ਕੈਨੇਡਾ 'ਚ ਗੈਂਗਸਟਰ ਰਾਜ : ਵਿਦਿਆਰਥੀਆਂ ਦੇ ਖਾਤਿਆਂ ਰਾਹੀਂ ਫਿਰੌਤੀ ਦਾ 'ਕਾਲਾ ਖੇਡ', ਕਾਰੋਬਾਰੀਆਂ ਦੀਆਂ ਬੱਝੀਆਂ ਮਹੀਨਾਵਾਰ ਕਿਸ਼ਤਾਂ!
ਕੈਨੇਡਾ ਵਿੱਚ ਵਸਦੇ ਪੰਜਾਬੀ ਕਾਰੋਬਾਰੀਆਂ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ। ਕੈਨੇਡਾ ਦੀ ਪ੍ਰਮੁੱਖ ਵਿੱਤੀ ਜਾਂਚ ਏਜੰਸੀ FINTRAC (Financial Transaction and Reports Analysis of Canada) ਨੇ ਸਾਲ 2026 ਦੀ ਆਪਣੀ ਤਾਜ਼ਾ ਰਿਪੋਰਟ ਵਿੱਚ ਇੱਕ ਅਜਿਹਾ ਖੁਲਾਸਾ ਕੀਤਾ ਹੈ ਜਿਸ ਨੇ ਸੁਰੱਖਿਆ ਏਜੰਸੀਆਂ ਦੇ ਹੋਸ਼ ਉਡਾ ਦਿੱਤੇ ਹਨ। ਰਿਪੋਰਟ ਮੁਤਾਬਕ, ਭਾਰਤੀ ਮੂਲ ਦੇ ਗੈਂਗਸਟਰ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ "ਵਿੱਤੀ ਢਾਲ" ਵਜੋਂ ਵਰਤ ਰਹੇ ਹਨ।
Publish Date: Fri, 24 Apr 2026 02:56 PM (IST)
Updated Date: Fri, 24 Apr 2026 02:59 PM (IST)
ਗੁਰਮੁੱਖ ਸਿੰਘ ਬਾਰੀਆ, ਟੋਰਾਂਟੋ : ਕੈਨੇਡਾ ਵਿੱਚ ਵਸਦੇ ਪੰਜਾਬੀ ਕਾਰੋਬਾਰੀਆਂ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ। ਕੈਨੇਡਾ ਦੀ ਪ੍ਰਮੁੱਖ ਵਿੱਤੀ ਜਾਂਚ ਏਜੰਸੀ FINTRAC (Financial Transaction and Reports Analysis of Canada) ਨੇ ਸਾਲ 2026 ਦੀ ਆਪਣੀ ਤਾਜ਼ਾ ਰਿਪੋਰਟ ਵਿੱਚ ਇੱਕ ਅਜਿਹਾ ਖੁਲਾਸਾ ਕੀਤਾ ਹੈ ਜਿਸ ਨੇ ਸੁਰੱਖਿਆ ਏਜੰਸੀਆਂ ਦੇ ਹੋਸ਼ ਉਡਾ ਦਿੱਤੇ ਹਨ। ਰਿਪੋਰਟ ਮੁਤਾਬਕ, ਭਾਰਤੀ ਮੂਲ ਦੇ ਗੈਂਗਸਟਰ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ "ਵਿੱਤੀ ਢਾਲ" ਵਜੋਂ ਵਰਤ ਰਹੇ ਹਨ।
63 ਹਜ਼ਾਰ ਸ਼ੱਕੀ ਖਾਤੇ ਆਏ ਨਜ਼ਰ ਵਿੱਚ
FINTRAC ਨੇ ਆਪਣੀ ਜਾਂਚ ਦੌਰਾਨ ਲਗਭਗ 63,000 ਅਜਿਹੇ ਸ਼ੱਕੀ ਲੈਣ-ਦੇਣ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦਾ ਸਿੱਧਾ ਸਬੰਧ ਫਿਰੌਤੀ ਅਤੇ ਜ਼ਬਰਦਸਤੀ ਵਸੂਲੀ ਨਾਲ ਹੈ। ਇਹਨਾਂ ਖਾਤਿਆਂ ਦੀ ਵਰਤੋਂ ਕਾਰੋਬਾਰੀਆਂ ਤੋਂ ਲਏ ਗਏ ਪੈਸੇ ਨੂੰ ਇੱਧਰ-ਉੱਧਰ ਕਰਨ ਲਈ ਕੀਤੀ ਜਾ ਰਹੀ ਹੈ।
ਨਿਸ਼ਾਨੇ 'ਤੇ 17 ਤੋਂ 28 ਸਾਲ ਦੇ ਨੌਜਵਾਨ
