ਟਰੰਪ ਦੀ ਪੇਸ਼ਕਸ਼ 'ਤੇ ਭੜਕਿਆ ਲਸ਼ਕਰ: ਪਾਕਿਸਤਾਨ ਨੂੰ ਦਿੱਤੀ ਸਿੱਧੀ ਧਮਕੀ, 'ਇਜ਼ਰਾਈਲ ਨੂੰ ਮਾਨਤਾ ਦਿੱਤੀ ਤਾਂ ਖ਼ਤਮ ਕਰ ਦੇਵਾਂਗੇ'
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਬਰਾਹਮ ਸਮਝੌਤੇ ਦੇ ਤਹਿਤ ਪਾਕਿਸਤਾਨ ਸਮੇਤ ਕਈ ਮੁਸਲਿਮ ਦੇਸ਼ਾਂ ਨੂੰ ਇਜ਼ਰਾਈਲ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਹੈ। ਜਿਸ ਤੋਂ ਬਾਅਦ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਪਾਕਿਸਤਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਨੂੰ ਇੱਕ ਦੇਸ਼ ਵਜੋਂ ਮਾਨਤਾ ਦੇਣ ਬਾਰੇ ਸੋਚਿਆ ਵੀ, ਤਾਂ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।
Publish Date: Thu, 28 May 2026 11:59 AM (IST)
Updated Date: Thu, 28 May 2026 12:01 PM (IST)

ਡਿਜੀਟਲ ਡੈਸਕ, ਨਵੀਂ ਦਿੱਲੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਬਰਾਹਮ ਸਮਝੌਤੇ ਦੇ ਤਹਿਤ ਪਾਕਿਸਤਾਨ ਸਮੇਤ ਕਈ ਮੁਸਲਿਮ ਦੇਸ਼ਾਂ ਨੂੰ ਇਜ਼ਰਾਈਲ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਹੈ। ਜਿਸ ਤੋਂ ਬਾਅਦ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਪਾਕਿਸਤਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਨੂੰ ਇੱਕ ਦੇਸ਼ ਵਜੋਂ ਮਾਨਤਾ ਦੇਣ ਬਾਰੇ ਸੋਚਿਆ ਵੀ, ਤਾਂ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।
ਦਰਅਸਲ, ਲਸ਼ਕਰ-ਏ-ਤੋਇਬਾ ਦੇ ਡਿਪਟੀ ਚੀਫ਼ ਸੈਫੁੱਲ੍ਹਾ ਕਸੂਰੀ ਨੇ ਪਾਕਿਸਤਾਨ ਦੀ ਉੱਚ ਲੀਡਰਸ਼ਿਪ ਅਤੇ ਫ਼ੌਜ ਦੇ ਆਲਾ ਅਧਿਕਾਰੀਆਂ ਨੂੰ ਸਿੱਧੇ ਅਤੇ ਜਨਤਕ ਤੌਰ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਸੈਫੁੱਲ੍ਹਾ ਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, "ਜੇਕਰ ਪਾਕਿਸਤਾਨ ਸਰਕਾਰ ਇਜ਼ਰਾਈਲ ਨੂੰ ਮਾਨਤਾ ਦਿੰਦੀ ਹੈ ਤਾਂ ਇਸ ਨਾਲ ਦੇਸ਼ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ, ਤਬਾਹ ਕਰ ਦਿੱਤਾ ਜਾਵੇਗਾ ਅਤੇ ਬਰਬਾਦ ਕਰ ਦਿੱਤਾ ਜਾਵੇਗਾ।" ਲਸ਼ਕਰ ਅੱਤਵਾਦੀ ਸੈਫੁੱਲ੍ਹਾ ਨੇ ਪਾਕਿਸਤਾਨ ਦੇ ਸਰਵਉੱਚ ਸੱਤਾਧਾਰੀਆਂ 'ਤੇ ਨਿਸ਼ਾਨਾ ਸਾਧਦਿਆਂ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਦੇ ਸਬੰਧ 'ਚ ਪਾਕਿਸਤਾਨ ਦੀ ਦਹਾਕਿਆਂ ਪੁਰਾਣੀ ਵਿਦੇਸ਼ ਨੀਤੀ ਨੂੰ ਬਦਲਣ ਲਈ ਪਰਦੇ ਦੇ ਪਿੱਛੇ ਤੋਂ ਕੀਤੇ ਗਏ ਕਿਸੇ ਵੀ ਯਤਨ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਲਸ਼ਕਰ ਅੱਤਵਾਦੀ ਸੈਫੁੱਲ੍ਹਾ ਕਸੂਰੀ ਦੀ ਇਹ ਭੜਕਾਊ ਟਿੱਪਣੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਅਪੀਲ ਤੋਂ ਬਾਅਦ ਆਈ ਹੈ, ਜਿਸ 'ਚ ਉਨ੍ਹਾਂ ਨੇ ਪਾਕਿਸਤਾਨ ਸਮੇਤ ਮੁਸਲਿਮ ਦੇਸ਼ਾਂ ਨੂੰ 'ਅਬਰਾਹਮ ਸਮਝੌਤੇ' ਤਹਿਤ ਇਜ਼ਰਾਈਲ ਨਾਲ ਰਾਜਨੀਤਿਕ ਸਬੰਧ ਬਣਾਉਣ ਦਾ ਆਗ੍ਰਹਿ ਕਰਦੇ ਹੋਏ ਉਸ ਨੂੰ ਇੱਕ ਦੇਸ਼ ਵਜੋਂ ਮਾਨਤਾ ਦੇਣ ਦੀ ਗੱਲ ਕਹੀ ਸੀ।
ਇਜ਼ਰਾਈਲ ਦਾ ਮੁਕਾਬਲਾ ਕਰ ਸਕਦੀਆਂ ਹਨ ਪਾਕਿਸਤਾਨੀ ਫ਼ੌਜਾਂ
ਸੈਫੁੱਲ੍ਹਾ ਕਸੂਰੀ ਨੇ ਅੱਗੇ ਕਿਹਾ ਕਿ ਕਿਸੇ ਵੀ ਅੰਤਰਰਾਸ਼ਟਰੀ ਮਹਾਸ਼ਕਤੀ ਕੋਲ ਇੰਨੀ ਤਾਕਤ ਨਹੀਂ ਹੈ ਕਿ ਉਹ ਇਸਲਾਮੀ ਦੇਸ਼ਾਂ ਨੂੰ ਇਜ਼ਰਾਈਲ ਨੂੰ ਇੱਕ ਰਾਸ਼ਟਰ ਵਜੋਂ ਮਾਨਤਾ ਦੇਣ ਲਈ ਮਜ਼ਬੂਰ ਕਰ ਸਕੇ। ਉਸ ਨੇ ਪਾਕਿਸਤਾਨ ਅਤੇ ਸਾਊਦੀ ਅਰਬ ਵਿਚਾਲੇ ਮਜ਼ਬੂਤ ਹੁੰਦੇ ਰੱਖਿਆ ਗਠਜੋੜ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਪਾਕਿਸਤਾਨ ਦੀਆਂ ਫ਼ੌਜੀ ਸਮਰੱਥਾਵਾਂ ਦੀ ਰਣਨੀਤਕ ਪਹੁੰਚ ਹੁਣ ਇੰਨੀ ਵੱਧ ਗਈ ਹੈ ਕਿ ਉਹ ਇਜ਼ਰਾਈਲ ਦੇ ਪ੍ਰਭਾਵ ਦਾ ਮੁਕਾਬਲਾ ਕਰ ਸਕਦੀ ਹੈ।
ਪਾਕਿਸਤਾਨ ਸਰਕਾਰ ਨੂੰ ਚੇਤਾਵਨੀ ਦੇਣ ਵਾਲੇ ਇਸ ਭੜਕਾਊ ਭਾਸ਼ਣ ਦੌਰਾਨ ਸੈਫੁੱਲ੍ਹਾ ਨੇ ਜਿਹਾਦ, ਸ਼ਹਾਦਤ ਅਤੇ ਫ਼ਲਸਤੀਨ 'ਚ ਚੱਲ ਰਹੇ ਸੰਘਰਸ਼ ਨਾਲ ਜੁੜੇ ਬੇਹੱਦ ਭੜਕਾਊ ਨਾਅਰਿਆਂ ਦੀ ਵਰਤੋਂ ਕੀਤੀ। ਇਸ ਦਾ ਮਕਸਦ ਆਪਣੇ ਸਮਰਥਕਾਂ ਨੂੰ ਭੜਕਾਉਣਾ ਅਤੇ ਸਰਕਾਰੀ ਨੀਤੀਆਂ ਖ਼ਿਲਾਫ਼ ਵਿਰੋਧ ਨੂੰ ਇਕਜੁੱਟ ਕਰਨਾ ਸੀ।
ਜੋ ਵੀ ਇਜ਼ਰਾਈਲ ਨੂੰ ਸਵੀਕਾਰ ਕਰੇਗਾ, ਤਬਾਹ ਹੋ ਜਾਵੇਗਾ
ਸੈਫੁੱਲ੍ਹਾ ਨੇ ਕਿਹਾ, "ਜੋ ਕੋਈ ਵੀ ਇਜ਼ਰਾਈਲ ਨੂੰ ਸਵੀਕਾਰ ਕਰੇਗਾ, ਉਹ ਤਬਾਹ ਹੋ ਜਾਵੇਗਾ... ਇੰਸ਼ਾਅੱਲ੍ਹਾ, ਇਹ ਮੁਸਲਿਮ ਕੌਮ ਹੀ ਸਾਡਾ ਈਮਾਨ ਹੈ, ਇਹੋ ਸਾਡਾ ਅਕੀਦਾ ਹੈ... ਦੁਸ਼ਮਣੀ ਦਾ ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਤੁਸੀਂ ਸਾਡੇ ਨਾਲ ਮਿਲ ਕੇ ਇੱਕ ਅੱਲ੍ਹਾ ਦੀ ਇਬਾਦਤ ਨਹੀਂ ਕਰਨ ਲੱਗਦੇ।"
ਹਾਲਾਂਕਿ, ਸੁਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਲਸ਼ਕਰ-ਏ-ਤੋਇਬਾ ਦੇ ਡਿਪਟੀ ਚੀਫ਼ ਦੀ ਇਹ ਬਿਆਨਬਾਜ਼ੀ ਪੂਰੀ ਤਰ੍ਹਾਂ ਮਨਘੜਤ ਹੈ ਅਤੇ ਇਹ ਅਮਰੀਕਾ ਦੇ ਦਬਾਅ ਤੋਂ ਬਚਣ ਲਈ ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਦੀ ਇੱਕ ਸੋਚੀ-ਸਮਝੀ ਚਾਲ ਹੋ ਸਕਦੀ ਹੈ।