ਸੰਸਦ ਮੈਂਬਰ ਗੁਰਜੀਤ ਔਜਲਾ ਨੇ ਆਸਟ੍ਰੇਲੀਆ ਦੀ ਧਰਤੀ ਤੋਂ ਘੇਰੀ ਪੰਜਾਬ ਸਰਕਾਰ; ਪੰਜਾਬੀ ਭਾਈਚਾਰੇ ਨਾਲ ਮਿਲ ਕੇ 2027 ਲਈ ਖਿੱਚੀ ਸਿਆਸੀ ਲਕੀਰ
ਸ੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਇਨੀਂ ਦਿਨੀਂ ਆਸਟ੍ਰੇਲੀਆ ਦੌਰੇ 'ਤੇ ਹਨ, ਜਿੱਥੇ ਉਹ ਵੱਖ-ਵੱਖ ਸ਼ਹਿਰਾਂ 'ਚ ਪੰਜਾਬੀ ਭਾਈਚਾਰੇ ਨਾਲ ਮੀਟਿੰਗਾਂ ਅਤੇ ਸਮਾਗਮਾਂ 'ਚ ਸ਼ਿਰਕਤ ਕਰ ਰਹੇ ਹਨ। ਮੈਲਬੌਰਨ ਪੁੱਜਣ 'ਤੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਅਤੇ ਕਈ ਸੰਸਥਾਵਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਮੈਲਬੌਰਨ 'ਚ ਪੰਜਾਬੀ ਭਾਈਚਾਰੇ ਨਾਲ ਲਗਾਤਾਰ ਮੀਟਿੰਗਾਂ ਅਤੇ ਮੁਲਾਕਾਤਾਂ ਦਾ ਦੌਰ ਸ਼ੁਰੂ ਕੀਤਾ।
Publish Date: Thu, 21 May 2026 11:12 AM (IST)
Updated Date: Thu, 21 May 2026 11:14 AM (IST)

ਖੁਸ਼ਪ੍ਰੀਤ ਸਿੰਘ ਸੁਨਾਮ, ਪੰਜਾਬੀ ਜਾਗਰਣ, ਮੈਲਬੌਰਨ : ਸ੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਇਨੀਂ ਦਿਨੀਂ ਆਸਟ੍ਰੇਲੀਆ ਦੌਰੇ 'ਤੇ ਹਨ, ਜਿੱਥੇ ਉਹ ਵੱਖ-ਵੱਖ ਸ਼ਹਿਰਾਂ 'ਚ ਪੰਜਾਬੀ ਭਾਈਚਾਰੇ ਨਾਲ ਮੀਟਿੰਗਾਂ ਅਤੇ ਸਮਾਗਮਾਂ 'ਚ ਸ਼ਿਰਕਤ ਕਰ ਰਹੇ ਹਨ। ਮੈਲਬੌਰਨ ਪੁੱਜਣ 'ਤੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਅਤੇ ਕਈ ਸੰਸਥਾਵਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਮੈਲਬੌਰਨ 'ਚ ਪੰਜਾਬੀ ਭਾਈਚਾਰੇ ਨਾਲ ਲਗਾਤਾਰ ਮੀਟਿੰਗਾਂ ਅਤੇ ਮੁਲਾਕਾਤਾਂ ਦਾ ਦੌਰ ਸ਼ੁਰੂ ਕੀਤਾ। ਇਸ ਮੌਕੇ ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ ਦੇ ਪੰਜਾਬ ਚੈਪਟਰ ਵੱਲੋਂ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ 'ਚ ਪ੍ਰਧਾਨ ਸੁਖਬੀਰ ਸਿੰਘ ਸੰਧੂ 'ਮਾੜੀ ਮੇਘਾ' ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵੱਲੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਔਜਲਾ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ, ਨੌਜਵਾਨਾਂ ਦੇ ਭਵਿੱਖ, ਪੰਜਾਬ ਦੀ ਤਰੱਕੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ।
ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਔਜਲਾ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਅੱਜ ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਕਾਫ਼ੀ ਚਿੰਤਾਜਨਕ ਬਣ ਚੁੱਕੀ ਹੈ ਅਤੇ ਕਤਲ, ਲੁੱਟ-ਖੋਹ ਅਤੇ ਅਪਰਾਧਕ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਥਿਤੀ ਤੋਂ ਤੰਗ ਆ ਕੇ ਵੱਡੀ ਗਿਣਤੀ 'ਚ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵੱਲ ਭੇਜਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ “ਬਦਲਾਅ” ਦੇ ਨਾਂ ’ਤੇ ਸੱਤਾ 'ਚ ਆਈ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰ ਸਕੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਵਾਅਦੇ ਤਾਂ ਕਈ ਕੀਤੇ ਪਰ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਕੋਈ ਵੱਡੀ ਰਾਹਤ ਨਹੀਂ ਮਿਲੀ ਇਹ ਸਰਕਾਰ ਸਾਧਨ ਜੁਟਾਉਣ ਦੀ ਬਜਾਏ ਕਰਜ਼ੇ ਲੈ ਕੇ ਕੰਮ ਚਲਾ ਰਹੀ ਹੈ।
