- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਸਮ ਵਿਭਾਗ ਦੇ ਮੁਤਾਬਕ ਆਉਂਦੇ ਦਿਨਾਂ ਵਿੱਚ ਤਾਪਮਾਨ ਘਟਣ ਦੀ ਕੋਈ ਉਮੀਦ ਨਹੀਂ ਹੈ, ਜਿਸ ਕਾਰਨ ਅੱਗ ਵੱਧਣ ਦਾ ਖ਼ਤਰਾ ਜਾਰੀ ਰਹੇਗਾ। ਸੂਬੇ ਭਰ ਵਿੱਚ 1,500 ਤੋਂ ਵੱਧ ਪਾਰਕ ਅਤੇ ਰੀਜ਼ਰਵ ਬੰਦ ਕਰ ਦਿੱਤੇ ਗਏ ਹਨ। ਛੁੱਟੀਆਂ ਮਨਾਉਣ ਆਏ ਸੈਲਾਨੀਆਂ ਨੂੰ ਘਰ ਵਾਪਸ ਜਾਣ ਦਾ ਹੁਕਮ ਦਿੱਤਾ ਗਿਆ ਹੈ। ਸੂਬੇ ਦੇ ਕਈ ਵੱਡੇ ਹਾਈਵੇਅ ਅਤੇ ਲਿੰਕ ਸੜਕਾਂ ਵੀ ਅਹਿਤਿਆਤ ਵਜੋਂ ਬੰਦ ਕੀਤੀਆਂ ਗਈਆਂ ਹਨ। ਸੂਬੇ ਭਰ ਵਿੱਚ ਹਜ਼ਾਰਾਂ ਘਰਾਂ ਵਿੱਚ ਬਿਜਲੀ ਸੇਵਾਵਾਂ ਵੀ ਬੰਦ ਰਹੀਆਂ।

ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਲੱਗੀ ਜੰਗਲੀ ਅੱਗ (ਬੁਸ਼ਫਾਇਰ) ਨੇ ਖੌਫ਼ਨਾਕ ਰੂਪ ਧਾਰਨ ਕਰ ਲਿਆ ਹੈ ਜਿਸ ਨੇ ਹਜ਼ਾਰਾਂ ਏਕੜ ਜੰਗਲ, ਖੇਤੀਬਾੜੀ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ । ਅੱਗ ਦੇ ਮੱਦੇਨਜ਼ਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ। ਐਮਰਜੈਂਸੀ ਸੇਵਾਵਾਂ, ਹੈਲੀਕਾਪਟਰ ਅਤੇ ਅੱਗ ਬੁਝਾਉਣ ਵਾਲੀਆਂ ਟੀਮਾਂ ਸਖ਼ਤ ਕੋਸ਼ਿਸ਼ਾਂ ਕਰ ਰਹੀਆਂ ਹਨ ਪਰ ਹਾਲੇ ਤੱਕ ਅੱਗ ’ਤੇ ਪੂਰਾ ਕਾਬੂ ਨਹੀਂ ਪਾਇਆ ਜਾ ਸਕਿਆ।
ਸ਼ੁੱਕਰਵਾਰ ਨੂੰ ਤਾਪਮਾਨ 45 ਡਿਗਰੀ ਸੈਲਸੀਅਸ ਤੇ ਪਹੁੰਚਣ, ਤੇਜ਼ ਹਵਾਵਾਂ ਅਤੇ ਸੁੱਕੇ ਅਤੇ ਖੁਸ਼ਕ ਮੌਸਮ ਨੇ ਅੱਗ ਦੇ ਫੈਲਾਅ ਨੂੰ ਹੋਰ ਤੇਜ਼ ਕਰ ਦਿੱਤਾ। ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨ ਹੋਰ ਵੀ ਜੋਖਮ ਭਰੇ ਹੋ ਸਕਦੇ ਹਨ।
ਉੱਤਰੀ ਵਿਕਟੋਰੀਆ ਦੇ ਲੋਂਗਵੁੱਡ ਇਲਾਕੇ ਵਿੱਚ ਲੱਗੀ ਵੱਡੀ ਅੱਗ ਨੇ ਹੁਣ ਤੱਕ 40,000 ਹੈਕਟੇਅਰ ਤੋਂ ਵੱਧ ਖੇਤਰ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਅੱਗ ਨੇ ਘਰ, ਪਾਲਤੂ ਪਸ਼ੂ, ਜੰਗਲੀ ਜਾਨਵਰ ਅਤੇ ਖੇਤੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਪੁਲੀਸ ਦੇ ਮੁਤਾਬਕ ਲੋਂਗਵੁੱਡ ਨੇੜੇ ਇਕ ਘਰ ਸੜਨ ਕਾਰਨ ਤਿੰਨ ਪਰਿਵਾਰਕ ਮੈਂਬਰ ਲਾਪਤਾ ਹਨ ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਨੂੰ ਲੱਭਣ ਲਈ ਐਮਰਜੈਂਸੀ ਸੇਵਾਵਾਂ ਰਾਤ ਭਰ ਤਲਾਸ਼ੀ ਅਭਿਆਨ ਚਲਾਉਂਦੀਆਂ ਰਹੀਆਂ।
