ਅਫ਼ਗਾਨਿਸਤਾਨ ਵਿੱਚ ਵਧ ਰਹੀ ਭੁੱਖਮਰੀ ਅਤੇ ਆਰਥਿਕ ਮੰਦਹਾਲੀ ਨੇ ਇਨਸਾਨੀਅਤ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਤਸਵੀਰ ਸਾਹਮਣੇ ਲਿਆਂਦੀ ਹੈ। ਦੇਸ਼ ਦੇ ਕਈ ਹਿੱਸਿਆਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿੱਥੇ ਪਰਿਵਾਰ ਪੇਟ ਭਰਨ, ਇਲਾਜ ਕਰਵਾਉਣ ਅਤੇ ਕਰਜ਼ਾ ਚੁਕਾਉਣ ਲਈ ਆਪਣੀਆਂ ਛੋਟੀਆਂ ਧੀਆਂ ਨੂੰ ਵੇਚਣ ਤੱਕ ਲਈ ਮਜਬੂਰ ਹਨ।

ਸੰਯੁਕਤ ਰਾਸ਼ਟਰ (UN) ਮੁਤਾਬਕ, ਅਫ਼ਗਾਨਿਸਤਾਨ ਵਿੱਚ ਹਰ ਚਾਰ ਵਿੱਚੋਂ ਤਿੰਨ ਲੋਕ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਕਰ ਪਾ ਰਹੇ ਹਨ। ਬੇਰੁਜ਼ਗਾਰੀ, ਕਮਜ਼ੋਰ ਸਿਹਤ ਪ੍ਰਣਾਲੀ ਅਤੇ ਅੰਤਰਰਾਸ਼ਟਰੀ ਸਹਾਇਤਾ ਵਿੱਚ ਭਾਰੀ ਕਟੌਤੀ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਯੂਐੱਨ ਦਾ ਅਨੁਮਾਨ ਹੈ ਕਿ ਕਰੀਬ 47 ਲੱਖ ਲੋਕ ਭੁੱਖਮਰੀ ਦੀ ਕਗਾਰ 'ਤੇ ਪਹੁੰਚ ਚੁੱਕੇ ਹਨ।
ਬੀਬੀਸੀ (BBC) ਦੀ ਰਿਪੋਰਟ ਅਨੁਸਾਰ, ਅਫ਼ਗਾਨਿਸਤਾਨ ਦੇ ਘੋਰ ਸੂਬੇ ਵਿੱਚ ਰਹਿਣ ਵਾਲੇ ਅਬਦੁਲ ਰਸ਼ੀਦ ਅਜ਼ੀਮੀ ਨੇ ਦੱਸਿਆ ਕਿ ਉਹ ਆਪਣੀਆਂ ਸੱਤ ਸਾਲਾਂ ਦੀਆਂ ਜੁੜਵਾਂ ਧੀਆਂ ਰੋਕੀਆ ਅਤੇ ਰੋਹਿਲਾ ਵਿੱਚੋਂ ਇੱਕ ਨੂੰ ਵੇਚਣ ਬਾਰੇ ਵਿਚਾਰ ਕਰ ਰਹੇ ਹਨ। ਅਬਦੁਲ ਰਸ਼ੀਦ ਨੇ ਰੋਂਦੇ ਹੋਏ ਕਿਹਾ, "ਮੈਂ ਆਪਣੀਆਂ ਧੀਆਂ ਨੂੰ ਵੇਚਣ ਲਈ ਤਿਆਰ ਹਾਂ। ਮੈਂ ਗਰੀਬ ਹਾਂ, ਕਰਜ਼ੇ ਵਿੱਚ ਡੁੱਬਿਆ ਹੋਇਆ ਹਾਂ ਅਤੇ ਬੇਵਸ ਹਾਂ।"
ਉਨ੍ਹਾਂ ਕਿਹਾ, "ਮੈਂ ਜਦੋਂ ਕੰਮ ਤੋਂ ਘਰ ਪਰਤਦਾ ਹਾਂ ਤਾਂ ਬੁੱਲ੍ਹ ਸੁੱਕੇ ਹੁੰਦੇ ਹਨ, ਭੁੱਖਾ-ਪਿਆਸਾ ਅਤੇ ਪਰੇਸ਼ਾਨ ਰਹਿੰਦਾ ਹਾਂ। ਮੇਰੇ ਬੱਚੇ ਕਹਿੰਦੇ ਹਨ- ਬਾਬਾ, ਸਾਨੂੰ ਰੋਟੀ ਦਿਓ। ਪਰ ਮੈਂ ਕੀ ਦੇਵਾਂ? ਕੰਮ ਕਿੱਥੇ ਹੈ?"
