ਪਾਵਰ ਪਲਾਂਟਾਂ ਦੁਆਲੇ 'ਮਾਨਵ ਚੇਨ' ਬਣਾਏਗਾ ਈਰਾਨ, ਟਰੰਪ ਦੀ ਹਮਲੇ ਦੀ ਧਮਕੀ ਤੋਂ ਬਾਅਦ ਤਣਾਅ ਸਿਖਰ 'ਤੇ
ਈਰਾਨੀ ਮੰਤਰੀ ਅਲੀਰੇਜ਼ਾ ਰਹੀਮੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, "ਕਈ ਯੂਨੀਵਰਸਿਟੀ ਦੇ ਨੌਜਵਾਨਾਂ ਅਤੇ ਸੰਗਠਨਾਂ ਨੇ ਪ੍ਰਸਤਾਵ ਦਿੱਤਾ ਹੈ ਕਿ ਅਸੀਂ ਦੇਸ਼ ਦੇ ਪਾਵਰ ਪਲਾਂਟਾਂ ਦੇ ਆਲੇ-ਦੁਆਲੇ ਇੱਕ ਮਨੁੱਖੀ ਘੇਰਾ ਬਣਾਈਏ।" ਇਸ ਮੁਹਿੰਮ ਨੂੰ 'ਉੱਜਵਲ ਭਵਿੱਖ ਲਈ ਈਰਾਨ ਦੇ ਨੌਜਵਾਨਾਂ ਦੀ ਮਾਨਵ ਚੇਨ' ਦਾ ਨਾਂ ਦਿੱਤਾ ਗਿਆ ਹੈ। ਇਹ ਕਦਮ ਦੇਸ਼ ਦੇ ਬੁਨਿਆਦੀ ਢਾਂਚੇ ਦੀ ਰਾਖੀ ਲਈ ਨੌਜਵਾਨਾਂ ਦੀ ਵਚਨਬੱਧਤਾ ਦਾ ਪ੍ਰਤੀਕ ਹੋਵੇਗਾ।
Publish Date: Tue, 07 Apr 2026 08:38 AM (IST)
Updated Date: Tue, 07 Apr 2026 08:39 AM (IST)
ਨਵੀਂ ਦਿੱਲੀ: ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਹੁਣ ਹੋਰ ਵੀ ਭਿਆਨਕ ਰੂਪ ਲੈਂਦੀ ਜਾ ਰਹੀ ਹੈ। ਹੋਰਮੁਜ਼ ਸਟ੍ਰੇਟ (Strait of Hormuz) ਨੂੰ ਮੁੜ ਖੋਲ੍ਹਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਨੂੰ ਦਿੱਤੀ ਗਈ ਡੈੱਡਲਾਈਨ ਖ਼ਤਮ ਹੋਣ ਵਿੱਚ ਹੁਣ ਕੁਝ ਹੀ ਘੰਟੇ ਬਾਕੀ ਹਨ। ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਨਹੀਂ ਮੰਨਦਾ ਤਾਂ ਉਸ ਦੇ ਸਾਰੇ ਬਿਜਲੀ ਪਲਾਂਟਾਂ ਅਤੇ ਪੁਲਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ।
ਇਸ ਖ਼ਤਰਨਾਕ ਧਮਕੀ ਦੇ ਵਿਚਕਾਰ, ਤੇਹਰਾਨ (ਈਰਾਨ) ਨੇ ਆਪਣੇ ਨਾਗਰਿਕਾਂ ਨੂੰ ਦੇਸ਼ ਦੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ 'ਮਾਨਵ ਚੇਨ' (ਮਨੁੱਖੀ ਲੜੀ) ਬਣਾਉਣ ਦਾ ਸੱਦਾ ਦਿੱਤਾ ਹੈ।
ਪਰਮਾਣੂ ਕੇਂਦਰਾਂ ਦੇ ਬਾਹਰ ਜੁਟਣਗੇ ਨੌਜਵਾਨ
ਟਰੰਪ ਦੀ ਡੈੱਡਲਾਈਨ ਬੁੱਧਵਾਰ ਸਵੇਰੇ 3:30 ਵਜੇ (ਸਥਾਨਕ ਸਮਾਂ) ਖ਼ਤਮ ਹੋ ਰਹੀ ਹੈ। ਇਸ ਤੋਂ ਠੀਕ ਪਹਿਲਾਂ ਈਰਾਨ ਦੇ ਖੇਡ ਅਤੇ ਯੁਵਾ ਮੰਤਰਾਲੇ ਨੇ ਅਥਲੀਟਾਂ, ਕਲਾਕਾਰਾਂ ਅਤੇ ਵਿਦਿਆਰਥੀਆਂ ਸਮੇਤ ਦੇਸ਼ ਦੇ ਨੌਜਵਾਨਾਂ ਨੂੰ ਮੰਗਲਵਾਰ ਦੁਪਹਿਰ 2:00 ਵਜੇ ਤੋਂ ਪਰਮਾਣੂ ਸਥਾਨਾਂ ਦੇ ਆਲੇ-ਦੁਆਲੇ ਇਕੱਠੇ ਹੋਣ ਲਈ ਕਿਹਾ ਹੈ।
ਉੱਜਵਲ ਭਵਿੱਖ ਲਈ ਮਨੁੱਖੀ ਘੇਰਾ
ਈਰਾਨੀ ਮੰਤਰੀ ਅਲੀਰੇਜ਼ਾ ਰਹੀਮੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, "ਕਈ ਯੂਨੀਵਰਸਿਟੀ ਦੇ ਨੌਜਵਾਨਾਂ ਅਤੇ ਸੰਗਠਨਾਂ ਨੇ ਪ੍ਰਸਤਾਵ ਦਿੱਤਾ ਹੈ ਕਿ ਅਸੀਂ ਦੇਸ਼ ਦੇ ਪਾਵਰ ਪਲਾਂਟਾਂ ਦੇ ਆਲੇ-ਦੁਆਲੇ ਇੱਕ ਮਨੁੱਖੀ ਘੇਰਾ ਬਣਾਈਏ।" ਇਸ ਮੁਹਿੰਮ ਨੂੰ 'ਉੱਜਵਲ ਭਵਿੱਖ ਲਈ ਈਰਾਨ ਦੇ ਨੌਜਵਾਨਾਂ ਦੀ ਮਾਨਵ ਚੇਨ' ਦਾ ਨਾਂ ਦਿੱਤਾ ਗਿਆ ਹੈ। ਇਹ ਕਦਮ ਦੇਸ਼ ਦੇ ਬੁਨਿਆਦੀ ਢਾਂਚੇ ਦੀ ਰਾਖੀ ਲਈ ਨੌਜਵਾਨਾਂ ਦੀ ਵਚਨਬੱਧਤਾ ਦਾ ਪ੍ਰਤੀਕ ਹੋਵੇਗਾ।
ਟਰੰਪ ਦੀ ਸਖ਼ਤ ਚਿਤਾਵਨੀ
ਜ਼ਿਕਰਯੋਗ ਹੈ ਕਿ ਟਰੰਪ ਨੇ ਈਰਾਨ ਨੂੰ ਸਪੱਸ਼ਟ ਕਿਹਾ ਹੈ ਕਿ ਜੇਕਰ ਉਹ ਸਮਝੌਤਾ ਨਹੀਂ ਕਰਦਾ ਅਤੇ ਹੋਰਮੁਜ਼ ਦਾ ਰਸਤਾ ਨਹੀਂ ਖੋਲ੍ਹਦਾ, ਤਾਂ ਪੂਰੇ ਦੇਸ਼ ਨੂੰ ਇੱਕ ਰਾਤ ਵਿੱਚ ਤਬਾਹ ਕੀਤਾ ਜਾ ਸਕਦਾ ਹੈ। ਟਰੰਪ ਅਨੁਸਾਰ, ਉਹ ਈਰਾਨ ਨੂੰ ਪਹਿਲਾਂ ਹੀ ਕਾਫ਼ੀ ਸਮਾਂ ਦੇ ਚੁੱਕੇ ਹਨ ਅਤੇ ਇਸ ਵਾਰ ਉਹ ਪਿੱਛੇ ਹਟਣ ਦੇ ਮੂਡ ਵਿੱਚ ਨਹੀਂ ਹਨ।