ਦੱਖਣੀ ਅਮਰੀਕਾ ਮਹਾਂਦੀਪ ਵਿੱਚ ਇੱਕ ਔਰਤ ਆਪਣੇ ਦੋ ਸਾਲਾਂ ਦੇ ਜੁੜਵਾਂ ਪੁੱਤਰਾਂ ਦਾ ਪਿੱਤਰਤਵ ਟੈਸਟ (Paternity Test) ਕਰਵਾਉਣ ਲਈ ਕੋਲੰਬੀਆ ਦੀ ਨੈਸ਼ਨਲ ਯੂਨੀਵਰਸਿਟੀ ਦੀ 'ਲੈਬਾਰਟਰੀ ਆਫ਼ ਪਾਪੂਲੇਸ਼ਨ ਜੈਨੇਟਿਕਸ ਐਂਡ ਆਈਡੈਂਟੀਫਿਕੇਸ਼ਨ' ਵਿੱਚ ਗਈ। ਜਦੋਂ ਲੈਬ ਨੇ ਟੈਸਟ ਕੀਤਾ ਤਾਂ ਇਸ ਦੇ ਨਤੀਜੇ ਇੰਨੇ ਹੈਰਾਨ ਕਰਨ ਵਾਲੇ ਸਨ ਕਿ ਇਸ ਦੀ ਪੁਸ਼ਟੀ ਕਰਨ ਲਈ ਦੁਬਾਰਾ ਟੈਸਟ ਕੀਤਾ ਗਿਆ, ਪਰ ਨਤੀਜਾ ਉਹੀ ਨਿਕਲਿਆ।

ਯੂਨੀਵਰਸਿਟੀ ਦੇ ਮਾਹਿਰਾਂ ਨੇ ਦੱਸਿਆ ਕਿ ਉਹ ਸਿਧਾਂਤਕ ਤੌਰ 'ਤੇ ਤਾਂ ਜਾਣਦੇ ਸਨ ਕਿ ਅਜਿਹੀ ਕੋਈ ਚੀਜ਼ ਸੰਭਵ ਹੈ, ਪਰ ਉਨ੍ਹਾਂ ਨੇ ਅਸਲ ਜ਼ਿੰਦਗੀ ਵਿੱਚ ਇਸ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ। ਇਸ ਲਈ, ਇਸ ਘਟਨਾ ਨੇ ਤੁਰੰਤ ਹੀ ਉਨ੍ਹਾਂ ਦੀ ਵਿਗਿਆਨਕ ਉਤਸੁਕਤਾ ਨੂੰ ਜਗਾ ਦਿੱਤਾ।
ਪਿਤਾ ਦੀ ਜਾਂਚ ਕਰਨ ਲਈ ਕੋਲੰਬੀਆ ਦੀ ਨੈਸ਼ਨਲ ਯੂਨੀਵਰਸਿਟੀ ਦੇ ਜੈਨੇਟਿਕਸ ਇੰਸਟੀਚਿਊਟ ਦੇ ਵਿਗਿਆਨੀ ਇੱਕ ਅਜਿਹੀ ਤਕਨੀਕ ਦੀ ਵਰਤੋਂ ਕਰਦੇ ਹਨ ਜਿਸ ਨੂੰ 'ਮਾਈਕ੍ਰੋਸੈਟੇਲਾਈਟ ਮਾਰਕਰ' ਕਿਹਾ ਜਾਂਦਾ ਹੈ। ਇਸ ਵਿੱਚ ਬੱਚੇ, ਮਾਂ ਅਤੇ ਸੰਭਾਵਿਤ ਪਿਤਾ ਦੇ ਡੀਐਨਏ ਦੇ ਛੋਟੇ-ਛੋਟੇ ਟੁਕੜਿਆਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਫਿਰ ਉਨ੍ਹਾਂ ਦੀ ਆਪਸ ਵਿੱਚ ਤੁਲਨਾ ਕੀਤੀ ਜਾਂਦੀ ਹੈ।
ਬੀਬੀਸੀ ਦੀ ਰਿਪੋਰਟ ਮੁਤਾਬਕ, ਹਰ ਵਿਅਕਤੀ ਤੋਂ ਡੀਐਨਏ ਸੈਂਪਲ ਲਏ ਜਾਂਦੇ ਹਨ ਅਤੇ ਫਿਰ 15 ਤੋਂ 22 ਬਿੰਦੂਆਂ ਦੀ ਜਾਂਚ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ 'ਮਾਈਕ੍ਰੋਸੈਟੇਲਾਈਟ' ਕਿਹਾ ਜਾਂਦਾ ਹੈ। ਇਹ ਪ੍ਰਕਿਰਿਆ ਡੀਐਨਏ ਨੂੰ ਮਾਈਕ੍ਰੋਸਕੋਪ ਹੇਠ ਰੱਖ ਕੇ ਦੇਖਣ ਨਾਲੋਂ ਕਿਤੇ ਜ਼ਿਆਦਾ ਗੁੰਝਲਦਾਰ ਹੈ। ਜਦੋਂ ਬੱਚੇ ਦੇ ਜੈਨੇਟਿਕ ਪ੍ਰੋਫਾਈਲ ਦਾ ਅੱਧਾ ਹਿੱਸਾ ਮਾਂ ਨਾਲ ਅਤੇ ਬਾਕੀ ਅੱਧਾ ਪਿਤਾ ਨਾਲ ਮੇਲ ਖਾਂਦਾ ਹੈ, ਤਾਂ ਪਿਤਾ ਹੋਣ ਦੀ ਪੁਸ਼ਟੀ ਹੋ ਜਾਂਦੀ ਹੈ।
