Australia Crime : ਮੈਲਬੌਰਨ 'ਚ ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲ਼ੀਆਂ, ਦੋ ਪੁਲਿਸ ਅਧਿਕਾਰੀਆਂ ਦੀ ਮੌਤ
ਵਿਕਟੋਰੀਆ ਦੇ ਉੱਤਰੀ-ਪੂਰਬ ਵਿੱਚ ਬਰਾਈਟ ਨੇੜੇ ਪੋਰਪੁੰਕਾਹ ਵਿਖੇ ਵਾਪਰੀ ਇੱਕ ਗੋਲ਼ੀਬਾਰੀ ਦੀ ਘਟਨਾ ਦੌਰਾਨ ਵਿਕਟੋਰੀਆ ਪੁਲਿਸ ਦੇ ਦੋ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
Publish Date: Tue, 26 Aug 2025 06:07 PM (IST)
Updated Date: Tue, 26 Aug 2025 06:12 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਵਿਕਟੋਰੀਆ ਦੇ ਉੱਤਰੀ-ਪੂਰਬ ਵਿੱਚ ਬਰਾਈਟ ਨੇੜੇ ਪੋਰਪੁੰਕਾਹ ਵਿਖੇ ਵਾਪਰੀ ਇੱਕ ਗੋਲ਼ੀਬਾਰੀ ਦੀ ਘਟਨਾ ਦੌਰਾਨ ਵਿਕਟੋਰੀਆ ਪੁਲਿਸ ਦੇ ਦੋ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਮੰਗਲਵਾਰ ਸਵੇਰੇ ਮੈਲਬੋਰਨ ਤੋਂ ਲਗਪਗ 300 ਕਿਲੋਮੀਟਰ ਦੂਰ ਕਸਬੇ ਪੋਰਪੁੰਕਾਹ ਵਿੱਚ ਉਸ ਵੇਲੇ ਵਾਪਰੀ ਜਦੋਂ ਇਹ ਅਧਿਕਾਰੀ ਦੋਸ਼ੀ ਹਮਲਾਵਰ ਨੂੰ ਜਿਨਸੀ ਅਪਰਾਧਾਂ ਤੇ ਹੋਰ ਕੇਸਾਂ ਸੰਬੰਧੀ ਵਾਰੰਟ ਲੈ ਕੇ ਗਏ ਸਨ 10 ਅਧਿਕਾਰੀਆਂ ਦੀ ਇਕ ਟੀਮ ਵਾਰੰਟ ਲਾਗੂ ਕਰਨ ਲਈ ਜਦੋਂ ਕਥਿਤ ਡੇਜ਼ੀ ਫ੍ਰੀਮੈਨ ਦੇ ਫਾਰਮ ‘ਤੇ ਪਹੁੰਚੀ, ਜਿੱਥੇ ਫ੍ਰੀਮੈਨ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਜਦੋਂ ਅਧਿਕਾਰੀ ਉਸ ਦੇ ਫਾਰਮ ਹਾਊਸ ਵਿੱਚ ਦਾਖਲ ਹੋਏ ਤਾਂ ਉਸਨੇ ਪੁਲਿਸ ਟੀਮ ਉਪਰ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ ਸਿੱਟੇ ਵਜੋਂ ਦੋ ਅਧਿਕਾਰੀਆਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਡੇਜ਼ੀ ਫ੍ਰੀਮੈਨ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਘਟਨਾ ਸਥਾਨ ਤੋਂ ਫਰਾਰ ਹੋਇਆ ਹੈ।ਹਮਲਾਵਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਤੇ ਉਸ ਨੂੰ ਫੜਨ ਲਈ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਲਈ ਵਿਕਟੋਰੀਆ ਪੁਲਿਸ ਦੀਆਂ ਵੱਖ-ਵੱਖ ਯੂਨਿਟਾਂ ਵਲੋ ਇਲਾਕੇ ਨੂੰ ਪੂਰੀ ਤਰ੍ਹਾਂ ਘੇਰਾ ਪਾ ਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਹੋਇਆ ਹੈ।
ਵਿਕਟੋਰੀਆ ਪੁਲਿਸ ਵਲੋਂ ਅਹਿਤਿਆਤ ਵਜੋਂ ਇਸ ਇਲਾਕੇ ਦੇ ਸਕੂਲ, ਦੁਕਾਨਾਂ ਤੇ ਪਾਰਕਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਤੇ ਇਸ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਵਿਕਟੋਰੀਆ ਸੂਬੇ ਦੀ ਪ੍ਰੀਮੀਅਰ ਜੈਸਿੰਟਾ ਐਲਨ ਤੇ ਵਿਕਟੋਰੀਆ ਦੇ ਪੁਲਿਸ ਕਮਿਸ਼ਨਰ ਮਾਇਕ ਬੁਸ਼ ਨੇ ਇਸ ਘਟਨਾ ’ਤੇ ਦੁੱਖ ਅਤੇ ਚਿੰਤਾ ਪ੍ਰਗਟ ਕੀਤੀ ਤੇ ਮ੍ਰਿਤਕ ਅਧਿਕਾਰੀਆਂ ਲਈ ਸੰਵੇਦਨਾ ਜਾਹਰ ਕੀਤੀ ਤੇ ਜ਼ਖ਼ਮੀ ਅਧਿਕਾਰੀ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ।