ਪੱਛਮੀ ਏਸ਼ੀਆ 'ਚ ਮਹਾਸੰਗਰਾਮ : ਰੂਸ ਦੀ ਚਿਤਾਵਨੀ, ਈਰਾਨ ਜੰਗ ਦਾ ਨਤੀਜਾ ਪੈ ਸਕਦੈ ਉਲਟਾ
ਪਰਮਾਣੂ ਪ੍ਰਸਾਰ ਦੀ ਸਮੱਸਿਆ ਦੇ ਹੁਣ ਕੰਟਰੋਲ ਤੋਂ ਬਾਹਰ ਹੋਣ ਦਾ ਖ਼ਤਰਾ ਵਧ ਰਿਹਾ ਹੈ। ਇਜ਼ਰਾਈਲ ਨੂੰ ਖੇਤਰ ਦਾ ਇਕਮਾਤਰ ਪਰਮਾਣੂ-ਹਥਿਆਰਬੰਦ ਦੇਸ਼ ਮੰਨਿਆ ਜਾਂਦਾ ਹੈ, ਜਿਸ ਨੂੰ ਉਹ ਨਾ ਤਾਂ ਸਵੀਕਾਰ ਕਰਦਾ ਹੈ ਤੇ ਨਾ ਹਾ ਨਕਾਰਦਾ ਹੈ। ਲਾਵਰੋਵ ਨੇ ਮੰਗਲਵਾਰ ਨੂੰ ਓਮਾਨ ਦੇ ਆਪਣੇ ਹਮਰੁਤਬਾ ਨਾਲ ਫੋਨ ’ਤੇ ਗੱਲਬਾਤ ਕੀਤੀ।
Publish Date: Wed, 04 Mar 2026 08:32 AM (IST)
Updated Date: Wed, 04 Mar 2026 08:35 AM (IST)
ਮਾਸਕੋ (ਰਾਇਟਰ) : ਰੂਸ ਨੇ ਈਰਾਨ ਜੰਗ ਦਾ ਨਤੀਜਾ ਉਲਟਾ ਪੈਣ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਉਸਨੇ ਕਿਹਾ ਹੈ ਕਿ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਜੰਗ ਉਸ ਨਤੀਜੇ ਦਾ ਕਾਰਨ ਬਣ ਸਕਦੀ ਹੈ, ਜਿਸ ਨੂੰ ਉਹ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨਾਲ ਈਰਾਨ ਤੇ ਉਸਦੇ ਗੁਆਂਢੀ ਅਰਬ ਦੇਸ਼ ਵੀ ਪਰਮਾਣੂ ਹਥਿਆਰ ਹਾਸਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।
ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਮੰਗਲਵਾਰ ਨੂੰ ਕਿਹਾ ਕਿ ਇਸਦਾ ਤਾਰਕਿਕ ਸਿੱਟਾ ਇਹ ਹੋਵੇਗਾ ਕਿ ਈਰਾਨ ’ਚ ਅਜਿਹੀਆਂ ਤਾਕਤਾਂ ਉੱਭਰਣਗੀਆਂ, ਜੋ ਉਹੀ ਕਰਨਗੀਆਂ, ਜਿਸ ਨੂੰ ਅਮਰੀਕਾ ਰੋਕਣਾ ਚਾਹੁੰਦਾ ਹੈ- ਇਕ ਪਰਮਾਣੂ ਬੰਬ ਹਾਸਲ ਕਰਨਾ। ਅਮਰੀਕਾ ਉਨ੍ਹਾਂ ’ਤੇ ਹਮਲਾ ਨਹੀਂ ਕਰਦਾ, ਜਿਨ੍ਹਾਂ ਕੋਲ ਪਰਮਾਣੂ ਬੰਬ ਹੁੰਦੇ ਹਨ। ਉਨ੍ਹਾਂ ਪ੍ਰੈੱਸ ਕਾਨਫਰੰਸ ’ਚ ਇਹ ਵੀ ਕਿਹਾ ਕਿ ਅਰਬ ਦੇਸ਼ ਵੀ ਬੰਬ ਬਣਾਉਣ ਦੀ ਦੌੜ ’ਚ ਸ਼ਾਮਲ ਹੋ ਸਕਦੇ ਹਨ। ਪਰਮਾਣੂ ਪ੍ਰਸਾਰ ਦੀ ਸਮੱਸਿਆ ਦੇ ਹੁਣ ਕੰਟਰੋਲ ਤੋਂ ਬਾਹਰ ਹੋਣ ਦਾ ਖ਼ਤਰਾ ਵਧ ਰਿਹਾ ਹੈ। ਇਜ਼ਰਾਈਲ ਨੂੰ ਖੇਤਰ ਦਾ ਇਕਮਾਤਰ ਪਰਮਾਣੂ-ਹਥਿਆਰਬੰਦ ਦੇਸ਼ ਮੰਨਿਆ ਜਾਂਦਾ ਹੈ, ਜਿਸ ਨੂੰ ਉਹ ਨਾ ਤਾਂ ਸਵੀਕਾਰ ਕਰਦਾ ਹੈ ਤੇ ਨਾ ਹਾ ਨਕਾਰਦਾ ਹੈ। ਲਾਵਰੋਵ ਨੇ ਮੰਗਲਵਾਰ ਨੂੰ ਓਮਾਨ ਦੇ ਆਪਣੇ ਹਮਰੁਤਬਾ ਨਾਲ ਫੋਨ ’ਤੇ ਗੱਲਬਾਤ ਕੀਤੀ।
ਇਧਰ, ਰੂਸੀ ਰਾਸ਼ਟਰਪਤੀ ਭਵਨ ਕ੍ਰੈਮਲਿਨ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰਪਤਾੀ ਵਲਾਦੀਮੀਰ ਪੁਤਿਨ ਖਾੜੀ ਦੇਸ਼ਾਂ ਦੇ ਨੇਤਾਵਾਂ ਦੀਆਂ ਚਿੰਤਾਵਾਂ ਨਾਲ ਈਰਾਨ ਨੂੰ ਜਾਣੂ ਕਰਵਾਉਣਗੇ। ਉਨ੍ਹਾਂ ਸੋਮਵਾਰ ਨੂੰ ਇਨ੍ਹਾਂ ਨੇਤਾਵਾਂ ਨਾਲ ਫੋਨ ’ਤੇ ਗੱਲਬਾਤ ਕੀਤੀ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਪੱਤਰਕਾਰਾਂ ਨੂੰ ਕਿਹਾ, ਪੁਤਿਨ ਯਕੀਨੀ ਤੌਰ ’ਤੇ ਖੇਤਰ ’ਚ ਤਣਾਅ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।