ਰਿਪੋਰਟ ਮੁਤਾਬਕ, ਗੱਲਬਾਤ ਦੌਰਾਨ ਅਬਦੁਲ ਆਪਣੀ ਧੀ ਰੋਹਿਲਾ ਨੂੰ ਗਲ਼ ਨਾਲ ਲਗਾ ਕੇ ਵਾਰ-ਵਾਰ ਚੁੰਮ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਉਨ੍ਹਾਂ ਦਾ ਦਿਲ ਤੋੜ ਰਿਹਾ ਹੈ, ਪਰ ਪਰਿਵਾਰ ਨੂੰ ਜ਼ਿੰਦਾ ਰੱਖਣ ਲਈ ਉਨ੍ਹਾਂ ਕੋਲ ਕੋਈ ਦੂਜਾ ਰਸਤਾ ਨਹੀਂ ਬਚਿਆ।
ਇੱਕ ਹੋਰ ਪਿਤਾ ਸਈਦ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਪੰਜ ਸਾਲ ਦੀ ਧੀ ਸ਼ਾਇਕਾ ਨੂੰ ਇੱਕ ਰਿਸ਼ਤੇਦਾਰ ਦੇ ਹਵਾਲੇ ਕਰਨਾ ਪਿਆ, ਕਿਉਂਕਿ ਉਸ ਦੇ ਅਪੈਂਡਿਕਸ ਅਤੇ ਲਿਵਰ ਵਿੱਚ ਸਿਸਟ (ਗੰਢ) ਦਾ ਇਲਾਜ ਕਰਵਾਉਣ ਲਈ ਉਨ੍ਹਾਂ ਕੋਲ ਪੈਸੇ ਨਹੀਂ ਸਨ।
ਸਈਦ ਨੇ ਕਿਹਾ, "ਮੇਰੇ ਕੋਲ ਇਲਾਜ ਦੇ ਪੈਸੇ ਨਹੀਂ ਸਨ, ਇਸ ਲਈ ਮੈਂ ਆਪਣੀ ਧੀ ਨੂੰ ਰਿਸ਼ਤੇਦਾਰ ਨੂੰ ਦੇ ਦਿੱਤਾ।'' ਉਨ੍ਹਾਂ ਦੱਸਿਆ ਕਿ 2 ਲੱਖ ਅਫ਼ਗਾਨੀ ਦੀ ਵਿਵਸਥਾ ਤਹਿਤ ਭਵਿੱਖ ਵਿੱਚ ਸ਼ਾਇਕਾ ਦਾ ਵਿਆਹ ਉਸੇ ਰਿਸ਼ਤੇਦਾਰ ਦੇ ਪਰਿਵਾਰ ਵਿੱਚ ਕਰ ਦਿੱਤਾ ਜਾਵੇਗਾ। ਫਿਲਹਾਲ ਉਨ੍ਹਾਂ ਨੇ ਸਿਰਫ਼ ਉੱਨੇ ਹੀ ਪੈਸੇ ਲਏ ਹਨ, ਜਿਸ ਨਾਲ ਧੀ ਦਾ ਆਪ੍ਰੇਸ਼ਨ ਹੋ ਸਕੇ। ਬਾਕੀ ਦੀ ਰਕਮ ਅਗਲੇ ਕੁਝ ਸਾਲਾਂ ਵਿੱਚ ਦਿੱਤੀ ਜਾਵੇਗੀ।
