ਜੇਐੱਨਐੱਨ, ਬੀਜਿੰਗ: ਦੁਨੀਆ'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਦੌਰਾਨ ਇਹ ਸਵਾਲ ਵੀ ਉੱਠ ਰਹੇ ਹਨ ਕਿ ਆਖ਼ਰ ਇਹ ਜਾਨਲੇਵਾ ਵਾਇਰਸ ਆਇਆ ਕਿੱਥੋਂ? ਅਮਰੀਕਾ ਇਸ ਵਾਇਰਸ ਨੂੰ ਦੁਨੀਆ 'ਚ ਫੈਲਾਉਣ ਲਈ ਚੀਨ ਨੂੰ ਦੋਸ਼ੀ ਠਹਿਰਾ ਰਿਹਾ ਹੈ। ਹਾਲਾਂਕਿ ਚੀਨ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਆ ਰਿਹਾ ਹੈ। ਚੀਨ ਉਲਟਾ ਅਮਰੀਕਾ 'ਤੇ ਕੋਰੋਨਾ ਵਾਇਰਸ ਫੈਲਾਉਣ ਦੇ ਦੋਸ਼ ਲਗਾ ਰਿਹਾ ਹੈ। ਇਸ ਦੌਰਾਨ ਚੀਨ ਨੇ ਇਕ ਵਾਰ ਮੁੜ ਸਫ਼ਾਈ ਦਿੱਤੀ ਹੈ ਕਿ ਉਨ੍ਹਾਂ ਨਾ ਤਾਂ ਕੋਵਿਡ-19 ਨੂੰ ਬਣਾਇਆ ਹੈ ਤੇ ਨਾ ਹੀ ਇਸ ਨੂੰ ਦੇਸ਼ਾਂ 'ਚ ਫੈਲਾਇਆ ਹੈ।

ਕੋਰੋਨਾ ਵਾਇਰਸ ਨੂੰ ਦੁਨੀਆ ਦੇ ਹੋਰ ਦੇਸ਼ਾਂ 'ਚ ਫੈਲਾਉਣ ਦੇ ਦੇਸ਼ 'ਤੇ ਸਫ਼ਾਈ ਦਿੰਦੇ ਹੋਏ ਚੀਨ ਨੇ ਕਿਹਾ, ਨਾ ਤਾਂ ਕੋਰੋਨਾ ਵਾਇਰਸ ਦਾ ਨਿਰਮਾਣ ਚੀਨ ਨੇ ਕੀਤਾ ਹੈ ਤੇ ਨਾ ਹੀ ਜਾਣਬੁੱਝ ਕੇ ਇਸ ਨੂੰ ਫੈਲਾਇਆ ਹੈ। ਇਸ ਵਾਇਰਸ ਲਈ ਚੀਨੀ ਵਾਇਰਸ ਜਾਂ ਵੁਹਾਨ ਵਾਇਰਸ ਜਿਹੇ ਸ਼ਬਦਾਂ ਦਾ ਇਸਤੇਮਾਲ ਗ਼ਲਤ ਹੈ। ਚੀਨੀ ਦੂਤਾਵਾਸ ਦੇ ਬੁਲਾਰੇ ਜੀ ਰੋਂਗ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਚੀਨ ਦੇ ਲੋਕਾਂ ਦੀ ਆਲੋਚਨਾ ਦੀ ਬਜਾਏ ਮਹਾਮਾਰੀ 'ਤੇ ਚੀਨ ਦੀ ਤੁਰੰਤ ਕਾਰਵਾਈ 'ਤੇ ਧਿਆਨ ਦੇਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨਾਲ ਲੜਨ ਦੀਆਂ ਕੋਸ਼ਿਸ਼ਾਂ 'ਚ ਭਾਰਤ ਤੇ ਚੀਨ ਵਿਚਾਲੇ ਸਹਿਯੋਗ 'ਤੇ ਰੋਂਗ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਸੰਚਾਰ ਬਣਾਏ ਰੱਖੇ ਹਨ ਤੇ ਔਖੇ ਸਮੇਂ 'ਚ ਮਹਾਮਾਰੀ ਦਾ ਸਾਹਮਣਾ ਕਰਨ 'ਚ ਇਕ-ਦੂਜੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਚੀਨ ਨੂੰ ਮੈਡੀਕਲ ਸਪਲਾਈ ਦਿੱਤੀ ਹੈ। ਉਨ੍ਹਾਂ ਭਾਰਤ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਤੇ ਧੰਨਵਾਦ ਕੀਤਾ।

ਡਬਲਿਊਐੱਚਓ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਰੋਂਗ ਨੇ ਕਿਹਾ, 'ਦੇਖੋ ਵਿਸ਼ਵ ਸਿਹਤ ਸੰਗਠਨ ਨੇ ਵੀ ਜ਼ੋਰ ਦੇ ਕੇ ਕਿਹਾ ਹੈ ਕਿ ਚੀਨ ਤੇ ਵੁਹਾਨ ਨੂੰ ਵਾਇਰਸ ਨਾਲ ਜੋੜਨਾ ਸਹੀ ਨਹੀਂ ਹੈ। ਜੋ ਲੋਕ ਮਨੁੱਖ ਜਾਤੀ ਲਈ ਕੀਤੇ ਗਏ ਚੀਨ ਦੇ ਯਤਨਾਂ ਨੂੰ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਸਾਰੇ ਲੋਕਾਂ ਨੇ ਸਿਹਤ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੀਨੀ ਬਲੀਦਾਨਾਂ ਦੀ ਅਣਦੇਖੀ ਕੀਤੀ ਹੈ।

Posted By: Akash Deep