ਉੱਤਰੀ ਪੂਰਬੀ ਖੇਤਰ ਵਾਲਵਾ , ਰੂਫੀ ਤੇ ਨਾਲ ਲਗਦੇ ਇਲਾਕਿਆਂ ਦਾ ਵੀ ਵੱਡਾ ਜੰਗਲੀ ਹਿੱਸਾ ਬੇਕਾਬੂ ਹੈ। ਹਵਾ ਦੀ ਰਫ਼ਤਾਰ ਕਾਰਨ ਅੱਗ ਨੂੰ ਰੋਕਣਾ ਮੁਸ਼ਕਿਲ ਹੋਇਆ ਪਿਆ ਹੈ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਜਾ ਰਿਹਾ ਹੈ ਸਥਾਨਕ ਅੱਗ ਬੁਝਾਊ ਦਸਤਿਆਂ ਨੇ ਇਸ ਵੱਧਦੀ ਅੱਗ ਨੂੰ “ਬੰਬ ਵਾਂਗ ਹਮਲਾ” ਕਹਿੰਦੇ ਹੋਏ ਦੱਸਿਆ ਕਿ ਕਈ ਇਲਾਕੇ ਕੁਝ ਮਿੰਟਾਂ ਵਿੱਚ ਹੀ ਅੱਗ ਵਿੱਚ ਤਬਦੀਲ ਹੋ ਗਏ ਤੇ ਬਹੁਤ ਸਾਰੇ ਪਰਿਵਾਰ ਬੇਘਰ ਹੋ ਗਏ।
ਮੌਸਮ ਵਿਭਾਗ ਦੇ ਮੁਤਾਬਕ ਆਉਂਦੇ ਦਿਨਾਂ ਵਿੱਚ ਤਾਪਮਾਨ ਘਟਣ ਦੀ ਕੋਈ ਉਮੀਦ ਨਹੀਂ ਹੈ, ਜਿਸ ਕਾਰਨ ਅੱਗ ਵੱਧਣ ਦਾ ਖ਼ਤਰਾ ਜਾਰੀ ਰਹੇਗਾ। ਸੂਬੇ ਭਰ ਵਿੱਚ 1,500 ਤੋਂ ਵੱਧ ਪਾਰਕ ਅਤੇ ਰੀਜ਼ਰਵ ਬੰਦ ਕਰ ਦਿੱਤੇ ਗਏ ਹਨ। ਛੁੱਟੀਆਂ ਮਨਾਉਣ ਆਏ ਸੈਲਾਨੀਆਂ ਨੂੰ ਘਰ ਵਾਪਸ ਜਾਣ ਦਾ ਹੁਕਮ ਦਿੱਤਾ ਗਿਆ ਹੈ। ਸੂਬੇ ਦੇ ਕਈ ਵੱਡੇ ਹਾਈਵੇਅ ਅਤੇ ਲਿੰਕ ਸੜਕਾਂ ਵੀ ਅਹਿਤਿਆਤ ਵਜੋਂ ਬੰਦ ਕੀਤੀਆਂ ਗਈਆਂ ਹਨ। ਸੂਬੇ ਭਰ ਵਿੱਚ ਹਜ਼ਾਰਾਂ ਘਰਾਂ ਵਿੱਚ ਬਿਜਲੀ ਸੇਵਾਵਾਂ ਵੀ ਬੰਦ ਰਹੀਆਂ।
ਸੂਬੇ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਇਲਾਕੇ ਚੇਤਾਵਨੀ ਹੇਠ ਹਨ ਉੱਥੋ ਦੇ ਵਸਨੀਕਾਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਹੈ । ਇਨਾਂ ਰਾਹਤ ਕਾਰਜਾਂ ਵਿੱਚ ਦੂਜਿਆਂ ਸੂਬਿਆਂ ਤੋਂ ਵੀ ਸਹਾਇਤਾ ਲਈ ਟੀਮਾਂ ਭੇਜੀਆਂ ਗਈਆਂ ਹਨ। ਐਮਰਜੈਂਸੀ ਸੇਵਾਵਾਂ ਦੇ ਮੁਤਾਬਕ ਸਥਿਤੀ ਪਲ-ਪਲ ਬਦਲ ਰਹੀ ਹੈ ਅਤੇ ਲੋਕਾਂ ਨੂੰ ਸਰਕਾਰੀ ਸੂਚਨਾਵਾਂ ਰਾਹੀਂ ਹਾਲਾਤਾਂ ਤੋਂ ਅਗਾਹ ਰਹਿਣ ਦੀ ਅਪੀਲ ਕੀਤੀ ਗਈ ਹੈ।