ਰਿਪੋਰਟ ਦੇ ਅਨੁਸਾਰ, ਅਫ਼ਗਾਨਿਸਤਾਨ ਵਿੱਚ ਪੁੱਤਾਂ ਨੂੰ ਪਰਿਵਾਰ ਦਾ ਭਵਿੱਖ ਅਤੇ ਕਮਾਉਣ ਵਾਲਾ ਮੰਨਿਆ ਜਾਂਦਾ ਹੈ, ਜਦੋਂ ਕਿ ਧੀਆਂ ਨੂੰ ਆਰਥਿਕ ਸੰਕਟ ਦੇ ਸਮੇਂ ਬੋਝ ਸਮਝਿਆ ਜਾਂਦਾ ਹੈ।
ਤਾਲਿਬਾਨ ਸ਼ਾਸਨ ਵਿੱਚ ਔਰਤਾਂ ਅਤੇ ਕੁੜੀਆਂ ਦੀ ਸਿੱਖਿਆ ਤੇ ਰੁਜ਼ਗਾਰ 'ਤੇ ਲੱਗੀਆਂ ਪਾਬੰਦੀਆਂ ਨੇ ਸਥਿਤੀ ਨੂੰ ਹੋਰ ਖ਼ਰਾਬ ਕਰ ਦਿੱਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕੁੜੀਆਂ ਦੀ ਪੜ੍ਹਾਈ ਬੰਦ ਹੋਣ ਅਤੇ ਰੁਜ਼ਗਾਰ ਦੇ ਮੌਕੇ ਖ਼ਤਮ ਹੋਣ ਨਾਲ ਲਿੰਗਕ ਅਸਮਾਨਤਾ ਵਧੀ ਹੈ।
ਅਫ਼ਗਾਨਿਸਤਾਨ ਵਿੱਚ ਘੱਟ ਉਮਰ ਵਿੱਚ ਵਿਆਹ ਦੀ ਪਰੰਪਰਾ ਪਹਿਲਾਂ ਤੋਂ ਹੀ ਮੌਜੂਦ ਰਹੀ ਹੈ। ਇੱਥੇ ਲਾੜੇ ਦਾ ਪਰਿਵਾਰ ਕੁੜੀ ਦੇ ਪਰਿਵਾਰ ਨੂੰ ਪੈਸੇ ਜਾਂ ਸਾਮਾਨ ਦਿੰਦਾ ਹੈ। ਅਜਿਹੇ ਵਿੱਚ ਗਰੀਬੀ ਅਤੇ ਭੁੱਖ ਨਾਲ ਜੂਝ ਰਹੇ ਪਰਿਵਾਰ ਧੀਆਂ ਨੂੰ ਆਰਥਿਕ ਰਾਹਤ ਦੇ ਸਾਧਨ ਵਜੋਂ ਦੇਖਣ ਲੱਗੇ ਹਨ।
ਦੋ ਸਾਲ ਪਹਿਲਾਂ ਤੱਕ ਲੱਖਾਂ ਅਫ਼ਗਾਨ ਪਰਿਵਾਰਾਂ ਨੂੰ ਆਟਾ, ਦਾਲ, ਖਾਣਾ ਪਕਾਉਣ ਵਾਲਾ ਤੇਲ ਅਤੇ ਬੱਚਿਆਂ ਦੀ ਖ਼ੁਰਾਕ ਵਰਗੀ ਮਦਦ ਮਿਲ ਰਹੀ ਸੀ। ਪਰ ਅਮਰੀਕਾ ਸਮੇਤ ਕਈ ਦੇਸ਼ਾਂ ਵੱਲੋਂ ਸਹਾਇਤਾ ਘਟਾਏ ਜਾਣ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਵਿਗੜ ਗਏ ਹਨ।