ਸੰਦੇਸ਼ ਸਾਫ਼ ਹੈ। ਸਵੇਰੇ ਜਲਦੀ ਉੱਠਣ ਦਾ ਮਤਲਬ ਹੈ ਕਿ ਤੁਹਾਡੀ ਕਾਮਯਾਬੀ ਤੈਅ ਹੈ ਪਰ ਵਿਗਿਆਨ ਅਜਿਹਾ ਨਹੀਂ ਮੰਨਦਾ। ਵਿਗਿਆਨ ਕਹਿੰਦਾ ਹੈ ਕਿ ਸਵੇਰੇ ਜਲਦੀ ਉੱਠਣਾ ਆਪਣੇ ਆਪ ’ਚ ਕਾਮਯਾਬੀ ਦੀ ਗਾਰੰਟੀ ਨਹੀਂ ਹੈ।

ਲੰਡਨ, ਦ ਕਨਵਰਸੇਸ਼ਨ : ਲੰਬੇ ਸਮੇਂ ਤੋਂ ਇਹ ਮੰਨਿਆ ਜਾਂਦਾ ਹੈ ਕਿ ਸਵੇਰੇ ਸੂਰਜ ਚੜ੍ਹਣ ਤੋਂ ਪਹਿਲਾਂ ਉੱਠਣ ਵਾਲਾ ਵਿਅਕਤੀ ਸਿਹਤਯਾਬ ਰਹਿੰਦਾ ਹੈ ਤੇ ਜੀਵਨ ’ਚ ਵੱਡੀ ਕਾਮਯਾਬੀ ਹਾਸਲ ਕਰਦਾ ਹੈ। ਇੰਟਰਨੈੱਟ ਮੀਡੀਆ ’ਤੇ ਵੀ ਅਜਿਹੇ ਸੰਦੇਸ਼ਾਂ ਦੀ ਭਰਮਾਰ ਹੈ, ਜੋ ਦੱਸਦੇ ਹਨ ਕਿ ਜਲਦੀ ਉੱਠ ਕੇ ਦਿਨ ਦੀ ਸ਼ੁਰੂਆਤ ਕਰਨ ਦਾ ਮਤਲਬ ਹੈ ਕਿ ਤੁਸੀਂ ਅੱਧੀ ਜੰਗ ਪਹਿਲਾਂ ਹੀ ਜਿੱਤ ਲਈ ਹੈ। ਐਪਲ ਦੇ ਸੀਈਓ ਟਿਕ ਕੁਕ, ਸਫਲ ਉੱਦਮੀ ਰਿਚਰਡ ਬ੍ਰੈਨਸਨ ਤੇ ਹਾਲੀਵੁਡ ਐਕਟਰ ਜੈਨੀਫਰ ਐਨਿਸਟਨ ਵਰਗੇ ਵੱਡੇ ਨਾਂ ਵੀ ਗਿਣਾਏ ਜਾਂਦੇ ਹਨ, ਜੋ ਆਪਣੇ ਦਿਨ ਦੀ ਸ਼ੁਰੂਆਤ ਜਲਦ ਕਰਦੇ ਹਨ। ਸੰਦੇਸ਼ ਸਾਫ਼ ਹੈ। ਸਵੇਰੇ ਜਲਦੀ ਉੱਠਣ ਦਾ ਮਤਲਬ ਹੈ ਕਿ ਤੁਹਾਡੀ ਕਾਮਯਾਬੀ ਤੈਅ ਹੈ ਪਰ ਵਿਗਿਆਨ ਅਜਿਹਾ ਨਹੀਂ ਮੰਨਦਾ। ਵਿਗਿਆਨ ਕਹਿੰਦਾ ਹੈ ਕਿ ਸਵੇਰੇ ਜਲਦੀ ਉੱਠਣਾ ਆਪਣੇ ਆਪ ’ਚ ਕਾਮਯਾਬੀ ਦੀ ਗਾਰੰਟੀ ਨਹੀਂ ਹੈ। ਲੋਕ ਆਮ ਤੌਰ ’ਤੇ ਬਿਹਤਰ ਪ੍ਰਦਰਸ਼ਨ ਤਦ ਕਰਦੇ ਹਨ, ਜਦ ਉਨ੍ਹਾਂ ਦੀ ਰੂਟੀਨ ਉਨ੍ਹਾਂ ਦੇ ਸਰੀਰ ਦੀ ਕੁਦਰਤੀ ਘੜੀ ਨਾਲ ਮੇਲ ਖਾਂਦੀ ਹੈ। ਬਹੁਤ ਸਾਰੇ ਲੋਕਾਂ ਦਾ ਸਰੀਰ ਅਜਿਹਾ ਹੋ ਸਕਦਾ ਹੈ ਜੋ ਸਵੇਰੇ ਪੰਜ ਵਜੇ ਦੀ ਰੂਟੀਨ ਸਵੀਕਾਰ ਨਾ ਕਰੇ। ਅਜਿਹਾ ਕਰਨ ਨਾਲ ਉਨ੍ਹਾਂ ਦੀ ਸਿਹਤ ਤੇ ਉਤਪਾਦਕਤਾ ਦੋਵਾਂ ’ਤੇ ਬੁਰਾ ਅਸਰ ਪੈ ਸਕਦਾ ਹੈ। ਕਾਫ਼ੀ ਕੁਝ ਵਿਅਕਤੀ ਵਿਸ਼ੇਸ਼ ਦੀ ਜੈਵਿਕ ਰਿਦਮ ਜਾਂ ਕ੍ਰੋਨੋਟਾਈਪ ’ਤੇ ਨਿਰਭਰ ਕਰਦਾ ਹੈ। ਕ੍ਰੋਨੋਟਾਈਪ ਦੱਸਦਾ ਹੈ ਕਿ ਵਿਅਕਤੀ ਕਦ ਸੁਭਾਵਿਕ ਰੂਪ ਨਾਲ ਚੌਕਸ ਜਾਂ ਸੁਸਤ ਮਹਿਸੂਸ ਕਰਦਾ ਹੈ ਤੇ ਜੈਨੇਟਿਕਸ ਇਸ ਨੂੰ ਤੈਅ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਜੈਨੇਟਿਕਸ ਤੈਅ ਕਰਦੇ ਹਨ ਤੁਹਾਡਾ ਟਾਈਪ
ਕ੍ਰੋਨੋਟਾਈਪ ਦੋ ਤਰ੍ਹਾਂ ਦਾ ਹੁੰਦਾ ਹੈ। ਇਕ ਹੈ ਮਾਰਨਿੰਗ ਟਾਈਪ ਤੇ ਦੂਜਾ ਹੈ ਇਵਨਿੰਗ ਟਾਈਪ। ਮਾਰਨਿੰਗ ਟਾਈਪ ਵਾਲੇ ਲੋਕ ਸਵੇਰੇ ਜਲਦੀ ਉੱਠ ਜਾਂਦੇ ਹਨ ਤੇ ਇਸ ਤੋਂ ਤੁਰੰਤ ਬਾਅਦ ਹੀ ਪੂਰੀ ਤਰ੍ਹਾਂ ਨਾਲ ਚੌਕਸ ਮਹਿਸੂਸ ਕਰਦੇ ਹਨ। ਇਨ੍ਹਾਂ ਲੋਕਾਂ ਨੂੰ ਸਵੇਰੇ ਜਲਦੀ ਉੱਠਣ ਲਈ ਅਲਾਰਮ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈ। ਉਥੇ ਇਵਨਿੰਗ ਟਾਈਪ ਵਾਲੇ ਦੁਪਹਿਰ ਬਾਅਦ ਜ਼ਿਆਦਾ ਊਰਜਾਵਾਨ ਮਹਿਸੂਸ ਕਰਦੇ ਹਨ ਤੇ ਰਾਤ ’ਚ ਵੱਧ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਨ। ਬਹੁਤ ਸਾਰੇ ਲੋਕ ਨਾ ਤਾਂ ਪੂਰੀ ਤਰ੍ਹਾਂ ਮਾਰਨਿੰਗ ਟਾਈਪ ਵਾਲੇ ਹੁੰਦੇ ਹਨ ਤੇ ਨਾ ਹੀ ਪੂਰੀ ਤਰ੍ਹਾਂ ਇਵਨਿੰਗ ਟਾਈਪ ਵਾਲੇ, ਉਹ ਕਿਤੇ ਵਿਚਾਲੇ ਦੀ ਸਥਿਤੀ ’ਚ ਹੁੰਦੇ ਹਨ।
ਮਾਰਨਿੰਗ ਟਾਈਪ ਵਾਲਿਆਂ ਦਾ ਪ੍ਰਦਰਸ਼ਨ ਬਿਹਤਰ
ਅਧਿਐਨਾਂ ’ਚ ਕ੍ਰੋਨੋਟਾਈਪ ਵਿਚਾਲੇ ਫ਼ਰਕ ਵੀ ਸਾਹਮਣੇ ਆਇਆ ਹੈ। ਮਾਰਨਿੰਗ ਟਾਈਪ ਵਾਲੇ ਲੋਕਾਂ ਦਾ ਅਕੈਡਮਿਕ ਪ੍ਰਦਰਸ਼ਨ ਆਮ ਤੌਰ ’ਤੇ ਚੰਗਾ ਰਹਿੰਦਾ ਹੈ। ਅਜਿਹੇ ਲੋਕ ਸਮੋਕਿੰਗ, ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਵੀ ਦੂਰ ਰਹਿੰਦੇ ਹਨ ਤੇ ਰੈਗੂਲਰ ਕਸਰਤ ਵੀ ਕਰਦੇ ਹਨ।
ਇਵਨਿੰਗ ਟਾਈਪ ਵਾਲਿਆਂ ਦੀ ਸਿਹਤ ਹੋ ਸਕਦੀ ਹੈ ਖ਼ਰਾਬ
ਇਵਨਿੰਗ ਟਾਈਪ ਵਾਲਿਆਂ ਦੇ ਨਾਲ ਇਸ ਗੱਲ ਦੀ ਸੰਭਾਵਨਾ ਵੱਧ ਰਹਿੰਦੀ ਹੈ ਕਿ ਉਹ ਕੰਮ ਤੋਂ ਬੁਰੀ ਤਰ੍ਹਾਂ ਉਕਤਾ ਜਾਣ। ਉਨ੍ਹਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਵੀ ਖ਼ਰਾਬ ਹੋ ਸਕਦੀ ਹੈ। ਇਵਨਿੰਗ ਟਾਈਪ ਵਾਲਿਆਂ ਦੀ ਕੰਮਕਾਜੀ ਜ਼ਿੰਦਗੀ ਵੀ ਘੱਟ ਵਿਵਸਥਿਤ ਹੁੰਦੀ ਹੈ। ਇਸ ਨਾਲ ਉਨ੍ਹਾਂ ਨੂੰ ਨੀਂਦ ਨਾ ਪੂਰੀ ਹੋਣ, ਥਕਾਨ ਤੇ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੁਦਰਤੀ ਰਿਦਮ ਦੇ ਉਲਟ ਰੂਟੀਨ ਨਾਲ ਨੁਕਸਾਨ
ਆਮ ਧਾਰਨਾ ਹੈ ਕਿ ਸਵੇਰੇ ਜਲਦੀ ਉੱਠਣ ਦੀ ਰੂਟੀਨ ਅਪਣਾਉਣ ਨਾਲ ਤੁਹਾਨੂੰ ਉਹੀ ਫ਼ਾਇਦੇ ਮਿਲ ਸਕਦੇ ਹਨ ਜੋ ਮਾਰਨਿੰਗ ਟਾਈਪ ਵਾਲਿਆਂ ਨੂੰ ਮਿਲਦੇ ਹਨ। ਹਾਲਾਂਕਿ ਕ੍ਰੋਨੋਟਾਈਪ ਆਸਾਨੀ ਨਾਲ ਨਹੀਂ ਬਦਲਦਾ ਹੈ। ਇਸ ਨੂੰ ਤੁਹਾਡੇ ਜੈਨੇਟਿਕਸ ਤੇ ਸਰਕੇਡੀਅਨ ਰਿਦਮ ਭਾਵ ਸਰੀਰ ਦੀ ਕੁਦਰਤੀ ਘੜੀ ਆਕਾਰ ਦਿੰਦੀ ਹੈ। ਬਹੁਤ ਸਾਰੇ ਇਵਨਿੰਗ ਟਾਈਪ ਵਾਲੇ ਲੋਕ ਜੇ ਆਪਣੇ ਕੁਦਰਤੀ ਰਿਦਮ ਦੇ ਉਲਟ ਜਾ ਕੇ ਸਵੇਰੇ ਜਲਦੀ ਉੱਠਦੇ ਹਨ ਤਾਂ ਉਨ੍ਹਾਂ ਨੂੰ ਸਮੇਂ ਦੇ ਨਾਲ ਨੀਂਦ ਪੂਰੀ ਨਾ ਹੋਣ, ਇਕਾਗਰਤਾ ’ਚ ਕਮੀ ਤੇ ਖ਼ਰਾਬ ਮੂਡ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।