'ਆਪਣੇ ਖ਼ਿਲਾਫ਼ ਜੰਗ ਨੂੰ ਫਾਈਨਾਂਸ ਕਰ ਰਿਹਾ ਯੂਰਪ', ਭਾਰਤ-EU ਦੀ ‘ਮਦਰ ਆਫ਼ ਆਲ ਡੀਲਜ਼’ ਤੋਂ ਚਿੜ੍ਹਿਆ ਅਮਰੀਕਾ
ਬੇਸੈਂਟ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਭਾਰਤ ਅਤੇ ਯੂਰਪੀ ਸੰਘ ਨੇ ਲੰਬੇ ਸਮੇਂ ਤੋਂ ਲਟਕ ਰਹੇ ਮੁਕਤ ਵਪਾਰ ਸਮਝੌਤੇ (FTA) 'ਤੇ ਗੱਲਬਾਤ ਪੂਰੀ ਕਰ ਲਈ ਹੈ। ਇਸ ਡੀਲ ਦਾ ਰਸਮੀ ਐਲਾਨ ਅੱਜ ਮੰਗਲਵਾਰ ਨੂੰ ਹੋਣ ਵਾਲਾ ਹੈ।
Publish Date: Tue, 27 Jan 2026 10:10 AM (IST)
Updated Date: Tue, 27 Jan 2026 10:14 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤ ਅਤੇ ਯੂਰਪੀ ਸੰਘ ਵਿਚਕਾਰ ਮੰਗਲਵਾਰ 27 ਜਨਵਰੀ ਨੂੰ ਇਕ ਵੱਡੀ ਵਪਾਰਕ ਡੀਲ (Trade Deal) ਹੋਣ ਜਾ ਰਹੀ ਹੈ। ਭਾਰਤ ਅਤੇ EU ਵਿਚਾਲੇ ਹੋਣ ਵਾਲੇ ਇਸ ਸਮਝੌਤੇ 'ਤੇ ਅਮਰੀਕਾ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਭਾਰਤ ਅਤੇ ਯੂਰਪੀ ਸੰਘ ਦੇ ਵਪਾਰਕ ਸਬੰਧ ਮਜ਼ਬੂਤ ਹੋਣ ਕਾਰਨ ਅਮਰੀਕਾ ਚਿੜ੍ਹ ਗਿਆ ਹੈ। ਅਮਰੀਕੀ ਟ੍ਰੇਜ਼ਰੀ ਸੈਕਟਰੀ (Treasury Secretary) ਸਕੌਟ ਬੇਸੈਂਟ ਨੇ ਕਿਹਾ ਕਿ ਭਾਰਤ ਨਾਲ ਡੀਲ ਸਾਈਨ ਕਰ ਕੇ ਯੂਰਪੀ ਸੰਘ ਆਪਣੇ ਹੀ ਖ਼ਿਲਾਫ਼ ਜੰਗ ਦਾ ਐਲਾਨ ਕਰ ਰਿਹਾ ਹੈ।
ਅਮਰੀਕਾ ਨੇ ਯੂਰਪੀ ਸੰਘ ਨੂੰ ਦਿੱਤੀ ਚਿਤਾਵਨੀ
ਅਮਰੀਕਾ ਦੇ ਟ੍ਰੇਜ਼ਰੀ ਸੈਕਟਰੀ ਸਕੌਟ ਬੇਸੈਂਟ ਨੇ ਚਿਤਾਵਨੀ ਦਿੱਤੀ ਕਿ ਯੂਰਪ, ਭਾਰਤ ਨਾਲ 'ਮਦਰ ਆਫ਼ ਆਲ ਟ੍ਰੇਡ ਡੀਲਜ਼' 'ਤੇ ਦਸਤਖ਼ਤ ਕਰ ਕੇ ਆਪਣੇ ਵਿਰੁੱਧ ਜੰਗ ਨੂੰ ਖ਼ੁਦ ਫੰਡ ਦੇ ਰਿਹਾ ਹੈ। ਸਕੌਟ ਬੇਸੈਂਟ ਨੇ ਕਿਹਾ, "ਯੂਰਪ ਨੇ ਮਾਸਕੋ (ਰੂਸ) ਨਾਲ ਸਿੱਧੇ ਊਰਜਾ ਸਬੰਧ ਕਾਫ਼ੀ ਹੱਦ ਤਕ ਖ਼ਤਮ ਕਰ ਦਿੱਤੇ ਹੋਣਗੇ, ਪਰ ਉਹ ਭਾਰਤ ਵਿੱਚ ਰਿਫਾਈਨ ਕੀਤੇ ਗਏ ਰੂਸੀ ਤੇਲ ਉਤਪਾਦ ਖ਼ਰੀਦ ਕੇ ਅਸਿੱਧੇ ਤੌਰ 'ਤੇ ਰੂਸ-ਯੂਕਰੇਨ ਜੰਗ ਨੂੰ ਫੰਡ ਦੇ ਰਹੇ ਹਨ, ਜਦੋਂ ਕਿ ਵਾਸ਼ਿੰਗਟਨ ਨੇ ਨਵੀਂ ਦਿੱਲੀ 'ਤੇ ਟੈਰਿਫ ਲਗਾਏ ਹਨ।"
ਬੇਸੈਂਟ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਭਾਰਤ ਅਤੇ ਯੂਰਪੀ ਸੰਘ ਨੇ ਲੰਬੇ ਸਮੇਂ ਤੋਂ ਲਟਕ ਰਹੇ ਮੁਕਤ ਵਪਾਰ ਸਮਝੌਤੇ (FTA) 'ਤੇ ਗੱਲਬਾਤ ਪੂਰੀ ਕਰ ਲਈ ਹੈ। ਇਸ ਡੀਲ ਦਾ ਰਸਮੀ ਐਲਾਨ ਮੰਗਲਵਾਰ ਨੂੰ ਹੋਣ ਵਾਲਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ-ਯੂਕਰੇਨ ਸੰਘਰਸ਼ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅਮਰੀਕਾ ਨੇ ਯੂਰਪੀ ਸੰਘ ਦੇ ਮੁਕਾਬਲੇ ਕਿਤੇ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਹਨ।
ਭਾਰਤ ਅਤੇ ਯੂਰਪੀ ਸੰਘ ਵਿਚਾਲੇ ਵਪਾਰਕ ਸਮਝੌਤਾ
ਮੌਜੂਦਾ ਟੈਕਸ: ਯੂਰਪੀ ਸੰਘ ਇਸ ਵੇਲੇ ਭਾਰਤ ਤੋਂ ਆਉਣ ਵਾਲੇ ਸਾਮਾਨ 'ਤੇ ਲਗਪਗ 10 ਫ਼ੀਸਦੀ ਟੈਕਸ ਲਗਾਉਂਦਾ ਹੈ (ਜੋ ਆਮ ਤੌਰ 'ਤੇ 3.8% ਹੋਣਾ ਚਾਹੀਦਾ ਹੈ)। ਭਾਰਤ ਯੂਰਪੀ ਵਸਤਾਂ 'ਤੇ ਔਸਤਨ 9.3 ਫ਼ੀਸਦੀ ਟੈਕਸ ਲਗਾਉਂਦਾ ਹੈ। ਇਸ ਵਿੱਚ ਆਟੋਮੋਬਾਈਲਜ਼ 'ਤੇ ਸਭ ਤੋਂ ਵੱਧ 35.5% ਅਤੇ ਪਲਾਸਟਿਕ 'ਤੇ 10.4% ਟੈਕਸ ਹੈ।
ਡੀਲ ਤੋਂ ਬਾਅਦ ਉਮੀਦ
ਇਸ ਇਤਿਹਾਸਕ ਡੀਲ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਜ਼ਿਆਦਾਤਰ ਵਸਤੂਆਂ 'ਤੇ ਇਹ ਟੈਕਸ ਘਟਾਇਆ ਜਾ ਸਕਦਾ ਹੈ ਜਾਂ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ।