"ਇਹ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ" ਕੈਪਸ਼ਨ ਦੇ ਨਾਲ ਸਾਂਝੀ ਕੀਤੀ ਗਈ ਇਸ ਤਸਵੀਰ ਦੇ ਸੰਦੇਸ਼ ਨੂੰ ਈਰਾਨ ਲਈ ਇੱਕ ਚਿਤਾਵਨੀ ਵਜੋਂ ਦੇਖਿਆ ਜਾ ਸਕਦਾ ਹੈ। ਅਸਲ ਵਿੱਚ ਨਿਊਯਾਰਕ ਟਾਈਮਜ਼ ਨੇ ਦਾਅਵਾ ਕੀਤਾ ਹੈ ਕਿ ਟਰੰਪ ਈਰਾਨ ਨੂੰ ਲੈ ਕੇ ਇੱਕ ਅਹਿਮ ਫੈਸਲਾ ਲੈਣ ਵਾਲੇ ਹਨ

ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ ਇੱਕ ਵਾਰ ਫਿਰ ਈਰਾਨ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਇਸ ਤਰ੍ਹਾਂ ਦੀ ਚਰਚਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਉੱਚ ਅਧਿਕਾਰੀਆਂ ਨਾਲ ਇਸ ਬਾਰੇ ਚਰਚਾ ਕੀਤੀ ਹੈ। ਇਸ ਸਭ ਦੇ ਵਿਚਕਾਰ ਟਰੰਪ ਨੇ ਧਮਕੀ ਭਰੇ ਲਹਿਜੇ ਵਿੱਚ ਕਿਹਾ ਕਿ ਇਹ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ।
ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇੱਕ ਏਆਈ (AI) ਵਾਲੀ ਤਸਵੀਰ ਵਿੱਚ ਟਰੰਪ ਨੂੰ "ਮੇਕ ਅਮਰੀਕਾ ਗ੍ਰੇਟ ਅਗੇਨ" ਵਾਲੀ ਟੋਪੀ ਪਹਿਨੇ ਦੇਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਨਾਲ ਯੂਐਸ ਨੇਵੀ ਦੇ ਇੱਕ ਐਡਮਿਰਲ ਹਨ। ਇਸ ਤਸਵੀਰ ਵਿੱਚ ਇਹ ਦੋਵੇਂ ਉੱਛਲਦੇ ਪਾਣੀ ਅਤੇ ਬਿਜਲੀ ਲਿਸ਼ਕਣ ਦੇ ਵਿਚਕਾਰ ਨੇਵੀ ਦੇ ਇੱਕ ਜਹਾਜ਼ 'ਤੇ ਸਵਾਰ ਨਜ਼ਰ ਆ ਰਹੇ ਹਨ ਅਤੇ ਬੈਕਗ੍ਰਾਊਂਡ ਵਿੱਚ ਈਰਾਨੀ ਜਹਾਜ਼ ਦਿਖਾਈ ਦੇ ਰਹੇ ਹਨ।
ਈਰਾਨ ਨੂੰ ਚਿਤਾਵਨੀ
"ਇਹ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ" ਕੈਪਸ਼ਨ ਦੇ ਨਾਲ ਸਾਂਝੀ ਕੀਤੀ ਗਈ ਇਸ ਤਸਵੀਰ ਦੇ ਸੰਦੇਸ਼ ਨੂੰ ਈਰਾਨ ਲਈ ਇੱਕ ਚਿਤਾਵਨੀ ਵਜੋਂ ਦੇਖਿਆ ਜਾ ਸਕਦਾ ਹੈ। ਅਸਲ ਵਿੱਚ ਨਿਊਯਾਰਕ ਟਾਈਮਜ਼ ਨੇ ਦਾਅਵਾ ਕੀਤਾ ਹੈ ਕਿ ਟਰੰਪ ਈਰਾਨ ਨੂੰ ਲੈ ਕੇ ਇੱਕ ਅਹਿਮ ਫੈਸਲਾ ਲੈਣ ਵਾਲੇ ਹਨ। ਉਨ੍ਹਾਂ ਦੇ ਚੋਟੀ ਦੇ ਸਹਿਯੋਗੀ ਹਵਾਈ ਹਮਲੇ ਫਿਰ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ।
ਟਰੰਪ ਨੇ ਇਹ ਤਸਵੀਰ ਅਜਿਹੇ ਸਮੇਂ ਸਾਂਝੀ ਕੀਤੀ, ਜਦੋਂ ਮਿਡਲ-ਈਸਟ (ਮੱਧ ਪੂਰਬ) ਵਿੱਚ 8 ਅਪ੍ਰੈਲ ਨੂੰ ਹੋਈ ਜੰਗਬੰਦੀ ਅਜੇ ਵੀ ਲਾਗੂ ਹੈ ਪਰ ਅਹਿਮ ਸਮੁੰਦਰੀ ਮਾਰਗ 'ਸਟਰੇਟ ਆਫ਼ ਹੋਰਮੁਜ਼' ਨੂੰ ਲੈ ਕੇ ਤਣਾਅ ਘੱਟ ਹੋਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ ਹਨ।
ਟਰੰਪ ਨੇ ਈਰਾਨ ਨੂੰ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਕੋਈ ਸ਼ਾਂਤੀ ਸਮਝੌਤਾ ਨਾ ਹੋਇਆ ਤਾਂ ਉਸ ਲਈ ਬਹੁਤ ਮਾੜਾ ਸਮਾਂ ਆ ਸਕਦਾ ਹੈ। ਟਰੰਪ ਨੇ ਇੱਕ ਟੈਲੀਫ਼ੋਨ ਇੰਟਰਵਿਊ ਵਿੱਚ ਫਰਾਂਸੀਸੀ ਬ੍ਰੌਡਕਾਸਟਰ BFMTV ਨੂੰ ਕਿਹਾ, "ਸਮਝੌਤੇ ਤੱਕ ਪਹੁੰਚਣ ਵਿੱਚ ਉਨ੍ਹਾਂ ਦਾ ਵੀ ਫਾਇਦਾ ਹੈ।"
ਈਰਾਨ ਨੇ ਕੀ ਕਿਹਾ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਟਰੰਪ ਪ੍ਰਸ਼ਾਸਨ ਤੋਂ ਅਜਿਹੇ ਸੰਦੇਸ਼ ਮਿਲੇ ਹਨ ਜਿਨ੍ਹਾਂ ਤੋਂ ਲੱਗਦਾ ਹੈ ਕਿ ਉਹ ਨਵੀਂ ਗੱਲਬਾਤ ਲਈ ਤਿਆਰ ਹਨ ਪਰ ਉਨ੍ਹਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਵਾਸ਼ਿੰਗਟਨ ਦੇ ਅਸਲੀ ਇਰਾਦਿਆਂ ਨੂੰ ਲੈ ਕੇ ਅਵਿਸ਼ਵਾਸ ਅਜੇ ਵੀ ਬਣਿਆ ਹੋਇਆ ਹੈ।
ਹਾਲਾਂਕਿ ਪਿਛਲੇ ਮਹੀਨੇ ਜੰਗਬੰਦੀ 'ਤੇ ਸਹਿਮਤੀ ਬਣ ਗਈ ਸੀ ਫਿਰ ਵੀ ਇੱਕ ਸਥਾਈ ਸ਼ਾਂਤੀ ਸਮਝੌਤਾ ਅਜੇ ਵੀ ਇੱਕ ਦੂਰ ਦਾ ਟੀਚਾ ਬਣਿਆ ਹੋਇਆ ਹੈ। ਖਾੜੀ ਖੇਤਰ ਵਿੱਚ ਅਮਰੀਕਾ ਨੇ ਆਪਣੇ ਕੁਝ ਪ੍ਰਮੁੱਖ ਜੰਗੀ ਜਹਾਜ਼ਾਂ ਦੀ ਤਾਇਨਾਤੀ ਬਣਾਈ ਰੱਖੀ। ਹਾਲਾਂਕਿ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਵਾਹਕ ਪੋਤ (ਏਅਰਕ੍ਰਾਫਟ ਕੈਰੀਅਰ) USS Gerald R Ford 11 ਮਹੀਨਿਆਂ ਦੀ ਤਾਇਨਾਤੀ ਤੋਂ ਬਾਅਦ ਆਪਣੇ ਦੇਸ਼ ਪਰਤ ਆਇਆ ਹੈ।