- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਸਮਾਗਮ ਸਿਰਫ਼ ਇੱਕ ਦਿਨ ਦੀ ਮਨਾਉਣ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਸ ਨੇ ਨਵੀਂ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ ਅਤੇ ਪੰਜਾਬੀ ਸੱਭਿਆਚਾਰ ਨੂੰ ਆਸਟ੍ਰੇਲੀਆ ਦੀ ਧਰਤੀ ‘ਤੇ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਕੀਤਾ। ਸਮਾਗਮ ਦੇ ਅੰਤ ਵਿੱਚ ਪ੍ਰਬੰਧਕਾਂ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣ ਦਾ ਭਰੋਸਾ ਦਿਵਾਇਆ।

ਮੈਲਬਰਨ: ਖੁਸ਼ਪ੍ਰੀਤ ਸਿੰਘ ਸੁਨਾਮ –ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਰਗਰਮ ਸੰਸਥਾ ਵਾਇਸ ਆਫ਼ ਵਿਕਟੋਰੀਆ ਵੱਲੋਂ ਮੈਲਬਰਨ ਦੇ ਮਿਕਲਮ ਨੋਰਥ ਕਮਿਊਨਿਟੀ ਸੈਂਟਰ ਵਿਖੇ ਕੌਮਾਂਤਰੀ ਮਾਂ ਬੋਲੀ ਦਿਨ 2026 ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਮੈਲਬਰਨ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਆਪਣੇ ਬੱਚਿਆਂ ਸਮੇਤ ਹਾਜ਼ਰੀ ਭਰੀ। ਇਸ ਤੋਂ ਇਲਾਵਾ ਅਧਿਆਪਕਾਂ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ।
ਸਮਾਗਮ ਦਾ ਕੇਂਦਰੀ ਆਕਰਸ਼ਣ ਬੱਚਿਆਂ ਲਈ ਕਰਵਾਏ ਗਏ ਭਾਸ਼ਣ ਅਤੇ ਲੇਖਣੀ ਮੁਕਾਬਲੇ ਰਹੇ। ਵੱਖ-ਵੱਖ ਉਮਰ ਵਰਗਾਂ ਦੇ ਬੱਚਿਆਂ ਨੇ ਪੰਜਾਬੀ ਭਾਸ਼ਾ ਦੀ ਮਹੱਤਤਾ, ਆਪਣੀ ਮਾਂ ਬੋਲੀ ਨਾਲ ਜੁੜਾਅ ਅਤੇ ਸੱਭਿਆਚਾਰਕ ਵਿਰਾਸਤ ਬਾਰੇ ਪੂਰੇ ਆਤਮਵਿਸ਼ਵਾਸ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਛੋਟੇ ਬੱਚਿਆਂ ਦੀ ਸਾਫ਼ ਉਚਾਰਣ ਅਤੇ ਨੌਜਵਾਨ ਵਿਦਿਆਰਥੀਆਂ ਦੀ ਗਹਿਰੀ ਸੋਚ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਮੁਕਾਬਲਿਆਂ ਦੇ ਜੇਤੂਆਂ ਨੂੰ ਟ੍ਰਾਫੀਆਂ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ। ਮਾਪਿਆਂ ਨੇ ਵੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਵਿੱਚ ਮਾਂ ਬੋਲੀ ਪ੍ਰਤੀ ਮਾਣ ਅਤੇ ਰੁਚੀ ਪੈਦਾ ਕਰਦੇ ਹਨ।
ਸਮਾਗਮ ਦੌਰਾਨ ਪੰਜਾਬੀ ਲੋਕ ਕਲਾਵਾਂ ਦਾ ਰੰਗਾਰੰਗ ਪ੍ਰਦਰਸ਼ਨ ਵੀ ਕੀਤਾ ਗਿਆ। ਇਸ਼ਖਵਾਬ ਸਿੰਘ ਸਿੱਧੂ ਅਤੇ ਗੀਤਮਾਨ ਕੌਰ ਸਿੱਧੂ ਨੇ ਆਪਣੇ ਸੁਰੀਲੇ ਲੋਕ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਦੀ ਰੂਹ ਨੂੰ ਜੀਵੰਤ ਕੀਤਾ। ਦਰਸ਼ਕਾਂ ਨੇ ਤਾਲੀਆਂ ਦੀ ਗੂੰਜ ਨਾਲ ਕਲਾਕਾਰਾਂ ਦਾ ਹੋਂਸਲਾ ਅਫਜ਼ਾਈ ਕੀਤਾ।
ਇਸ ਮੌਕੇ ਵਿਕਟੋਰੀਆ ਵਿੱਚ ਚੱਲ ਰਹੇ ਵੀ.ਐਸ.ਐਲ ਪੰਜਾਬੀ ਸਕੂਲ ਦੇ ਨੁਮਾਇੰਦਿਆਂ ਪਰਮਿੰਦਰ ਸਿੰਘ ਅਤੇ ਡਾ. ਗੁਰਮਿੰਦਰ ਸਿੰਘ ਨੇ ਬੱਚਿਆਂ ਅਤੇ ਮਾਪਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਬੱਚੇ ਪੰਜਾਬੀ ਨੂੰ ਇੱਕ ਸਰਕਾਰੀ ਮਾਨਤਾ ਪ੍ਰਾਪਤ ਭਾਸ਼ਾ ਵਜੋਂ ਕਿਵੇਂ ਪੜ੍ਹ ਸਕਦੇ ਹਨ ਅਤੇ ਇਸ ਰਾਹੀਂ ਸਕੂਲੀ ਸਿੱਖਿਆ ਵਿੱਚ ਵਾਧੂ ਅੰਕ ਅਤੇ ਅਕਾਦਮਿਕ ਲਾਭ ਕਿਵੇਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਮਾਪਿਆਂ ਨੂੰ ਘਰਾਂ ਵਿੱਚ ਪੰਜਾਬੀ ਬੋਲਚਾਲ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ।
ਸਮਾਗਮ ਦੌਰਾਨ ਪੰਜਾਬੀ ਮਾਂ ਬੋਲੀ ਪ੍ਰਤੀ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਪੱਤਰਕਾਰੀ ਖੇਤਰ ਵਿੱਚ ਯੋਗਦਾਨ ਲਈ ਖੁਸ਼ਪ੍ਰੀਤ ਸਿੰਘ ਸੁਨਾਮ, ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਲਈ ਬੀਬੀ ਰੂਪ ਕੌਰ ਅਤੇ ਪੰਜਾਬੀ ਅਧਿਆਪਨ ਵਿੱਚ ਯੋਗਦਾਨ ਲਈ ਡਾ. ਗੁਰਮਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਨੂੰ ਮੰਚ ‘ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਐਰਾਰਟ ਸਿਟੀ ਕੋਂਸਲ ਦੀ ਡਿਪਟੀ ਮੇਅਰ ਬੀਬੀ ਤਲਵਿੰਦਰ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਜੇਤੂ ਬੱਚਿਆਂ ਨੂੰ ਇਨਾਮ ਵੰਡੇ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਬਹੁ-ਸੱਭਿਆਚਾਰਕ ਸਮਾਜ ਵਿੱਚ ਆਪਣੀ ਮਾਂ ਬੋਲੀ ਨੂੰ ਸੰਜੋਣਾ ਅਤੇ ਅੱਗੇ ਵਧਾਉਣਾ ਬਹੁਤ ਜ਼ਰੂਰੀ ਹੈ ਅਤੇ ਇਸ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।
ਇਸ ਸਮਾਗਮ ਵਿੱਚ ਖਾਲਸਾ ਏਡ ਆਸਟ੍ਰੇਲੀਆ, ਕੌਮੀ ਆਵਾਜ਼ ਰੇਡਿਓ, ਭਾਈ ਗੁਰਦਾਸ ਗੁਰਮਿਤ ਸਕੂਲ, ਹਰਮਨ ਰੇਡਿਓ ,ਦਸਮੇਸ਼ ਗੁਰਮਤਿ ਵਿਦਿਆਲਿਆ, ਸਿੱਖ ਫੋਰਮ ਆਸਟ੍ਰੇਲੀਆ, ਟੀਨਏਜਰ ਕਲੱਬ ਮਿਕਲਮ ਅਤੇ ਚੇਂਜਮੇਕਰ ਫਾਊਂਡੇਸ਼ਨ ਦੇ ਨੁਮਾਇੰਦਿਆਂ ਨੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ।
ਇਹ ਸਮਾਗਮ ਸਿਰਫ਼ ਇੱਕ ਦਿਨ ਦੀ ਮਨਾਉਣ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਸ ਨੇ ਨਵੀਂ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ ਅਤੇ ਪੰਜਾਬੀ ਸੱਭਿਆਚਾਰ ਨੂੰ ਆਸਟ੍ਰੇਲੀਆ ਦੀ ਧਰਤੀ ‘ਤੇ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਕੀਤਾ। ਸਮਾਗਮ ਦੇ ਅੰਤ ਵਿੱਚ ਪ੍ਰਬੰਧਕਾਂ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣ ਦਾ ਭਰੋਸਾ ਦਿਵਾਇਆ।