨ।