ਸਾਈਬਰ ਬੁਲਿੰਗ ਤੇ ਅਸ਼ਲੀਲਤਾ ਵਿਰੁੱਧ ਵੱਡੀ ਜੰਗ: YouTube, TikTok ਤੇ FB 'ਤੇ ਬੱਚਿਆਂ ਦੇ ਅਕਾਊਂਟ ਹੋਣਗੇ ਬੰਦ
ਇਸ ਕਦਮ ਦੇ ਨਾਲ ਹੀ ਇੰਡੋਨੇਸ਼ੀਆ ਦੱਖਣੀ-ਪੂਰਬ ਏਸ਼ੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ, ਜਿਸਨੇ ਯੂਟਿਊਬ, ਟਿਕਟਾਕ, ਫੇਸਬੁੱਕ, ਇੰਸਟਾਗ੍ਰਾਮ, ਥ੍ਰੈੱਡ, ਐਕਸ ਆਦਿ ’ਤੇ ਬੱਚਿਆਂ ਦੇ ਅਕਾਊਂਟ ਬਣਾਉਣ ’ਤੇ ਰੋਕ ਲਗਾ ਦਿੱਤੀ ਹੈ।
Publish Date: Sun, 29 Mar 2026 08:31 AM (IST)
Updated Date: Sun, 29 Mar 2026 08:33 AM (IST)
ਜ਼ਕਾਰਤਾ (ਏਪੀ) : ਇੰਡੋਨੇਸ਼ੀਆ ਦੀ ਸਰਕਾਰ ਨੇ ਸ਼ਨਿਚਰਵਾਰ ਨੂੰ ਬੱਚਿਆਂ ਦੇ ਇੰਟਰਨੈੱਟ ਮੀਡੀਆ ਦੀ ਵਰਤੋਂ ’ਤੇ ਪਾਬੰਦੀਆਂ ਲਾਗੂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨੂੰ ਮਹੀਨੇ ਦੀ ਸ਼ੁਰੂਆਤ ’ਚ ਮਨਜ਼ੂਰੀ ਮਿਲੀ ਸੀ। ਇਹ ਨਿਯਮ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਜਿਹੇ ਡਿਜੀਟਲ ਪਲੇਟਫਾਰਮ ਦੀ ਵਰਤੋਂ ਕਰਨ ਤੋਂ ਰੋਕਦਾ ਹੈ, ਜਿਥੇ ਉਨ੍ਹਾਂ ਨੂੰ ਪੋਰਨੋਗ੍ਰਾਫੀ, ਸਾਈਬਰਬੁਲਿੰਗ, ਆਨਲਾਈਨ ਘੁਟਾਲਿਆਂ ਤੇ ਆਦਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਦਮ ਦੇ ਨਾਲ ਹੀ ਇੰਡੋਨੇਸ਼ੀਆ ਦੱਖਣੀ-ਪੂਰਬ ਏਸ਼ੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ, ਜਿਸਨੇ ਯੂਟਿਊਬ, ਟਿਕਟਾਕ, ਫੇਸਬੁੱਕ, ਇੰਸਟਾਗ੍ਰਾਮ, ਥ੍ਰੈੱਡ, ਐਕਸ ਆਦਿ ’ਤੇ ਬੱਚਿਆਂ ਦੇ ਅਕਾਊਂਟ ਬਣਾਉਣ ’ਤੇ ਰੋਕ ਲਗਾ ਦਿੱਤੀ ਹੈ। ਇਹ ਕਦਮ ਆਸਟ੍ਰੇਲੀਆ ਵੱਲੋਂ ਪਿਛਲੇ ਸਾਲ ਕੀਤੇ ਗਏ ਉਪਾਵਾਂ ਤੋਂ ਬਾਅਦ ਆਇਆ ਹੈ। ਆਸਟ੍ਰੇਲੀਆ ਨੇ ਬੱਚਿਆਂ ਲਈ ਇੰਟਰਨੈੱਟ ਮੀਡੀਆ ’ਤੇ ਰੋਕ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਕਦਮ ਚੁੱਕਿਆ ਸੀ। ਇੰਡੋਨੇਸ਼ੀਆ ਨੇ ਕਿਹਾ ਹੈ ਕਿ ਇਨ੍ਹਾਂ ਪਾਬੰਦੀਆਂ ਨੂੰ ਹੌਲੀ-ਹੌਲੀ ਲਾਗੂ ਕੀਤਾ ਜਾਵੇਗਾ, ਜਦੋਂ ਤੱਕ ਸਾਰੇ ਪਲੇਟਫਾਰਮ ਇਸ ਨਿਯਮ ਦੀ ਪਾਲਣਾ ਨਹੀਂ ਕਰਦੇ।