ਰਿਪੋਰਟ ਵਿੱਚ ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਇਸ ਗੋਰਖਧੰਦੇ ਵਿੱਚ 17 ਤੋਂ 28 ਸਾਲ ਦੀ ਉਮਰ ਦੇ ਵਿਦਿਆਰਥੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਗੈਂਗਸਟਰ ਇਹਨਾਂ ਨੌਜਵਾਨਾਂ ਨੂੰ ਲਾਲਚ ਜਾਂ ਡਰ ਰਾਹੀਂ ਆਪਣੇ ਜਾਲ ਵਿੱਚ ਫਸਾਉਂਦੇ ਹਨ।
ਫਰਜ਼ੀ ਪਛਾਣ: ਇਹ ਵਿਦਿਆਰਥੀ ਨਕਲੀ ਨਾਂ ਅਤੇ ਉਪਨਾਮ ਵਰਤ ਕੇ ਖਾਤੇ ਚਲਾਉਂਦੇ ਹਨ।
ਸ਼ੱਕੀ ਲੈਣ-ਦੇਣ: ATM ਅਤੇ ਬੈਂਕਾਂ ਵਿੱਚ ਬਿਨਾਂ ਕਿਸੇ ਸਪੱਸ਼ਟ ਸਰੋਤ ਦੇ ਨਕਦੀ ਜਮ੍ਹਾਂ ਕਰਵਾਈ ਜਾਂਦੀ ਹੈ, ਜੋ ਤੁਰੰਤ ਕਿਸੇ ਤੀਜੀ ਧਿਰ (Third Party) ਨੂੰ ਭੇਜ ਦਿੱਤੀ ਜਾਂਦੀ ਹੈ।
ਆਮਦਨ ਨਾਲ ਮੇਲ ਨਹੀਂ: ਵਿਦਿਆਰਥੀਆਂ ਦੇ ਖਾਤਿਆਂ ਵਿੱਚ ਹੋ ਰਹੀ ਲੱਖਾਂ ਦੀ ਹਰਕਤ ਉਨ੍ਹਾਂ ਦੀ ਆਰਥਿਕ ਹਾਲਤ ਨਾਲ ਬਿਲਕੁਲ ਮੇਲ ਨਹੀਂ ਖਾਂਦੀ।
ਸਿਰਫ਼ ਧਮਕੀ ਨਹੀਂ, ਹੁਣ 'ਲਗਾਤਾਰ ਦਬਾਅ ਵਾਲੀ ਮੁਹਿੰਮ'
FINTRAC ਦਾ ਕਹਿਣਾ ਹੈ ਕਿ ਇਹ ਅਪਰਾਧ ਹੁਣ ਮਹਿਜ਼ ਇੱਕ ਫੋਨ ਕਾਲ ਜਾਂ ਧਮਕੀ ਤੱਕ ਸੀਮਤ ਨਹੀਂ ਰਿਹਾ। ਇਹ ਇੱਕ "ਲਗਾਤਾਰ ਦਬਾਅ ਵਾਲੀ ਮੁਹਿੰਮ" (Persistent Coercion Campaign) ਬਣ ਚੁੱਕਾ ਹੈ। ਜੇਕਰ ਕਾਰੋਬਾਰੀ ਪੈਸੇ ਦੇਣ ਤੋਂ ਇਨਕਾਰ ਕਰਦੇ ਹਨ, ਤਾਂ ਉਨ੍ਹਾਂ ਨੂੰ ਅੱਗਜ਼ਨੀ (Arson) ਅਤੇ ਗੋਲੀਬਾਰੀ ਵਰਗੀ ਭਿਆਨਕ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਵੇਂ ਹੁੰਦੀ ਹੈ ਪੈਸੇ ਦੀ ਹੇਰਾਫੇਰੀ?
ਜਾਂਚ ਮੁਤਾਬਕ, ਫਿਰੌਤੀ ਦਾ ਪੈਸਾ ਈ-ਟ੍ਰਾਂਸਫਰ, ਚੈੱਕ ਅਤੇ ਨਕਦੀ ਦੇ ਰੂਪ ਵਿੱਚ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਪਾਇਆ ਜਾਂਦਾ ਹੈ। ਇਹ ਸਿਸਟਮ ਇੰਨਾ ਗੁੰਝਲਦਾਰ ਬਣਾਇਆ ਗਿਆ ਹੈ ਕਿ ਪੈਸੇ ਦੇ ਅਸਲ ਮਾਲਕ (ਗੈਂਗਸਟਰ) ਤੱਕ ਪਹੁੰਚਣਾ ਮੁਸ਼ਕਿਲ ਹੋ ਜਾਵੇ।
ਸੰਪਾਦਕੀ ਟਿੱਪਣੀ: ਇਹ ਰਿਪੋਰਟ ਕੈਨੇਡਾ ਵਿੱਚ ਪੜ੍ਹਨ ਗਏ ਨੌਜਵਾਨਾਂ ਦੇ ਮਾਪਿਆਂ ਲਈ ਇੱਕ ਵੱਡੀ ਚੇਤਾਵਨੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਅਣਜਾਣੇ ਵਿੱਚ ਅਜਿਹੇ ਲੈਣ-ਦੇਣ ਦਾ ਹਿੱਸਾ ਬਣਨਾ ਵਿਦਿਆਰਥੀਆਂ ਦੇ ਕੈਰੀਅਰ ਨੂੰ ਹਮੇਸ਼ਾ ਲਈ ਤਬਾਹ ਕਰ ਸਕਦਾ ਹੈ।