ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਈਰਾਨ ਦੀ ਇਸਲਾਮਿਕ ਰਿਵੋਲੂਸ਼ਨਰੀ ਗਾਰਡ ਕੋਰਪਸ (ਆਈਆਰਜੀਸੀ)ਜੱਥੇਬੰਦੀ ਨੂੰ ਜਲਦੀ ਹੀ ਆਸਟ੍ਰੇਲੀਆ ਵਿੱਚ ਦਹਿਸ਼ਤਗਰਦ ਸੰਗਠਨ ਘੋਸ਼ਿਤ ਕੀਤਾ ਜਾਵੇਗਾ। ਇਸ ਲਈ ਸੰਸਦ ਵਿੱਚ ਵਿਸ਼ੇਸ਼ ਕਾਨੂੰਨ ਲਿਆਂਦਾ ਜਾਵੇਗਾ।
ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਆਸਟ੍ਰੇਲੀਆ ਨੇ ਈਰਾਨ ਦੇ ਰਾਜਦੂਤ ਅਹਿਮਦ ਸਾਦੇਗੀ ਅਤੇ ਤਿੰਨ ਹੋਰ ਰਾਜਨੈਤਿਕ ਅਧਿਕਾਰੀਆਂ ਨੂੰ ਸੱਤ ਦਿਨਾਂ ਦੇ ਅੰਦਰ ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਆਸਟ੍ਰੇਲੀਆ ਦੀ ਜਾਸੂਸੀ ਏਜੰਸੀ ਏਐੱਸਆਈਓ( ASIO )ਦਾ ਕਹਿਣਾ ਹੈ ਕਿ ਇਰਾਨ ਘੱਟੋ-ਘੱਟ ਦੋ ਅਜਿਹੀਆਂ ਕਾਰਵਾਈਆਂ ਦੇ ਪਿੱਛੇ ਸੀ, ਜਿਨ੍ਹਾਂ ਨੂੰ ਯਹੂਦੀ ਵਿਰੋਧੀ ਹਮਲੇ ਕਿਹਾ ਗਿਆ ਹੈ। ਇਸ ਤੋਂ ਬਾਅਦ ਆਸਟ੍ਰੇਲੀਆਈ ਸਰਕਾਰ ਨੇ ਤਹਿਰਾਨ ਨਾਲ ਆਪਣੇ ਰਾਜਨੀਤਿਕ ਰਿਸ਼ਤੇ ਲਗਪਗ ਖਤਮ ਕਰ ਦਿੱਤੇ ਹਨ। ਇਸ ਘਟਨਾ ਦੇ ਚਲਦਿਆਂ ਤਹਿਰਾਨ ਵਿਚਲੇ ਆਪਣੇ ਦੂਤਾਵਾਸ ਨੂੰ ਬੰਦ ਕਰਕੇ ਰਾਜਨਾਇਕਾਂ ਨੂੰ ਵਾਪਸ ਬੁਲਾ ਲਿਆ ਹੈ।
ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਈਰਾਨ ਦੀ ਇਸਲਾਮਿਕ ਰਿਵੋਲੂਸ਼ਨਰੀ ਗਾਰਡ ਕੋਰਪਸ (ਆਈਆਰਜੀਸੀ)ਜੱਥੇਬੰਦੀ ਨੂੰ ਜਲਦੀ ਹੀ ਆਸਟ੍ਰੇਲੀਆ ਵਿੱਚ ਦਹਿਸ਼ਤਗਰਦ ਸੰਗਠਨ ਘੋਸ਼ਿਤ ਕੀਤਾ ਜਾਵੇਗਾ। ਇਸ ਲਈ ਸੰਸਦ ਵਿੱਚ ਵਿਸ਼ੇਸ਼ ਕਾਨੂੰਨ ਲਿਆਂਦਾ ਜਾਵੇਗਾ।
ਏਐੱਸਆਈਓ ਦੇ ਮੁਖੀ ਮਾਈਕ ਬਰਗੈੱਸ ਨੇ ਦੱਸਿਆ ਕਿ ਦਸੰਬਰ 2024 ਵਿੱਚ ਮੈਲਬੌਰਨ ਦੇ ਅਡਾਸ ਇਸਰਾਇਲ ਸਿਨਾਗੌਗ ’ਤੇ ਹਮਲਾ ਅਕਤੂਬਰ 2024 ਵਿੱਚ ਸਿਡਨੀ ਦੇ ਲੂਇਸ ਕੰਟੀਨੈਂਟਲ ਕਿਚਨ ’ਤੇ ਹਮਲਾ ਇਹ ਦੋਵੇਂ ਕਾਰਵਾਈਆਂ ਇਰਾਨੀ ਆਈ. ਆਰਜੀਸੀ (IRGC) ਦੇ ਸੰਚਾਲਕਾਂ ਨੇ ਇਰਾਨ ਦੇ ਹੁਕਮ ਤੇ ਕੀਤੀਆਂ ਅਤੇ ਉਨ੍ਹਾਂ ਨੂੰ ਸਿੱਧਾ ਫੰਡ ਪ੍ਰਾਪਤ ਹੋਇਆ।
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਇਹ ਹਮਲੇ ਦੋ ਕਾਰਨਾਂ ਕਰਕੇ ਕੀਤੇ ਗਏ। ਪਹਿਲਾ ਯਹੂਦੀ ਵਿਰੋਧੀ ਸੋਚ, ਜੋ ਇਰਾਨ ਦੀ ਵਿਚਾਰਧਾਰਾ ਦਾ ਹਿੱਸਾ ਹੈ, ਦੂਜਾ ਆਸਟ੍ਰੇਲੀਆ ਵਿੱਚ ਫੁੱਟ 'ਤੇ ਅਸਮਝੀ ਪੈਦਾ ਕਰਨੀ। ਇਹ ਸਾਡੇ ਸਮਾਜਿਕ ਤਾਣੇ ਬਾਣੇ ’ਤੇ ਸਿੱਧਾ ਹਮਲਾ ਹੈ। ਇਰਾਨ ਦੇ ਵਿਦੇਸ਼ ਮੰਤਰੀ ਨੇ ਦੋਸ਼ਾਂ ਨੂੰ ਨਕਾਰਦਿਆਂ ਅਲਬਾਨੀਜ਼ ਨੂੰ “ਕਮਜ਼ੋਰ ਰਾਜਨੀਤਿਕ” ਕਿਹਾ। ਉਧਰ ਇਜ਼ਰਾਇਲ ਨੇ ਦਾਅਵਾ ਕੀਤਾ ਕਿ ਉਸਨੇ ਆਸਟ੍ਰੇਲੀਆ ਨੂੰ ਇਰਾਨ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਕੀਤਾ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਇਜਰਾਇਲ ਦੇ ਇਸ ਦਾਅਵੇ ਨੂੰ “ਬੇਬੁਨਿਆਦ” ਕਰਾਰ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਵਿਦੇਸ਼ੀ ਰਾਜਦੂਤ ਨੂੰ ਆਸਟ੍ਰੇਲੀਆ ਤੋਂ ਬਾਹਰ ਕੱਢਿਆ ਗਿਆ ਹੈ। ਇਸ ਘਟਨਾ ਨੇ ਦੋਵੇਂ ਦੇਸ਼ਾਂ ਵਿਚਕਾਰ ਕੂਟਨੀਤਿਕ ਰਿਸ਼ਤਿਆਂ ’ਤੇ ਤਣਾਅ ਵਧਾ ਦਿੱਤਾ ਹੈ।