ਕੈਨੇਡਾ ’ਚ ਖਾਲਿਸਤਾਨੀ ਸੰਗਠਨ ਦੀ ਮੰਦਰਾਂ ਅੱਗੇ ਪ੍ਰਦਰਸ਼ਨ ਦੀ ਧਮਕੀ ’ਤੇ ਭੜਕੇ ਹਿੰਦੂ ਸੰਗਠਨ
ਸੰਗਠਨ ਨੇ ਕਿਹਾ ਕਿ ਤ੍ਰਿਵੇਣੀ ਮੰਦਰ ਦੇ ਚਾਰੇ ਪਾਸੇ 100 ਮੀਟਰ ਦਾ ਸੁਰੱਖਿਆ ਘੇਰਾ ਬਣਾ ਕੇ ਅਧਿਕਾਰੀਆਂ ਨੇ ਆਖਰ ਇਹ ਮੰਨਿਆ ਹੈ ਕਿ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ’ਚ ਕਿਸੇ ਵੀ ਧਾਰਮਿਕ ਸਭਾ ਨੂੰ, ਭਾਵੇਂ ਸਰੀਰਕ ਰੂਪ ਨਾਲ ਹੋਵੇ ਜਾਂ ਮਾਨਸਿਕ ਰੂਪ ਨਾਲ, ਘੇਰਨ ਦਾ ਅਧਿਕਾਰ ਸ਼ਾਮਲ ਨਹੀਂ ਹੈ।
Publish Date: Sat, 04 Apr 2026 11:10 AM (IST)
Updated Date: Sat, 04 Apr 2026 11:12 AM (IST)
ਓਟਾਵਾ, ਆਈਏਐੱਨਐੱਸ : ਖਾਲਿਸਤਾਨੀ ਕੱਟੜਪੰਥੀ ਗਰੁੱਪ ਸਿੱਖਸ ਫਾਰ ਜਸਟਿਸ ਵਲੋਂ ਕੈਨੇਡਾ ’ਚ ਹਿੰਦੂ ਮੰਦਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੀ ਧਮਕੀ ਦਿੱਤੇ ਜਾਣ ’ਤੇ ਕਈ ਵਿਸ਼ਵ ਹਿੰਦੂ ਸੰਗਠਨ ਭੜਕ ਗਏ ਹਨ। ਉਨ੍ਹਾਂ ਇਸਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਧਾਰਮਿਕ ਸਥਾਨਾਂ ਤੇ ਫਿਰਕੇ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਸਿੱਖਸ ਫਾਰ ਜਸਟਿਸ ਨੇ ਹਿੰਦੂ ਕੈਨੇਡੀਅਨ ਫਾਊਂਡੇਸ਼ਨ ਦੇ ਵਿਰੋਧ ’ਚ ਪੰਜ ਅਪ੍ਰੈਲ ਨੂੰ ਬ੍ਰੈਂਪਟਨ ਦੇ ਤ੍ਰਿਵੇਣੀ ਮੰਦਰ ਤੇ ਸਰੀ ਦੇ ਲਕਸ਼ਮੀ ਨਾਰਾਇਣ ਮੰਦਰ ਦੇ ਸਾਹਮਣੇ 'ਖਾਲਿਸਤਾਨ ਜ਼ਿੰਦਾਬਾਦ' ਰੈਲੀਆਂ ਕੱਢਣ ਦਾ ਐਲਾਨ ਕੀਤਾ ਹੈ। ਫਾਊਂਡੇਸ਼ਨ ਨੇ ਇਨ੍ਹਾਂ ਤਜਵੀਜ਼ਸ਼ੁਦਾ ਰੈਲੀਆਂ ’ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ ਕਿ ਹਿੰਦੂ ਭਾਈਚਾਰੇ ਨੂੰ ਭਾਰਤ ਨੂੰ ਉਸਦੇ ਪੁਰਾਤਨ ਜੁੜਾਅ ਜਾਂ ਉਸਦੀ ਮੂਲ ਸੱਭਿਆਚਾਰਕ ਪਛਾਣ ਕਾਰਨ ਨਿਸ਼ਾਨਾ ਬਣਾਉਣਾ ਸਿੱਧੇ-ਸਿੱਧੇ ਪਰਦੇਸੀਆਂ ਨਾਲ ਨਫਰਤ ਤੇ ਹਿੰਦੂ ਵਿਰੋਧ ਹੈ। ਸੰਗਠਨ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਮੰਦਰਾਂ ਦੇ ਕੰਪਲੈਕਸ ਤੇ ਸ਼ਰਧਾਲੂਆਂ ਲਈ ਸਾਰਾ ਦਿਨ ਸੁਰੱਖਿਆ ਯਕੀਨੀ ਬਣਾਏ।
ਇਸ ਦੌਰਾਨ ਨਾਰਥ ਅਮਰੀਕਾ ਦੇ ਹਿੰਦੂਆਂ ਦੇ ਗੱਠਜੋੜ ਨੇ ਵੀ ਖਾਲਿਸਤਾਨੀ ਕੱਟੜਪੰਥੀਆਂ ਦੇ ਤਜਵੀਜ਼ਸ਼ੁਦਾ ਪ੍ਰਦਰਸ਼ਨ ਦੀ ਕਰੜੀ ਆਲੋਚਨਾ ਕੀਤੀ। ਉਨ੍ਹਾਂ ਪੁਲਿਸ ਦੀ ਉਸ ਵਚਨਬੱਧਤਾ ਨੂੰ ਸਰਾਹਿਆ, ਜਿਸਦੇ ਤਹਿਤ ਉਹ ਬ੍ਰੈਂਪਟਨ ਦੇ ਪੂਜਾ ਸਥਾਨਾਂ ਨੂੰ ਜਨਤਕ ਹੁੱਲੜਬਾਜ਼ੀ ਵਾਲੇ ਪ੍ਰਦਰਸ਼ਨਾਂ ਤੋਂ ਬਚਾਉਣ ਵਾਲੇ ਉਪ ਕਾਨੂੰਨ ਲਾਗੂ ਕਰ ਰਹੇ ਹਨ। ਸੰਗਠਨ ਨੇ ਕਿਹਾ ਕਿ ਤ੍ਰਿਵੇਣੀ ਮੰਦਰ ਦੇ ਚਾਰੇ ਪਾਸੇ 100 ਮੀਟਰ ਦਾ ਸੁਰੱਖਿਆ ਘੇਰਾ ਬਣਾ ਕੇ ਅਧਿਕਾਰੀਆਂ ਨੇ ਆਖਰ ਇਹ ਮੰਨਿਆ ਹੈ ਕਿ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ’ਚ ਕਿਸੇ ਵੀ ਧਾਰਮਿਕ ਸਭਾ ਨੂੰ, ਭਾਵੇਂ ਸਰੀਰਕ ਰੂਪ ਨਾਲ ਹੋਵੇ ਜਾਂ ਮਾਨਸਿਕ ਰੂਪ ਨਾਲ, ਘੇਰਨ ਦਾ ਅਧਿਕਾਰ ਸ਼ਾਮਲ ਨਹੀਂ ਹੈ। ਸੰਗਠਨ ਨੇ ਸਰੀ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ’ਤੇ ਤੁਰੰਤ ਨੋਟਿਸ ਲੈਣ ਤੇ ਲਕਸ਼ਮੀ ਨਾਰਾਇਣ ਮੰਦਰ ਲਈ ਵੀ ਇਸੇ ਤਰ੍ਹਾਂ ਦੇ ਸੁਰੱਖਿਆ ਉਪਾਅ ਲਾਗੂ ਕਰਨ।