ਆਸਟ੍ਰੇਲੀਆ 'ਚ ਪੰਜਾਬੀ ਵਿਅਕਤੀ ਨੂੰ 25 ਸਾਲ ਦੀ ਬਿਨਾਂ ਪੈਰੋਲ ਕੈਦ ਦੀ ਸਜ਼ਾ, ਸੁਪਰੀਮ ਕੋਰਟ ਨੇ ਕਤਲ ਮਾਮਲੇ 'ਚ ਰਾਜਵਿੰਦਰ ਸਿੰਘ ਨੂੰ ਦਿੱਤਾ ਦੋਸ਼ੀ ਕਰਾਰ
ਰਾਜਵਿੰਦਰ ਸਿੰਘ, ਜੋ ਪੇਸ਼ੇ ਤੋਂ ਕੰਪਾਊਡਰ ਰਹਿ ਚੁੱਕਾ ਹੈ, ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਹਿੰਦੇ ਹੋਏ ਇਨਕਾਰ ਕੀਤਾ, ਪਰ ਉਸਦੀ ਵਕੀਲ ਟੀਮ ਪੁਲਿਸ ਵੱਲੋਂ ਪੇਸ਼ ਕੀਤੇ ਸਬੂਤਾਂ ਬਾਰੇ ਜੂਰੀ ਨੂੰ ਸੰਤੁਸ਼ਟ ਕਰਨ ਵਿੱਚ ਅਸਫਲ ਰਹੀ। ਮ੍ਰਿਤਕ ਤੋਯਾਹ ਦੇ ਸਰੀਰ ‘ਤੇ ਭਿਆਨਕ ਹਮਲੇ ਦੇ ਨਿਸ਼ਾਨ ਮਿਲੇ ਸਨ।
Publish Date: Tue, 09 Dec 2025 05:55 PM (IST)
Updated Date: Tue, 09 Dec 2025 06:01 PM (IST)
ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ : ਆਸਟ੍ਰੇਲੀਆ ਦੇ ਰਾਜ ਕੁਈਨਸਲੈਂਡ ਦੇ ਸ਼ਹਿਰ ਬ੍ਰਿਸਬੇਨ ਸਥਿਤ ਸੁਪਰੀਮ ਕੋਰਟ ਨੇ ਤੋਯਾਹ ਕੋਰਡਿੰਗਲੀ ਦੇ ਕਤਲ ਮਾਮਲੇ ਵਿੱਚ ਰਾਜਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 21 ਅਕਤੂਬਰ 2018 ਨੂੰ 24 ਸਾਲਾ ਤੋਯਾਹ ਦੀ ਲਾਸ਼ ਉੱਤਰੀ ਕੂਇਨਸਲੈਂਡ ਦੇ ਇੱਕ ਬੀਚ ਦੇ ਨੇੜੇ ਰੇਤ ਵਿਚ ਦੱਬੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਜਿਊਰੀ ਨੇ ਲਗਪਗ ਚਾਰ ਹਫ਼ਤਿਆਂ ਤੱਕ ਚੱਲੀ ਸੁਣਵਾਈ ਦੌਰਾਨ ਸਾਰੇ ਸਬੂਤਾਂ ਦੀ ਪਰਖ ਕਰਨ ਤੋਂ ਬਾਅਦ ਰਾਜਵਿੰਦਰ ਸਿੰਘ ਨੂੰ ਆਮ ਸਹਿਮਤੀ ਨਾਲ ਦੋਸ਼ੀ ਕਰਾਰ ਦਿੱਤਾ। ਦੋਸ਼ੀ ਘਟਨਾ ਵਾਲੇ ਦਿਨ ਤੋਂ ਕੁਝ ਹੀ ਸਮੇਂ ਬਾਅਦ ਆਸਟ੍ਰੇਲੀਆ ਤੋਂ ਭਾਰਤ ਭੱਜ ਗਿਆ ਸੀ। ਆਸਟ੍ਰੇਲੀਅਨ ਅਧਿਕਾਰੀਆਂ ਦੀ ਸੂਚਨਾ ‘ਤੇ ਦਿੱਲੀ ਪੁਲਿਸ ਨੇ ਉਸਨੂੰ 25 ਨਵੰਬਰ 2022 ਨੂੰ ਗ੍ਰਿਫ਼ਤਾਰ ਕੀਤਾ, ਜਿਸ ਤੋਂ ਬਾਅਦ 10 ਜਨਵਰੀ 2023 ਨੂੰ ਉਸਨੂੰ ਆਸਟ੍ਰੇਲੀਆ ਵਾਪਸ ਲਿਆਇਆ ਗਿਆ।
ਰਾਜਵਿੰਦਰ ਸਿੰਘ, ਜੋ ਪੇਸ਼ੇ ਤੋਂ ਕੰਪਾਊਡਰ ਰਹਿ ਚੁੱਕਾ ਹੈ, ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਹਿੰਦੇ ਹੋਏ ਇਨਕਾਰ ਕੀਤਾ, ਪਰ ਉਸਦੀ ਵਕੀਲ ਟੀਮ ਪੁਲਿਸ ਵੱਲੋਂ ਪੇਸ਼ ਕੀਤੇ ਸਬੂਤਾਂ ਬਾਰੇ ਜੂਰੀ ਨੂੰ ਸੰਤੁਸ਼ਟ ਕਰਨ ਵਿੱਚ ਅਸਫਲ ਰਹੀ। ਮ੍ਰਿਤਕ ਤੋਯਾਹ ਦੇ ਸਰੀਰ ‘ਤੇ ਭਿਆਨਕ ਹਮਲੇ ਦੇ ਨਿਸ਼ਾਨ ਮਿਲੇ ਸਨ। ਉਸਦੀ ਗਰਦਨ ‘ਤੇ ਗੰਭੀਰ ਵਾਰ ਕੀਤੇ ਗਏ ਸਨ ਅਤੇ ਲਾਸ਼ ਉਸਦੇ ਪਿਤਾ ਨੂੰ ਸਵੇਰੇ ਬੀਚ ਦੇ ਨੇੜੇ ਦੱਬੀ ਹੋਈ ਮਿਲੀ, ਜਦਕਿ ਉਸਦਾ ਕੁੱਤਾ ਨਜ਼ਦੀਕੀ ਦਰੱਖਤ ਨਾਲ ਬੰਨ੍ਹਿਆ ਪਾਇਆ ਗਿਆ। ਸਰਕਾਰੀ ਪੱਖ ਨੇ ਅਦਾਲਤ ਤੋਂ ਰਾਜਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦੀ ਮੰਗ ਕੀਤੀ ਸੀ। ਜਸਟਿਸ ਲਿੰਕਨ ਕ੍ਰੋਲੀ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਇਹ ਹਮਲਾ ਹਿੰਸਕ, ਨਿਰਦਈ ਅਤੇ ਮੌਕਾਪ੍ਰਸਤ ਸੀ। ਜਸਟਿਸ ਕ੍ਰੋਲੀ ਨੇ ਰਾਜਵਿੰਦਰ ਸਿੰਘ ਲਈ 25 ਸਾਲ ਦੀ ਬਿਨਾਂ ਪੈਰੋਲ ਮਿਆਦ ਨਿਰਧਾਰਤ ਕੀਤੀ ਹੈ, ਜੋ ਸਜ਼ਾ ਦੇ ਨਿਯਮਤ ਘੱਟੋ-ਘੱਟ ਸਮੇਂ ਤੋਂ ਵੀ ਵੱਧ ਹੈ।