ਨਿਊਜ਼ੀਲੈਂਡ ਚ “ਬੂੰਦੀ” ਦੇ ਪੈਕਟਾਂ ਚ ਲੁਕੋ ਕੇ ਲਿਆਦੀਆਂ 10 ਕਿਲੋ ਦੇ ਕਰੀਬ “ਕਾਮਨੀ”ਦੀਆਂ ਗੋਲ਼ੀਆਂ ਕੀਤੀਆਂ ਬਰਾਮਦ
ਬੀਤੇ ਦਿਨੀ ਨਿਊਜ਼ੀਲੈਂਡ ਕਸਟਮ ਅਧਿਕਾਰੀਆਂ ਨੇ ਵੱਡੀ ਕਾਰਵਾਈ ਕਰਦਿਆਂ ਇੱਕ 66 ਸਾਲਾ ਆਕਲੈਂਡ ਨਿਵਾਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਭਾਰਤ ਤੋਂ ਲਗਭਗ 10 ਕਿਲੋਗ੍ਰਾਮ ਕਾਮਨੀ ਗੋਲੀਆਂ ਤਸਕਰੀ ਕਰਕੇ ਨਿਊਜ਼ੀਲੈਂਡ ਵਿੱਚ ਲਿਆਂਦੀਆਂ ਹਨ। ਗ੍ਰਿਫ਼ਤਾਰ ਵਿਅਕਤੀ ਨੂੰ ਮਨਾਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
Publish Date: Fri, 19 Sep 2025 07:17 PM (IST)
Updated Date: Fri, 19 Sep 2025 07:20 PM (IST)
ਮੈਲਬੋਰਨ/ਆਕਲੈਂਡ-:ਖੁਸ਼ਪ੍ਰੀਤ ਸਿੰਘ ਸੁਨਾਮ : ਬੀਤੇ ਦਿਨੀ ਨਿਊਜ਼ੀਲੈਂਡ ਕਸਟਮ ਅਧਿਕਾਰੀਆਂ ਨੇ ਵੱਡੀ ਕਾਰਵਾਈ ਕਰਦਿਆਂ ਇੱਕ 66 ਸਾਲਾ ਆਕਲੈਂਡ ਨਿਵਾਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਭਾਰਤ ਤੋਂ ਲਗਭਗ 10 ਕਿਲੋਗ੍ਰਾਮ ਕਾਮਨੀ ਗੋਲੀਆਂ ਤਸਕਰੀ ਕਰਕੇ ਨਿਊਜ਼ੀਲੈਂਡ ਵਿੱਚ ਲਿਆਂਦੀਆਂ ਹਨ। ਗ੍ਰਿਫ਼ਤਾਰ ਵਿਅਕਤੀ ਨੂੰ ਮਨਾਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਕਸਟਮ ਅਧਿਕਾਰੀਆਂ ਮੁਤਾਬਕ, ਛਾਪੇਮਾਰੀ ਦੌਰਾਨ ਆਕਲੈਂਡ ਦੇ ਇੱਕ ਕਾਰੋਬਾਰੀ ਦੇ ਇੱਕ ਰਿਹਾਇਸ਼ੀ ਪਤੇ ’ਤੇ ਤਲਾਸ਼ੀ ਲਈ ਗਈ। ਇਸ ਦੌਰਾਨ ਭਾਰਤ ਤੋਂ ਆਏ ਇੱਕ ਕੰਟੇਨਰ ਵਿੱਚ ਬੂੰਦੀ (ਸਨੈਕਸ) ਦੇ ਪੈਕਟਾਂ ਅੰਦਰ ਲੁਕਾਈਆਂ ਕਾਮਨੀ ਦੀਆਂ ਗੋਲੀਆਂ ਬਰਾਮਦ ਹੋਈਆਂ। ਬਾਅਦ ਵਿੱਚ ਇਹਨਾਂ ਨੂੰ ਟੈਸਟ ਲਈ ਭੇਜਿਆ ਗਿਆ। ਨਿਊਜ਼ੀਲੈਂਡ ਇੰਸਟੀਚਿਊਟ ਫਾਰ ਪਬਲਿਕ ਹੈਲਥ ਐਂਡ ਫ਼ੋਰੈਂਸਿਕ ਸਾਇੰਸ ਵੱਲੋਂ ਕੀਤੀ ਜਾਂਚ ਵਿੱਚ ਪੁਸ਼ਟੀ ਹੋਈ ਕਿ ਗੋਲੀਆਂ ਵਿੱਚ ਕਲਾਸ “ਬੀ” ਅਤੇ “ਸੀ” ਸ਼੍ਰੇਣੀ ਦੀਆਂ ਨਸ਼ੀਲੀ ਦਵਾਈਆਂ ਪਾਈਆਂ ਗਈਆਂ ਹਨ।
ਕਸਟਮ ਵਿਭਾਗ ਨੇ ਕਿਹਾ ਕਿ ਭਾਵੇਂ ਕਾਮਨੀ ਨਾਂ ਦੀ ਦਵਾਈ / ਗੋਲੀਆਂ ਭਾਰਤ ਵਿੱਚ ਪਰੰਪਰਾਗਤ ਆਯੁਰਵੇਦਿਕ ਦਵਾਈ ਵਜੋਂ ਵਰਤੀਆਂ ਜਾਂਦੀਆਂ ਹਨ ਪਰ ਨਿਊਜ਼ੀਲੈਂਡ ਵਿੱਚ ਇਸ ਨੂੰ ਲਿਆਉਣਾ, ਵੇਚਣਾ ਜਾਂ ਸੇਵਨ ਕਰਨਾ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ।
ਕਸਟਮ ਚੀਫ਼ ਅਧਿਕਾਰੀ ਨਾਈਜਲ ਬਾਰਨਸ ਨੇ ਕਿਹਾ ਕਿ ਇਸ ਜਾਂਚ ਨਾਲ ਇੱਕ ਵੱਡੇ ਤਸਕਰੀ ਨੈੱਟਵਰਕ ਦਾ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਕਾਮਨੀ ਵਿੱਚ ਅਜਿਹੇ ਤੱਤ ਮੌਜੂਦ ਹਨ ਜੋ ਨਸ਼ੇ ਦੀ ਲਤ ਪੈਦਾ ਕਰ ਸਕਦੇ ਹਨ। ਸਾਡਾ ਉਦੇਸ਼ ਇਹਨਾਂ ਖ਼ਤਰਨਾਕ ਗੋਲੀਆਂ ਨੂੰ ਜਨਤਾ ਤੱਕ ਪਹੁੰਚਣ ਤੋਂ ਰੋਕਣਾ ਹੈ ਕਿਉਂਕਿ ਇਹ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦੀਆਂ ਹਨ। ਉਨ੍ਹਾਂ ਭਾਰਤੀ ਭਾਈਚਾਰੇ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਤਰਾਂ ਦੀ ਦਵਾਈਆਂ ਦੀ ਵਰਤੋਂ ਨਾ ਕਰੋ ਜੋ ਤੁਹਾਡੇ ਲਈ ਕਾਨੂੰਨੀ ਤੌਰ ਅਤੇ ਸਿਹਤ ਪੱਖੋਂ ਨੁਕਸਾਨਦੇਹ ਹੋਣ।