ਔਜਲਾ ਨੇ ਕਿਹਾ ਕਿ ਪੰਜਾਬ 'ਚ ਉਦਯੋਗ, ਕਾਰੋਬਾਰ ਅਤੇ ਨਿਵੇਸ਼ ਦਾ ਮਾਹੌਲ ਵੀ ਪ੍ਰਭਾਵਿਤ ਹੋਇਆ ਹੈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਭਵਿੱਖ ਲਈ ਭਰੋਸੇਯੋਗ ਵਾਤਾਵਰਣ ਦੇਣ 'ਚ ਸਰਕਾਰ ਅਸਫਲ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ’ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੀ ਭਰੋਸੇਯੋਗਤਾ ਗਵਾ ਚੁੱਕਾ ਹੈ, ਜਦਕਿ ਭਾਜਪਾ ਦਾ ਪੰਜਾਬ ਪ੍ਰਤੀ ਰਵੱਈਆ ਪੰਜਾਬੀਆਂ ਨੂੰ ਕਬੂਲ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਬਲਾਕ ਪੱਧਰ ਤੋਂ ਲੈ ਕੇ ਉੱਚ ਪੱਧਰ ਤੱਕ ਮਜ਼ਬੂਤੀ ਨਾਲ ਇਕਜੁੱਟ ਹੈ ਅਤੇ 2027 ਦੀਆਂ ਚੋਣਾਂ ਡਟ ਕੇ ਲੜੇਗੀ ਤੇ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਦਾ ਪੰਜਾਬ ਅਤੇ ਕਾਂਗਰਸ ਪਾਰਟੀ ਪ੍ਰਤੀ ਪਿਆਰ, ਵਿਸ਼ਵਾਸ ਅਤੇ ਜਜ਼ਬਾ ਦੇਖ ਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋਇਆ ਹੈ। ਉਨ੍ਹਾਂ ਪੰਜਾਬੀਆਂ ਨੂੰ ਪੰਜਾਬ ਦੀ ਭਲਾਈ, ਲੋਕਤੰਤਰ ਦੀ ਮਜ਼ਬੂਤੀ ਅਤੇ ਲੋਕਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰਨ ਲਈ ਕਾਂਗਰਸ ਪਾਰਟੀ ਦੇ ਹੱਕ 'ਚ ਇਕੱਠੇ ਹੋਣ ਦਾ ਸੱਦਾ ਵੀ ਦਿੱਤਾ।
ਇਸ ਦੌਰਾਨ ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ ਵੱਲੋਂ ਪੰਜਾਬ ਚੈਪਟਰ ਦਾ ਵਿਸਥਾਰ ਕਰਦਿਆਂ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਲਈ ਇੰਚਾਰਜ ਨਿਯੁਕਤ ਕੀਤੇ ਗਏ, ਜਿਨ੍ਹਾਂ ਨੂੰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਨਿਯੁਕਤੀ ਪੱਤਰ ਭੇਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੈਸ਼ਨਲ ਪ੍ਰਧਾਨ ਸੁਖਬੀਰ ਸਿੰਘ ਸੰਧੂ, ਪੰਜਾਬ ਚੈਪਟਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਡੋਡ, ਸਪੋਕਸਮੈਨ ਅਤੇ ਸਕੱਤਰ ਅਜਵਿੰਦਰ ਜੋਹਲ, ਵਿਕਟੋਰੀਆ ਪੰਜਾਬ ਚੈਪਟਰ ਦੇ ਪ੍ਰਧਾਨ ਕੰਵਰਪ੍ਰਤਾਪ ਸਿੰਘ, ਯੂਥ ਪ੍ਰਧਾਨ ਬਿਕਰਮ ਸੰਧੂ, ਸਕੱਤਰ ਜਸਕੀਰਤ ਬਰਾੜ, ਜਨਰਲ ਸਕੱਤਰ ਤਰਨਜੀਤ ਗਿੱਲ, ਅਜੇਪਾਲ ਭਿੰਡਰ, ਗੁਰਦੀਪ ਸਿੰਘ, ਬੈਰਿਸਟਰ ਗੁਰਪਾਲ ਸਿੰਘ, ਨਵ ਸਰਕਾਰੀਆ, ਪਰਮਿੰਦਰ ਸਿੰਘ, ਰਮਨ ਪੰਨੂ, ਸ਼ੈਲੀ ਸੰਧੂ, ਗੁਰਪ੍ਰੀਤ ਸੰਧੂ, ਮਨਪ੍ਰੀਤ ਕੰਗ, ਪਰਮ ਰੰਧਾਵਾ, ਨਿਰਲੇਪ ਸਿੰਘ, ਜਤਿੰਦਰ ਭੁੱਲਰ, ਸੰਦੀਪ ਸਿੰਘ ਥੋਥੀਆਂ, ਗੁਰਿੰਦਰ ਸਿੰਘ ਯੂਥ ਸੈਕਰੇਟਰੀ ਸਮੇਤ ਕਾਂਗਰਸ ਦੇ ਹੋਰ ਸੀਨੀਅਰ ਮੈਂਬਰ ਅਤੇ ਸਮਰਥਕ ਵੀ ਮੌਜੂਦ ਰਹੇ।