ਅਜੋਕੇ ਡਿਜੀਟਲ ਯੁੱਗ ’ਚ ਸਾਡੀ ਜ਼ਿੰਦਗੀ ਤਕਨੀਕ ’ਤੇ ਪੂਰੀ ਤਰ੍ਹਾਂ ਨਿਰਭਰ ਹੋ ਗਈ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਅਸੀਂ ਸਮਾਰਟ ਫੋਨ, ਸਮਾਰਟ ਟੀਵੀ, ਸਮਾਰਟ ਸਪੀਕਰ, ਸਮਾਰਟ ਵਾਚ ਅਤੇ ਇੱਥੋਂ ਤੱਕ ਕਿ ਸਮਾਰਟ ਬਲਬਾਂ ਤੇ ਫਰਿੱਜਾਂ ਨਾਲ ਘਿਰੇ ਹੋਏ ਹਾਂ। ਬਾਜ਼ਾਰ ’ਚ ਆਉਣ ਵਾਲਾ ਹਰ ਨਵਾਂ ‘ਸਮਾਰਟ’ ਯੰਤਰ ਸਾਡੇ ਜੀਵਨ ਨੂੰ ਹੋਰ ਸੌਖਾ ਤੇ ਆਧੁਨਿਕ ਬਣਾਉਣ ਦਾ ਦਾਅਵਾ ਕਰਦਾ ਹੈ।

ਅਜੋਕੇ ਡਿਜੀਟਲ ਯੁੱਗ ’ਚ ਸਾਡੀ ਜ਼ਿੰਦਗੀ ਤਕਨੀਕ ’ਤੇ ਪੂਰੀ ਤਰ੍ਹਾਂ ਨਿਰਭਰ ਹੋ ਗਈ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਅਸੀਂ ਸਮਾਰਟ ਫੋਨ, ਸਮਾਰਟ ਟੀਵੀ, ਸਮਾਰਟ ਸਪੀਕਰ, ਸਮਾਰਟ ਵਾਚ ਅਤੇ ਇੱਥੋਂ ਤੱਕ ਕਿ ਸਮਾਰਟ ਬਲਬਾਂ ਤੇ ਫਰਿੱਜਾਂ ਨਾਲ ਘਿਰੇ ਹੋਏ ਹਾਂ। ਬਾਜ਼ਾਰ ’ਚ ਆਉਣ ਵਾਲਾ ਹਰ ਨਵਾਂ ‘ਸਮਾਰਟ’ ਯੰਤਰ ਸਾਡੇ ਜੀਵਨ ਨੂੰ ਹੋਰ ਸੌਖਾ ਤੇ ਆਧੁਨਿਕ ਬਣਾਉਣ ਦਾ ਦਾਅਵਾ ਕਰਦਾ ਹੈ। ਅਸੀਂ ਵੀ ਬਿਨਾਂ ਬਹੁਤਾ ਸੋਚੇ-ਸਮਝੇ ਇਨ੍ਹਾਂ ਮਸ਼ੀਨਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਲੈਂਦੇ ਹਾਂ ਪਰ ਇਸ ਸਹੂਲਤ ਦੀ ਆੜ ’ਚ ਅਸੀਂ ਅਕਸਰ ਮਹੱਤਵਪੂਰਨ ਪਹਿਲੂਆਂ ਨੂੰ ਅਣਗੌਲਿਆ ਕਰ ਦਿੰਦੇ ਹਾਂ, ਉਹ ਹੈ ਸਾਡੀ ਆਪਣੀ ਨਿੱਜਤਾ ਅਤੇ ਸੁਰੱਖਿਆ।
