ਨਿੱਜਰ ਹੱਤਿਆ ਮਾਮਲੇ ’ਚ ਟਰੂਡੋ ਨੂੰ ਦਿੱਤੀ ਗਈ ਸੀ ਗ਼ਲਤ ਸਲਾਹ, ਸੰਜੇ ਵਰਮਾ ਨੇ ਕੈਨੇਡਾ ਪੁਲਿਸ ਮੁਖੀ ਦੇ ਤਾਜ਼ਾ ਬਿਆਨ ’ਤੇ ਦਿੱਤੀ ਪ੍ਰਤੀਕਿਰਿਆ
ਇਸ ਨਾਲ ਬਿਨਾਂ ਕਿਸੇ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸੰਬੰਧ ਵਿਗੜ ਗਏ ਸਨ। ਵਰਮਾ ਨੇ ਕੈਨੇਡਾ ਪੁਲਿਸ ਮੁਖੀ ਦੇ ਉਸ ਬਿਆਨ ਦਾ ਸਵਾਗਤ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਨਿੱਜਰ ਦੀ ਹੱਤਿਆ ਤੇ ਭਾਰਤ ਵਿਚਾਲੇ ਕਿਸੇ ਵੀ ਸੰਬੰਧ ਤੋਂ ਇਨਕਾਰ ਕੀਤਾ ਹੈ।
Publish Date: Sun, 22 Mar 2026 09:05 AM (IST)
Updated Date: Sun, 22 Mar 2026 09:09 AM (IST)
ਨਵੀਂ ਦਿੱਲੀ (ਏਜੰਸੀ) : ਕੈਨੇਡਾ ਵਿਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਸੰਜੇ ਵਰਮਾ ਨੇ ਕਿਹਾ ਹੈ ਕਿ ਖ਼ਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਨਾਲ ਭਾਰਤ ਨੂੰ ਜੋੜਨ ਵਾਲੇ ਦੋਸ਼ ਜਨਤਕ ਤੌਰ ’ਤੇ ਉਠਾਉਣ ਲਈ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਗ਼ਲਤ ਸਲਾਹ ਦਿੱਤੀ ਗਈ ਸੀ। ਇਸ ਨਾਲ ਬਿਨਾਂ ਕਿਸੇ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸੰਬੰਧ ਵਿਗੜ ਗਏ ਸਨ। ਵਰਮਾ ਨੇ ਕੈਨੇਡਾ ਪੁਲਿਸ ਮੁਖੀ ਦੇ ਉਸ ਬਿਆਨ ਦਾ ਸਵਾਗਤ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਨਿੱਜਰ ਦੀ ਹੱਤਿਆ ਤੇ ਭਾਰਤ ਵਿਚਾਲੇ ਕਿਸੇ ਵੀ ਸੰਬੰਧ ਤੋਂ ਇਨਕਾਰ ਕੀਤਾ ਹੈ। ਵਰਮਾ ਨੇ ਇਸ ਨੂੰ ਭਾਰਤ ਦੇ ਲੰਬੇ ਸਮੇਂ ਤੋਂ ਚੱਲ ਰਹੇ ਰੁਖ਼ ਦੀ ਪੁਸ਼ਟੀ ਦੱਸਿਆ।
ਸਾਬਕਾ ਰਾਜਦੂਤ ਨੇ ਦੱਸਿਆ ਕਿ ਨਿੱਜਰ ਦੀ ਹੱਤਿਆ ਵਿਚ ਸ਼ਾਮਲ ਮੁਲਜ਼ਮ ਕਥਿਤ ਤੌਰ ’ਤੇ ਕੈਨੇਡਾ ਵਿਚ ਵਿਦਿਆਰਥੀ ਬਣ ਕੇ ਦਾਖ਼ਲ ਹੋਏ ਸਨ। ਉਨ੍ਹਾਂ ਦਾ ਮੁਕੱਦਮਾ ਫ਼ਿਲਹਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਨੂੰ ਸੁਤੰਤਰ ਤੌਰ ’ਤੇ ਅੱਗੇ ਵਧਣ ਦੇਣਾ ਚਾਹੀਦਾ ਹੈ। ਵਰਮਾ ਦੀਆਂ ਇਹ ਟਿੱਪਣੀਆਂ ਉਸ ਸਮੇਂ ਆਈਆਂ ਹਨ ਜਦੋਂ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐੱਮਪੀ) ਦੇ ਕਮਿਸ਼ਨਰ ਮਾਈਕ ਡੁਹੇਮ ਨੇ ਕਿਹਾ ਹੈ ਕਿ ਭਾਰਤ ਨਾਲ ਜੁੜੇ ਕਿਸੇ ਵੀ ਏਜੰਟ ਤੋਂ ਕੈਨੇਡੀਅਨ ਨਾਗਰਿਕਾਂ ਨੂੰ ਕੋਈ ਖ਼ਤਰਾ ਨਹੀਂ।
ਸੀਟੀਵੀ ਨੂੰ ਦਿੱਤੀ ਇਕ ਇੰਟਰਵਿਊ ਵਿਚ ਡੁਹੇਮ ਨੇ ਕਿਹਾ ਕਿ ਇਨ੍ਹਾਂ ਕੜੀਆਂ ਦਾ ਕਿਸੇ ਵਿਦੇਸ਼ੀ ਸੰਸਥਾ ਨਾਲ ਕੋਈ ਸੰਬੰਧ ਨਹੀਂ। ਮੈਂ 2024 ਵਿਚ ਜੋ ਕਿਹਾ ਸੀ, ਉਹ ਉਸ ਸਮੇਂ ਚੱਲ ਰਹੀ ਅਪਰਾਧਕ ਜਾਂਚ ’ਤੇ ਆਧਾਰਿਤ ਸੀ। ਜਿਸ ਸਰਕਾਰੀ ਅਧਿਕਾਰੀ ਨੇ ਉਹ ਬਿਆਨ ਦਿੱਤਾ ਸੀ, ਮੈਨੂੰ ਯਾਦ ਨਹੀਂ ਕਿ ਉਸ ਨੂੰ ਇਹ ਜਾਣਕਾਰੀ ਕਿਸ ਨੇ ਦਿੱਤੀ ਸੀ। ਸਰੇ, ਬ੍ਰੈਂਪਟਨ ਅਤੇ ਕੈਲਗਰੀ ਵਰਗੇ ਸ਼ਹਿਰਾਂ ਵਿਚ ਜਬਰੀ ਵਸੂਲੀ ਨਾਲ ਜੁੜੇ ਬਿਸ਼ਨੋਈ ਗੈਂਗ ਦੇ ਮਾਮਲੇ ਨੂੰ ਡੁਹੇਮ ਨੇ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਗੈਂਗ ਦੀਆਂ ਅਪਰਾਧਕ ਗਤੀਵਿਧੀਆਂ ਤੇ ਭਾਰਤ ਸਰਕਾਰ ਵਿਚਾਲੇ ਕੋਈ ਪੁਸ਼ਟ ਸੰਬੰਧ ਨਹੀਂ ਹੈ।