ਕੈਨੇਡਾ ਨੇ 'ਬਿਜ਼ਨੈੱਸ ਵਿਜ਼ਿਟਰ' ਲਈ ਐਂਟਰੀ ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਜਾਣੋ ਕਿਸ ਨੂੰ ਹੋਵੇਗਾ ਫ਼ਾਇਦਾ
ਨਵੀਆਂ ਗਾਈਡਲਾਈਨਜ਼ ਦਾ ਸਭ ਤੋਂ ਵੱਧ ਫ਼ਾਇਦਾ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਹੋਵੇਗਾ ਜੋ ਕੈਨੇਡਾ 'ਚ ਬਿਜ਼ਨੈੱਸ ਮੀਟਿੰਗਾਂ, ਕਾਨਫਰੰਸਾਂ ਜਾਂ ਈਵੈਂਟਸ ਅਤੇ ਸ਼ਾਰਟ-ਟਰਮ ਬਿਜ਼ਨੈੱਸ (ਥੋੜ੍ਹੇ ਸਮੇਂ ਦੇ ਕੰਮ) ਲਈ ਆਉਂਦੇ ਹਨ ਅਤੇ ਜਿਨ੍ਹਾਂ ਨੂੰ ਵਰਕ ਪਰਮਿਟ ਦੀ ਲੋੜ ਨਹੀਂ ਹੁੰਦੀ। ਹੁਣ ਉਹ ਵਧੇਰੇ ਸਪੱਸ਼ਟ ਨਿਯਮਾਂ ਦੇ ਆਧਾਰ 'ਤੇ ਆਪਣੀ ਯਾਤਰਾ ਦੀ ਯੋਜਨਾ ਬਣਾ ਸਕਣਗੇ।
Publish Date: Fri, 20 Mar 2026 04:18 PM (IST)
Updated Date: Fri, 20 Mar 2026 04:20 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਕੈਨੇਡਾ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਲਈ ਬਿਜ਼ਨੈੱਸ ਵਿਜ਼ੀਟਰ (Business Visitor) ਸ਼੍ਰੇਣੀ ਤਹਿਤ ਬਿਨਾਂ ਵਰਕ ਪਰਮਿਟ ਐਂਟਰੀ ਦੇ ਨਿਯਮਾਂ 'ਚ ਅਹਿਮ ਬਦਲਾਅ ਕੀਤੇ ਹਨ। ਇਨ੍ਹਾਂ ਨਵੇਂ ਨਿਯਮਾਂ ਦਾ ਉਦੇਸ਼ ਪ੍ਰਕਿਰਿਆ ਨੂੰ ਵਧੇਰੇ ਸਪੱਸ਼ਟ ਤੇ ਲਚਕਦਾਰ ਬਣਾਉਣਾ ਹੈ ਤਾਂ ਜੋ ਵਪਾਰਕ ਗਤੀਵਿਧੀਆਂ ਲਈ ਆਉਣ ਵਾਲੇ ਲੋਕਾਂ ਨੂੰ ਸਹੂਲਤ ਮਿਲ ਸਕੇ।
ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਹਾਲ ਹੀ 'ਚ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਬਿਜ਼ਨੈੱਸ ਵਿਜ਼ੀਟਰ ਵਜੋਂ ਆਉਣ ਵਾਲੇ ਲੋਕਾਂ ਲਈ ਯੋਗਤਾ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਲੈ ਕੇ ਪਹਿਲਾਂ ਨਾਲੋਂ ਜ਼ਿਆਦਾ ਸਪੱਸ਼ਟਤਾ ਦਿੱਤੀ ਗਈ ਹੈ।
ਕੀ ਹੈ ਨਵਾਂ ਅਪਡੇਟ?
ਨਵੀਆਂ ਗਾਈਡਲਾਈਨਜ਼ ਮੁਤਾਬਕ, ਪਹਿਲਾਂ ਜੋ ਉਦਾਹਰਨਾਂ ਦਿੱਤੀਆਂ ਜਾਂਦੀਆਂ ਸਨ ਕਿ ਕਿਹੜੀਆਂ-ਕਿਹੜੀਆਂ ਗਤੀਵਿਧੀਆਂ ਬਿਜ਼ਨੈੱਸ ਵਿਜ਼ੀਟਰ 'ਚ ਆਉਂਦੀਆਂ ਹਨ, ਉਹ ਹੁਣ ਅੰਤਿਮ ਸੂਚੀ ਨਹੀਂ ਮੰਨੀਆਂ ਜਾਣਗੀਆਂ, ਸਗੋਂ ਸਿਰਫ਼ ਮਾਰਗਦਰਸ਼ਨ (Guidance) ਵਜੋਂ ਵਰਤੀਆਂ ਜਾਣਗੀਆਂ।
ਕਿਨ੍ਹਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ?
ਨਵੀਆਂ ਗਾਈਡਲਾਈਨਜ਼ ਦਾ ਸਭ ਤੋਂ ਵੱਧ ਫ਼ਾਇਦਾ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਹੋਵੇਗਾ ਜੋ ਕੈਨੇਡਾ 'ਚ ਬਿਜ਼ਨੈੱਸ ਮੀਟਿੰਗਾਂ, ਕਾਨਫਰੰਸਾਂ ਜਾਂ ਈਵੈਂਟਸ ਅਤੇ ਸ਼ਾਰਟ-ਟਰਮ ਬਿਜ਼ਨੈੱਸ (ਥੋੜ੍ਹੇ ਸਮੇਂ ਦੇ ਕੰਮ) ਲਈ ਆਉਂਦੇ ਹਨ ਅਤੇ ਜਿਨ੍ਹਾਂ ਨੂੰ ਵਰਕ ਪਰਮਿਟ ਦੀ ਲੋੜ ਨਹੀਂ ਹੁੰਦੀ। ਹੁਣ ਉਹ ਵਧੇਰੇ ਸਪੱਸ਼ਟ ਨਿਯਮਾਂ ਦੇ ਆਧਾਰ 'ਤੇ ਆਪਣੀ ਯਾਤਰਾ ਦੀ ਯੋਜਨਾ ਬਣਾ ਸਕਣਗੇ।
ਸਰਕਾਰ ਨੇ ਇਹ ਵੀ ਸਾਫ਼ ਕੀਤਾ ਹੈ ਕਿ ਬਿਜ਼ਨੈੱਸ ਵਿਜ਼ੀਟਰ ਗਤੀਵਿਧੀਆਂ ਦੀ ਸੂਚੀ ਸੀਮਤ ਨਹੀਂ ਹੈ। ਯਾਨੀ, ਜੇਕਰ ਕੋਈ ਗਤੀਵਿਧੀ ਸਿੱਧੇ ਤੌਰ 'ਤੇ ਰੁਜ਼ਗਾਰ (Employment) ਦੀ ਸ਼੍ਰੇਣੀ 'ਚ ਨਹੀਂ ਆਉਂਦੀ, ਤਾਂ ਉਸ ਨੂੰ 'ਕੇਸ-ਟੂ-ਕੇਸ' ਆਧਾਰ 'ਤੇ ਇਸ ਕੈਟੇਗਰੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਨਾਲ ਅਧਿਕਾਰੀਆਂ ਨੂੰ ਵੀ ਫ਼ੈਸਲੇ ਲੈਣ ਵਿੱਚ ਵਧੇਰੇ ਲਚਕਤਾ ਮਿਲੇਗੀ।