ਅੱਜ ਦੇ ਸਮੇਂ ’ਚ ਵੱਡੀਆਂ ਤਕਨੀਕੀ ਕੰਪਨੀਆਂ ਮੁਫ਼ਤ ਜਾਂ ਸਸਤੀਆਂ ਸਹੂਲਤਾਂ ਦੇ ਕੇ ਸਾਡਾ ਨਿੱਜੀ ਡਾਟਾ ਇਕੱਠਾ ਕਰਦੀਆਂ ਹਨ। ਤੁਹਾਡੀ ਸਮਾਰਟ ਘੜੀ ਨੂੰ ਪਤਾ ਹੈ ਕਿ ਤੁਸੀਂ ਕਦੋਂ ਸੌਂਦੇ ਹੋ ਅਤੇ ਤੁਹਾਡੇ ਦਿਲ ਦੀ ਧੜਕਣ ਕਿੰਨੀ ਰਹਿੰਦੀ ਹੈ। ਤੁਹਾਡਾ ਸਮਾਰਟ ਟੀਵੀ ਜਾਣਦਾ ਹੈ ਕਿ ਤੁਸੀਂ ਕੀ ਦੇਖਣਾ ਪਸੰਦ ਕਰਦੇ ਹੋ ਅਤੇ ਤੁਹਾਡਾ ਸਮਾਰਟ ਫਰਿੱਜ ਤੁਹਾਡੀਆਂ ਖਾਣ-ਪੀਣ ਦੀਆਂ ਆਦਤਾਂ ਦਾ ਰਿਕਾਰਡ ਰੱਖ ਸਕਦਾ ਹੈ। ਇਹ ਸਾਰਾ ਡਾਟਾ ਇਕੱਠਾ ਕਰ ਕੇ ਇਸ਼ਤਿਹਾਰਬਾਜ਼ੀ ਵਾਲੀਆਂ ਕੰਪਨੀਆਂ ਨੂੰ ਵੇਚਿਆ ਜਾਂਦਾ ਹੈ, ਤਾਂ ਜੋ ਤੁਹਾਨੂੰ ਤੁਹਾਡੀ ਪਸੰਦ ਦੇ ਇਸ਼ਤਿਹਾਰ ਦਿਖਾ ਕੇ ਮੁਨਾਫ਼ਾ ਕਮਾਇਆ ਜਾ ਸਕੇ। ਇਸ ਤਰ੍ਹਾਂ ਤੁਸੀਂ ਸਿਰਫ਼ ਗਾਹਕ ਨਹੀਂ ਰਹਿੰਦੇ ਸਗੋਂ ਖ਼ੁਦ ਪ੍ਰੋਡਕਟ ਬਣ ਜਾਂਦੇ ਹੋ।
ਅੱਜ-ਕੱਲ੍ਹ ਲੋਕ ਆਪਣੇ ਘਰਾਂ ਨੂੰ ਆਧੁਨਿਕ ਦਿਖਾਉਣ ਦੀ ਹੋੜ ’ਚ ਸਮਾਰਟ ਡਿਵਾਈਸਾਂ ਦੇ ਢੇਰ ਲਗਾ ਰਹੇ ਹਨ ਪਰ ਇਹ ਸਮਝਣਾ ਜ਼ਰੂਰੀ ਹੈ ਕਿ ਇੰਟਰਨੈੱਟ ਨਾਲ ਜੁੜਿਆ ਹਰ ਯੰਤਰ ਇਕ ਖਿੜਕੀ ਵਾਂਗ ਹੈ, ਜਿਸ ਰਾਹੀਂ ਹੈਕਰ ਜਾਂ ਕੰਪਨੀਆਂ ਤੁਹਾਡੇ ਘਰ ਅੰਦਰ ਝਾਤੀ ਮਾਰ ਸਕਦੀਆਂ ਹਨ। ਤੁਹਾਡੇ ਬੈੱਡਰੂਮ ਜਾਂ ਡਰਾਇੰਗ ਰੂਮ ਵਿਚ ਰੱਖਿਆ ਸਮਾਰਟ ਸਪੀਕਰ ਹਰ ਵੇਲੇ ਤੁਹਾਡੀਆਂ ਗੱਲਾਂ ਸੁਣ ਸਕਦਾ ਹੈ। ਇਸੇ ਤਰ੍ਹਾਂ ਘਰ ਦੀ ਸੁਰੱਖਿਆ ਲਈ ਲਗਾਏ ਗਏ ਸਮਾਰਟ ਕੈਮਰੇ ਦੀ ਹੈਕਿੰਗ ਤੁਹਾਨੂੰ ਆਪਣੇ ਹੀ ਘਰ ਵਿਚ ਅਸੁਰੱਖਿਅਤ ਕਰ ਸਕਦੀ ਹੈ। ਅੱਜ-ਕੱਲ੍ਹ ਬੱਚਿਆਂ ਦੇ ਖੇਡਣ ਵਾਲੇ ਸਮਾਰਟ ਖਿਡੌਣੇ ਵੀ ਅਕਸਰ ਇੰਟਰਨੈੱਟ, ਕੈਮਰੇ ਅਤੇ ਮਾਈਕ੍ਰੋਫੋਨ ਨਾਲ ਆਉਂਦੇ ਹਨ, ਜੋ ਸਾਡੀ ਨਵੀਂ ਪੀੜ੍ਹੀ ਦੀ ਨਿੱਜਤਾ ਲਈ ਵੀ ਵੱਡਾ ਖ਼ਤਰਾ ਬਣ ਸਕਦੇ ਹਨ।
ਬਚਾਅ ਦੇ ਤਰੀਕੇ
ਤਕਨੀਕ ਕੋਈ ਮਾੜੀ ਚੀਜ਼ ਨਹੀਂ ਹੈ, ਬਸ਼ਰਤੇ ਇਸ ਦੀ ਵਰਤੋਂ ਸਹੀ ਢੰਗ ਅਤੇ ਪੂਰੀ ਜਾਗਰੂਕਤਾ ਨਾਲ ਕੀਤੀ ਜਾਵੇ। ਇਨ੍ਹਾਂ ਡਿਵਾਈਸਾਂ ਨੂੰ ਇਕੱਠਾ ਕਰਨ ਤੋਂ ਪਹਿਲਾਂ ਸਾਨੂੰ ਖ਼ੁਦ ਸਮਾਰਟ ਬਣਨ ਦੀ ਲੋੜ ਹੈ। ਕਿਸੇ ਵੀ ਸਮਾਰਟ ਯੰਤਰ ਨੂੰ ਖ਼ਰੀਦਣ ਅਤੇ ਉਸ ਨੂੰ ਆਪਣੇ ਘਰ ਦੇ ਵਾਈ-ਫਾਈ ਨਾਲ ਜੋੜਨ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ:
ਸੁਰੱਖਿਆ ਪ੍ਰਣਾਲੀ ਦੀ ਜਾਂਚ: ਡਿਵਾਈਸ ਖ਼ਰੀਦਣ ਤੋਂ ਪਹਿਲਾਂ ਉਸ ਦੀ ਸੁਰੱਖਿਆ ਪ੍ਰਣਾਲੀ ਬਾਰੇ ਪੂਰੀ ਜਾਣਕਾਰੀ ਲਓ। ਸਸਤੇ ਅਤੇ ਅਣਜਾਣ ਬ੍ਰਾਂਡਾਂ ਦੀ ਬਜਾਏ ਭਰੋਸੇਮੰਦ ਕੰਪਨੀਆਂ ਦੇ ਉਤਪਾਦ ਹੀ ਖ਼ਰੀਦੋ।
ਮਜ਼ਬੂਤ ਪਾਸਵਰਡ : ਨਵੀਂ ਡਿਵਾਈਸ ਲਿਆਉਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਉਸ ਦਾ ਡਿਫਾਲਟ ਪਾਸਵਰਡ ਬਦਲਣਾ ਹੋਣਾ ਚਾਹੀਦਾ ਹੈ। ਹਮੇਸ਼ਾ ਮਜ਼ਬੂਤ ਪਾਸਵਰਡ ਰੱਖੋ।
ਵੱਖਰਾ ਨੈੱਟਵਰਕ : ਆਪਣੇ ਸਮਾਰਟ ਘਰੇਲੂ ਯੰਤਰਾਂ ਨੂੰ ਆਪਣੇ ਮੁੱਖ ਵਾਈ-ਫਾਈ ਨੈੱਟਵਰਕ ਨਾਲ ਜੋੜਨ ਦੀ ਬਜਾਏ ਰਾਊਟਰ ਦੇ ਗੈਸਟ ਨੈੱਟਵਰਕ ’ਤੇ ਰੱਖੋ। ਇਸ ਨਾਲ ਜੇ ਕੋਈ ਸਮਾਰਟ ਬਲਬ ਜਾਂ ਟੀਵੀ ਹੈਕ ਵੀ ਹੋ ਜਾਂਦਾ ਹੈ, ਤਾਂ ਤੁਹਾਡਾ ਮੋਬਾਈਲ ਜਾਂ ਲੈਪਟਾਪ ਜਿਸ ਵਿਚ ਤੁਹਾਡਾ ਬੈਂਕਿੰਗ ਅਤੇ ਹੋਰ ਨਿੱਜੀ ਡਾਟਾ ਹੈ, ਸੁਰੱਖਿਅਤ ਰਹੇਗਾ।
ਸਾਫਟਵੇਅਰ ਅਪਡੇਟ : ਸਮੇਂ-ਸਮੇਂ ’ਤੇ ਆਪਣੀਆਂ ਡਿਵਾਈਸਾਂ ਦੇ ਸਾਫਟਵੇਅਰ ਅਪਡੇਟ ਕਰਦੇ ਰਹੋ। ਕੰਪਨੀਆਂ ਇਹ ਅਪਡੇਟਸ ਸੁਰੱਖਿਆ ਖ਼ਾਮੀਆਂ ਨੂੰ ਦੂਰ ਕਰਨ ਲਈ ਹੀ ਭੇਜਦੀਆਂ ਹਨ।
ਸਹੂਲਤਾਂ ਦੇ ਨਾਂ ’ਤੇ ਅਸੀਂ ਹੌਲੀ-ਹੌਲੀ ਆਪਣਾ ਕੰਟਰੋਲ ਮਸ਼ੀਨਾਂ ਦੇ ਹੱਥਾਂ ਵਿਚ ਦੇ ਰਹੇ ਹਾਂ। ਇਹ ਮਸ਼ੀਨਾਂ ਸਾਡੇ ਰਹਿਣ-ਸਹਿਣ, ਸੋਚਣ ਦੇ ਤਰੀਕੇ ਅਤੇ ਆਦਤਾਂ ਨੂੰ ਬਦਲ ਰਹੀਆਂ ਹਨ। ਤਕਨੀਕ ਦੀ ਵਰਤੋਂ ਜ਼ਰੂਰ ਕਰੋ ਪਰ ਪੂਰੀ ਸਾਵਧਾਨੀ ਅਤੇ ਹੁਸ਼ਿਆਰੀ ਨਾਲ। ਕੋਈ ਵੀ ਮਸ਼ੀਨ ਜਾਂ ਡਿਵਾਈਸ ਤੁਹਾਡੀ ਨਿੱਜੀ ਜ਼ਿੰਦਗੀ ਅਤੇ ਮਾਨਸਿਕ ਸ਼ਾਂਤੀ ਤੋਂ ਵੱਧ ਕੀਮਤੀ ਨਹੀਂ ਹੋ ਸਕਦੀ। ਯਾਦ ਰੱਖੋ ਕਿ ਤੁਹਾਡੇ ਘਰ ਦੀ ਚਾਰਦੀਵਾਰੀ ਤੁਹਾਡੀ ਨਿੱਜਤਾ ਦਾ ਆਖਰੀ ਕਿਲ੍ਹਾ ਹੈ, ਇਸ ਨੂੰ ਤਕਨੀਕ ਅਤੇ ਕੰਪਨੀਆਂ ਦੇ ਮੁਨਾਫ਼ੇ ਦੀ ਭੇਟ ਨਾ ਚੜ੍ਹਨ ਦਿਉ। ਜਾਗਰੂਕ ਰਹੋ, ਸੁਰੱਖਿਅਤ ਰਹੋ।
ਚਾਨਣਦੀਪ ਸਿੰਘ ਔਲਖ