ਰੂਸ ਤੇ ਯੂਕਰੇਨ ਦਰਮਿਆਨ ਲੜਾਈ ਕਾਰਨ ਭਾਰਤ ’ਚ ਛਾਇਆ ਹਨੇਰਾ!
ਆਯਾਤ ਕੀਤੇ ਜਾਣ ਵਾਲੇ ਕੋਲੇ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਬਿਜਲੀ ਸੰਕਟ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ। ਕਈ ਸੂਬਿਆਂ ’ਚ ਕਈ ਘੰਟਿਆਂ ਦੇ ਬਿਜਲੀ ਕੱਟ ਸ਼ੁਰੂ ਹੋ ਚੁੱਕੇ ਹਨ, ਜਿਨ੍ਹਾਂ ਨਾਲ ਸਨਅਤਾਂ ਦਾ ਉਤਪਾਦਨ ਵੀ ਪ੍ਰਭਾਵਿਤ ਹੋ ਰਿਹਾ ਹੈ।
Publish Date: Fri, 01 Apr 2022 08:43 PM (IST)
Updated Date: Fri, 01 Apr 2022 08:51 PM (IST)
ਰਾਜੀਵ ਕੁਮਾਰ, ਨਵੀਂ ਦਿੱਲੀ : ਆਯਾਤ ਕੀਤੇ ਜਾਣ ਵਾਲੇ ਕੋਲੇ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਬਿਜਲੀ ਸੰਕਟ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ। ਕਈ ਸੂਬਿਆਂ ’ਚ ਕਈ ਘੰਟਿਆਂ ਦੇ ਬਿਜਲੀ ਕੱਟ ਸ਼ੁਰੂ ਹੋ ਚੁੱਕੇ ਹਨ, ਜਿਨ੍ਹਾਂ ਨਾਲ ਸਨਅਤਾਂ ਦਾ ਉਤਪਾਦਨ ਵੀ ਪ੍ਰਭਾਵਿਤ ਹੋ ਰਿਹਾ ਹੈ। ਮਹਾਰਾਸ਼ਟਰ ਆਪਣੇ ਪਾਵਰ ਪਲਾਂਟ ਲਈ ਕੋਲੇ ਦੀ ਕਮੀ ਦੱਸ ਰਿਹਾ ਹੈ। ਗੁਜਰਾਤ ਵੀ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਉੱਤਰ ਪ੍ਰਦੇਸ਼ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ’ਚ ਬਿਜਲੀ ਦੀ ਕਈ ਘੰਟੇ ਕਟੌਤੀ ਕੀਤੀ ਜਾ ਰਹੀ ਹੈ। ਬਿਜਲੀ ਦੀ ਮੰਗ ’ਚ ਹੋਣ ਵਾਲੇ ਵਾਧੇ ਨੂੰ ਦੇਖਦਿਆਂ ਪਾਵਰ ਐਕਸਚੇਂਜ ਆਈਈਐਕਸ ’ਚ ਪਹਿਲੀ ਅਪ੍ਰੈਲ ਤੋਂ ਬਿਜਲੀ ਦੀ ਕੀਮਤ ਪ੍ਰਤੀ ਯੂਨਿਟ 20 ਰੁਪਏ ਦੇ ਪੱਧਰ ਤੱਕ ਪਹੁੰਚ ਗਈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਸਾਲ ਸਮੇਂ ਤੋਂ ਪਹਿਲਾਂ ਉੱਤਰ ਭਾਰਤ ’ਚ ਗਰਮੀ ਜ਼ਿਆਦਾ ਪੈਣ ਨਾਲ ਵੀ ਬਿਜਲੀ ਦੀ ਮੰਗ ’ਚ ਵਾਧਾ ਹੋਇਅ ਹੈ। ਇਸ ਸਾਲ ਮਾਰਚ ’ਚ ਬਿਜਲੀ ਦੀ ਖਪਤ ਪਿਛਲੇ ਸਾਲ ਮਾਰਚ ਦੇ ਮੁਕਾਬਲੇ 4.6 ਫ਼ੀਸਦੀ ਜ਼ਿਆਦਾ ਰਹੀ।
ਕੇਂਦਰੀ ਬਿਜਲੀ ਅਥਾਰਟੀ (ਸੀਈਏ ) ਦੀ ਰਿਪੋਰਟ ਮੁਤਾਬਕ ਭਾਰਤ ’ਚ ਬਿਜਲੀ ਦੀ ਕੁੱਲ ਉਤਪਾਦਨ ਸਮਰੱਥਾ 3.95 ਲੱਖ ਮੈਗਾਵਾਟ ਹੈ ਤੇ ਇਸ ’ਚੋਂ 2.35 ਲੱਖ ਮੈਗਾਵਾਟ ਥਰਮਲ ਬਿਜਲੀ ਹੈ। 2.10 ਲੱਖ ਮੈਗਾਵਾਟ ਬਿਜਲੀ ਦਾ ਉਤਪਾਦਨ ਕੋਲੇ ਤੋਂ ਪੈਦਾ ਹੁੰਦਾ ਹੈ ਤਾਂ ਲਗਭਗ 25,000 ਮੈਗਾਵਾਟ ਦੀ ਸਮਰੱਥਾ ਗੈਸ ਆਧਾਰਿਤ ਹੈ। ਭਾਰਤ ਹੁਣ ਵੀ ਮੁੱਖ ਤੌਰ ’ਤੇ ਬਿਜਲੀ ਲਈ ਕੋਲਾ ਆਧਾਰਤ ਪਾਵਰ ਪਲਾਂਟ ’ਤੇ ਹੀ ਨਿਰਭਰ ਕਰਦਾ ਹੈ। ਫਿਲਹਾਲ ਮੰਗ ’ਚ ਵਾਧੇ ਦੇ ਬਾਵਜੂਦ ਪਾਵਰ ਪਲਾਂਟ ਦਾ ਪੀਐੱਲਐੱਫ 60 ਫ਼ੀਸਦੀ ਤੋਂ ਘੱਟ ਹੈ।
ਰੂਸ ਤੇ ਯੂਕਰੇਨ ਦਰਮਿਆਨ ਯੁੱਧ ਕਰਕੇ ਆਲਮੀ ਪੱਧਰ ’ਤੇ ਕੋਲੇ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਇਆ ਹੈ। ਯੂਰਪ ’ਚ ਕੋਲੇ ਦੀ ਮੰਗ ਕਾਫ਼ੀ ਵਧ ਗਈ ਹੈ ਕਿਉਂਕਿ ਉੱਥੇ ਕੁਦਰਤੀ ਗੈਸ ਦੀ ਕਿੱਲਤ ਹੋ ਗਈ ਹੈ। ਇਸ ਨਾਲ ਆਯਾਤ ਕੀਤੇ ਜਾਣ ਵਾਲੇ ਕੋਲੇ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਕਰਾ ਦੀ ਰਿਪੋਰਟ ਮੁਤਾਬਕ ਆਲਮੀ ਪੱਧਰ ’ਤੇ ਕੋਲੇ ਦੀ ਕੀਮਤ ਵਧਣ ਨਾਲ ਆਯਾਤ ਕੀਤੇ ਜਾਣ ਵਾਲੇ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟ ਦੀ ਉਤਪਾਦਨ ਲਾਗਤ ’ਚ ਪਿਛਲੇ ਇਕ ਸਾਲ ’ਚ ਤਿੰਨ ਰੁਪਏ ਪ੍ਰਤੀ ਯੂਨਿਟ ਦਾ ਵਾਧਾ ਹੋ ਚੁੱਕਿਆ ਹੈ। ਘਰੇਲੂ ਪੱਧਰ ’ਤੇ ਵੀ ਦੋ ਦਿਨ ਪਹਿਲਾਂ ਤੱਕ ਪਾਵਰ ਪਲਾਂਟ ਕੋਲ ਔਸਤਨ 9 ਦਿਨ ਦਾ ਕੋਲੇ ਦਾ ਸਟਾਕ ਸੀ ਜਦਕਿ ਇਹ ਸਟਾਕ 24 ਦਿਨਾਂ ਦਾ ਹੋਣਾ ਚਾਹੀਦਾ ਹੈ।