ਘਟਨਾ ਜਾਣ ਕੇ ਵਿਗਿਆਨੀ ਵੀ ਹੈਰਾਨ
ਕੋਲੰਬੀਆ ਦੇ ਇਨ੍ਹਾਂ ਜੁੜਵਾਂ ਬੱਚਿਆਂ ਦੇ ਮਾਮਲੇ ਵਿੱਚ ਵਿਗਿਆਨੀਆਂ ਨੇ ਮਾਂ, ਦੋਵੇਂ ਬੱਚਿਆਂ ਅਤੇ ਸੰਭਾਵਿਤ ਪਿਤਾ ਦੇ ਡੀਐਨਏ ਵਿੱਚ 17 ਮਾਈਕ੍ਰੋਸੈਟੇਲਾਈਟਸ ਦਾ ਵਿਸ਼ਲੇਸ਼ਣ ਕੀਤਾ। ਲੈਬ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਉਹ 26 ਸਾਲਾਂ ਤੋਂ ਇਸ ਅਹੁਦੇ 'ਤੇ ਹਨ, ਪਰ ਇਹ ਪਹਿਲਾ ਮਾਮਲਾ ਹੈ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਅਤੇ ਇਹ ਹੁਣ ਤੱਕ ਦਾ ਇਕਲੌਤਾ ਮਾਮਲਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਔਰਤ ਦੇ ਦੋ ਸਾਥੀ ਹੁੰਦੇ ਹਨ। ਜੇਕਰ ਉਹ ਔਰਤ ਬਹੁਤ ਘੱਟ ਸਮੇਂ ਦੇ ਅੰਤਰਾਲ ਵਿੱਚ ਦੋਵਾਂ ਮਰਦਾਂ ਨਾਲ ਸਰੀਰਕ ਸਬੰਧ ਬਣਾਉਂਦੀ ਹੈ, ਤਾਂ ਅਜਿਹੇ ਮਾਮਲੇ ਹੋ ਸਕਦੇ ਹਨ। ਇਸ ਦੇ ਨਾਲ ਹੀ 'ਪੌਲੀਓਵੂਲੇਸ਼ਨ' ਵੀ ਹੋਣਾ ਚਾਹੀਦਾ ਹੈ।
ਇੱਥੇ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਪੌਲੀਓਵੂਲੇਸ਼ਨ ਦਾ ਮਤਲਬ ਹੈ ਇੱਕ ਮਾਹਵਾਰੀ ਚੱਕਰ ਦੌਰਾਨ ਦੋ ਜਾਂ ਦੋ ਤੋਂ ਵੱਧ ਅੰਡਿਆਂ ਦਾ ਨਿਕਲਣਾ। ਫਿਰ ਇਨ੍ਹਾਂ ਅੰਡਿਆਂ ਦਾ ਫਰਟੀਲਾਈਜ਼ ਹੋਣਾ ਜ਼ਰੂਰੀ ਹੈ। ਕੁੱਲ ਮਿਲਾ ਕੇ ਇਹ ਦੁਰਲੱਭ ਘਟਨਾਵਾਂ ਦਾ ਇੱਕ ਅਜਿਹਾ ਖੇਡ ਹੈ, ਜਿੱਥੇ ਇੱਕ ਤੋਂ ਬਾਅਦ ਇੱਕ ਦੁਰਲੱਭ ਚੀਜ਼ਾਂ ਹੋਣੀਆਂ ਜ਼ਰੂਰੀ ਹਨ।
ਇਹ ਜਾਣਨਾ ਵੀ ਜ਼ਰੂਰੀ ਹੈ ਕਿ ਵੱਖ-ਵੱਖ ਪਿਤਾਵਾਂ ਤੋਂ ਪੈਦਾ ਹੋਏ ਜੁੜਵਾਂ ਬੱਚੇ ਕਦੇ ਵੀ 'ਆਈਡੈਂਟੀਕਲ' (ਇੱਕੋ ਜਿਹੇ ਦਿਖਣ ਵਾਲੇ) ਨਹੀਂ ਹੋ ਸਕਦੇ, ਕਿਉਂਕਿ ਆਈਡੈਂਟੀਕਲ ਜੁੜਵਾਂ ਬੱਚੇ ਇੱਕੋ ਅੰਡੇ ਅਤੇ ਸ਼ੁਕਰਾਣੂ ਤੋਂ ਪੈਦਾ ਹੁੰਦੇ ਹਨ।