ਅਜੋਕੇ ਮੁਕਾਬਲੇ ਵਾਲੇ ਸਮਾਜ ’ਚ ਸਾਨੂੰ ਅੱਗੇ ਵਧਣ ਤੇ ਜੀਵਨ ਵਿਚ ਸਫਲ ਵਿਅਕਤੀ ਬਣਨ ਲਈ ਹਰ ਸੰਭਵ ਨਵੀਆਂ ਤਕਨੀਕਾਂ ਦੀ ਲੋੜ ਹੈ। ਮੌਜੂਦਾ ਸਮੇਂ ਭਾਰਤ ਹਰ ਖੇਤਰ ’ਚ ਤਕਨਾਲੋਜੀ ਤੇ ਵਿਗਿਆਨ ਦੇ ਨਵੇਂ ਮੋਡ ਨੂੰ ਅਪਣਾਉਂਦਿਆਂ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅੱਜ ਭਾਰਤ ਹਰ ਖੇਤਰ ’ਚ ਤਕਨੀਕੀ ਤਰੱਕੀ ਦਾ ਲਾਭ ਉਠਾਉਣ ’ਚ ਕੋਈ ਕਸਰ ਨਹੀਂ ਛੱਡ ਰਿਹਾ।

ਅਜੋਕੇ ਮੁਕਾਬਲੇ ਵਾਲੇ ਸਮਾਜ ’ਚ ਸਾਨੂੰ ਅੱਗੇ ਵਧਣ ਤੇ ਜੀਵਨ ਵਿਚ ਸਫਲ ਵਿਅਕਤੀ ਬਣਨ ਲਈ ਹਰ ਸੰਭਵ ਨਵੀਆਂ ਤਕਨੀਕਾਂ ਦੀ ਲੋੜ ਹੈ। ਮੌਜੂਦਾ ਸਮੇਂ ਭਾਰਤ ਹਰ ਖੇਤਰ ’ਚ ਤਕਨਾਲੋਜੀ ਤੇ ਵਿਗਿਆਨ ਦੇ ਨਵੇਂ ਮੋਡ ਨੂੰ ਅਪਣਾਉਂਦਿਆਂ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅੱਜ ਭਾਰਤ ਹਰ ਖੇਤਰ ’ਚ ਤਕਨੀਕੀ ਤਰੱਕੀ ਦਾ ਲਾਭ ਉਠਾਉਣ ’ਚ ਕੋਈ ਕਸਰ ਨਹੀਂ ਛੱਡ ਰਿਹਾ। ਸਿਹਤ ਤੋਂ ਲੈ ਕੇ ਸਿੱਖਿਆ ਤਕ, ਰੱਖਿਆ ਤੋਂ ਲੈ ਕੇ ਖੇਤੀਬਾੜੀ ਦੇ ਖੇਤਰ ’ਚ ਸ਼ਾਨਦਾਰ ਤਰੱਕੀ ਕੀਤੀ ਹੈ। ਇੰਨਾ ਹੀ ਨਹੀਂ ਮਨੁੱਖ ਕਾਫ਼ੀ ਹੱਦ ਤਕ ਤਕਨਾਲੋਜੀ ’ਤੇ ਨਿਰਭਰ ਹੁੰਦਾ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਤਕਨਾਲੋਜੀ ਸਾਡੇ ਹਰ ਕੰਮ ਨੂੰ ਬਿਹਤਰ ਤੇ ਆਸਾਨ ਬਣਾਉਣ ’ਚ ਸਾਡੀ ਮਦਦ ਕਰਦੀ ਹੈ।
ਰਾਸ਼ਟਰੀ ਤਕਨਾਲੋਜੀ ਦਿਵਸ ਦੀ ਸ਼ੁਰੂਆਤ
ਰਾਸ਼ਟਰੀ ਤਕਨਾਲੋਜੀ ਦਿਵਸ ਭਾਰਤ ’ਚ ਹਰ ਸਾਲ 11 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਨੇ ਪੂਰੀ ਦੁਨੀਆ ’ਚ ਆਪਣੀ ਤਕਨੀਕੀ ਸਮਰੱਥਾ ਦਾ ਸਬੂਤ ਦਿੱਤਾ ਸੀ। ਇਸ ਦਿਨ ਨੂੰ ਪੀੜ੍ਹੀਆਂ ਲਈ ਯਾਦਗਾਰ ਬਣਾਉਣ ਤੇ ਭਾਰਤ ਦੇ ਮਹਾਨ ਵਿਗਿਆਨੀਆਂ ਦੀ ਸਖ਼ਤ ਮਿਹਨਤ ਨੂੰ ਸਨਮਾਨਿਤ ਕਰਨ ਲਈ ਰਾਸ਼ਟਰੀ ਤਕਨਾਲੋਜੀ ਦਿਵਸ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਦਿਨ ਸਾਡੀ ਰੋਜ਼ਾਨਾ ਜ਼ਿੰਦਗੀ ’ਚ ਵਿਗਿਆਨ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨ ਤੇ ਵਿਦਿਆਰਥੀਆਂ ਨੂੰ ਕਰੀਅਰ ਬਦਲ ਵਜੋਂ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਲਈ ਵੱਖ-ਵੱਖ ਤਕਨੀਕੀ ਸੰਸਥਾਵਾਂ ਤੇ ਇੰਜੀਨੀਅਰਿੰਗ ਕਾਲਜਾਂ ਵਿਚ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਦਿਨ ਇੰਜੀਨੀਅਰਾਂ, ਯੋਜਨਾਕਾਰਾਂ, ਵਿਗਿਆਨੀਆਂ ਤੇ ਹੋਰਾਂ ਲਈ ਮਹੱਤਵਪੂਰਨ ਹੈ, ਜੋ ਦੇਸ਼ ਦੇ ਨਿਰਮਾਣ ਤੇ ਪ੍ਰਸ਼ਾਸਨ ’ਚ ਲੱਗੇ ਹੋਏ ਹਨ।
ਜ਼ਿੰਦਗੀ ਆਸਾਨ ਬਣਾਉਣ ’ਚ ਭੂਮਿਕਾ
ਆਧੁਨਿਕ ਸਮੇਂ ’ਚ ਜ਼ਿੰਦਗੀ ਨੂੰ ਆਸਾਨ ਬਣਾਉਣ ’ਚ ਤਕਨਾਲੋਜੀ ਨੇ ਵੱਡੀ ਭੂਮਿਕਾ ਨਿਭਾਈ ਹੈ। ਤਕਨਾਲੋਜੀ ਦੀ ਬਦੌਲਤ ਅੱਜ ਹਰ ਤਰ੍ਹਾਂ ਦਾ ਕੰਮ ਘਰ ਬੈਠਿਆਂ ਹੀ ਮਿੰਟਾਂ ’ਚ ਹੋ ਜਾਂਦਾ ਹੈ। ਅੱਜ ਸਾਡਾ ਦੇਸ਼ ਤਕਨਾਲੋਜੀ ਦੇ ਮਾਮਲੇ ’ਚ ਕਿਸੇ ਦੇਸ਼ ਨਾਲੋਂ ਘੱਟ ਨਹੀਂ ਹੈ। ਤਕਨਾਲੋਜੀ ਨੂੰ ਉੱਚ ਪੱਧਰ ’ਤੇ ਲਿਜਾਣ ਲਈ ਭਾਰਤ ਸਰਕਾਰ ਡਿਜੀਟਲ ਇੰਡੀਆ ਤੇ ਮੇਕ ਇਨ ਇੰਡੀਆ ਵਰਗੀਆਂ ਮੁਹਿੰਮਾਂ ’ਚ ਵੀ ਲੱਗੀ ਹੋਈ ਹੈ। ਭਾਰਤ ਦਾ ਕੇਂਦਰੀ ਮੰਤਰਾਲਾ ਵੀ ਵਿਗਿਆਨ ਤੇ ਤਕਨਾਲੋਜੀ ਨੂੰ ਉਤਸ਼ਾਹਿਤ ਕਰ ਰਿਹਾ ਹੈ। ਤਕਨਾਲੋਜੀ ਦੀ ਇਸ ਕੁਰਬਾਨੀ ਨੂੰ ਯਾਦ ਕਰਨ ਲਈ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ ਜਾਂਦਾ ਹੈ। ਇਸ ਗੱਲ ਨੂੰ ਤਾਂ ਜਾਣਦੇ ਹਨ ਕਿ ਭਾਰਤ ’ਚ ਕਈ ਤਰ੍ਹਾਂ ਦੇ ਪਰਮਾਣੂ ਪ੍ਰੀਖਣ ਕੀਤੇ ਗਏ ਹਨ। ਪਰਮਾਣੂ ਪ੍ਰੀਖਣ ਦੀ ਯਾਦ ’ਚ ਹੀ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ ਜਾਂਦਾ ਹੈ। ਭਾਰਤ ਦੇ ਮਹਾਨ ਵਿਗਿਆਨੀ ਡਾ. ਏਪੀਜੇ ਅਬਦੁਲ ਕਲਾਮ ਇਸ ਪ੍ਰਮਾਣੂ ਪ੍ਰੀਖਣ ਸਮੇਂ ਡੀਆਰਡੀਓ ਦੇ ਨਿਰਦੇਸ਼ਕ ਤੇ ਵਿਗਿਆਨਕ ਸਲਾਹਕਾਰ ਸਨ। ਇਸ ਮਿਸ਼ਨ ਨੂੰ 1998 ਵਿਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਅਤੇ ਡਾ. ਕਲਾਮ ਦੀ ਅਗਵਾਈ ’ਚ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ ਸੀ।
ਤਕਨਾਲੋਜੀ ਬਿਨਾਂ ਰਹਿਣਾ ਲੱਗ ਰਿਹਾ ਅਸੰਭਵ
ਅੱਜ ਮਨੁੱਖ ਨੇ ਵਿਗਿਆਨ ਤੇ ਤਕਨਾਲੋਜੀ ’ਚ ਬਹੁਤ ਵਿਕਾਸ ਕਰ ਲਿਆ ਹੈ। ਸਾਡੇ ਸਾਰਿਆਂ ਦਾ ਜੀਵਨ ਆਧੁਨਿਕ ਸਮੇਂ ਦੀਆਂ ਵਿਗਿਆਨਕ ਕਾਢਾਂ ਤੇ ਤਕਨੀਕਾਂ ’ਤੇ ਨਿਰਭਰ ਹੈ। ਜੇ ਅਸੀਂ ਵਿਗਿਆਨ ’ਚ ਤਰੱਕੀ ਨਾ ਕੀਤੀ ਹੁੰਦੀ ਤਾਂ ਅੱਜ ਸਾਡਾ ਜੀਵਨ ਪਹਿਲਾਂ ਵਾਂਗ ਔਖਾ ਤੇ ਸਮਾਂ ਬਰਬਾਦ ਕਰਨ ਵਾਲਾ ਹੋਣਾ ਸੀ। ਨਵੀਆਂ ਕਾਢਾਂ ਨੇ ਸਾਨੂੰ ਬਹੁਤ ਸਾਰੇ ਫ਼ਾਇਦੇ ਦਿੱਤੇ ਹਨ। ਸਾਡੇ ਆਲੇ-ਦੁਆਲੇ ਬਹੁਤ ਸਾਰੀ ਤਕਨੀਕ ਹੈ। ਮੋਬਾਈਲ, ਟੀਵੀ, ਕੰਪਿਊਟਰ, ਇੰਟਰਨੈੱਟ, ਓਵਨ, ਫਰਿੱਜ, ਵਾਸ਼ਿਗ ਮਸ਼ੀਨ, ਵਾਟਰ ਡਿਸਪੈਂਸਰ, ਮੋਟਰਸਾਈਕਲ, ਜਹਾਜ਼, ਰੇਲਗੱਡੀ, ਬੱਸ, ਆਵਾਜਾਈ ਦੇ ਸਾਧਨ ਸਭ ਕੁਝ ਆਧੁਨਿਕ ਤਕਨੀਕ ਦੀ ਮਦਦ ਨਾਲ ਸੰਭਵ ਹੋਇਆ ਹੈ। ਨਵੀਆਂ ਕਿਸਮਾਂ ਦੀਆਂ ਦਵਾਈਆਂ, ਮੈਡੀਕਲ ਉਪਕਰਨਾਂ ਤੇ ਨਵੀਆਂ ਤਕਨੀਕਾਂ ਨਾਲ ਗੁੰਝਲਦਾਰ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੋ ਗਿਆ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅੱਜ ਦੇ ਸਮੇਂ ’ਚ ਆਧੁਨਿਕ ਤਕਨੀਕ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ।
ਵਿਗਿਆਨ ਪ੍ਰਤੀ ਉਤਸ਼ਾਹ
ਰਾਸ਼ਟਰੀ ਤਕਨਾਲੋਜੀ ਦਿਵਸ ਮਨਾਉਣ ਨਾਲ ਵਿਦਿਆਰਥੀਆਂ ਵਿਚ ਵਿਗਿਆਨ ਪ੍ਰਤੀ ਨਵਾਂ ਉਤਸ਼ਾਹ ਪੈਦਾ ਹੋਵੇਗਾ ਤੇ ਭਾਰਤ ਲਈ ਕੁਝ ਨਵਾਂ ਕਰਨ ਦੀ ਸਮਰੱਥਾ ਵੀ ਆਵੇਗੀ। ਇਸ ਦਿਨ ਭਾਰਤ ਦੇ ਪਰਮਾਣੂ ਪ੍ਰੀਖਣ ਦੇ ਦਿਨ ਨੂੰ ਵੀ ਯਾਦ ਕੀਤਾ ਜਾਂਦਾ ਹੈ। ਇਸ ਦਿਨ ਪਰਮਾਣੂ ਪ੍ਰੀਖਣ ਤੋਂ ਇਲਾਵਾ ਭਾਰਤ ਵਿਚ ਰੱਖਿਆ ਖੋਜ ਤੇ ਵਿਕਾਸ ਸੰਗਠਨ ਨੇ ਧਰਤੀ ਤੋਂ ਹਵਾ ’ਚ ਮਾਰ ਕਰਨ ਵਾਲੀ ਇਕ ਮਿਜ਼ਾਈਲ ਦਾ ਵੀ ਸਫਲ ਪ੍ਰੀਖਣ ਕੀਤਾ, ਜਿਸ ਨੂੰ ਤਿ੍ਰਸ਼ੂਲ ਮਿਜ਼ਾਈਲ ਦਾ ਨਾਂ ਦਿੱਤਾ ਗਿਆ। ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ’ਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਵਿਗਿਆਨੀਆਂ ਤੇ ਇੰਜੀਨੀਅਰਾਂ ਨੂੰ ਇਨਾਮ ਤੇ ਸਨਮਾਨ ਦਿੱਤਾ ਜਾਂਦਾ ਹੈ। ਇਕ ਭਾਰਤੀ ਹਵਾਈ ਜਹਾਜ਼ ਨੂੰ ਇਸ ਦਿਨ ਸਿਖਲਾਈ ਲਈ ਹਵਾਈ ਸੈਨਾ ’ਚ ਸ਼ਾਮਿਲ ਕੀਤਾ ਗਿਆ ਸੀ, ਜਿਸ ਦਾ ਨਾਂ ਹੰਸਾ-3 ਸੀ ਤੇ ਇਸ ਦੀ ਪਹਿਲੀ ਉਡਾਣ ਬੈਂਗਲੁਰੂ ਦੇ ਹਵਾਈ ਅੱਡੇ ਤੋਂ ਹੋਈ ਸੀ। ਇਸ ਦਿਨ ਵਿਗਿਆਨ ’ਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ ’ਚ ਵਿਦਿਆਰਥੀ ਆਪਣੀਆਂ ਕੁਝ ਕਾਢਾਂ ਤੇ ਪ੍ਰਯੋਗ ਦਿਖਾਉਂਦੇ ਹਨ ਅਤੇ ਇਸ ਨਾਲ ਉਨ੍ਹਾਂ ਵਿਦਿਆਰਥੀਆਂ ’ਚ ਵਿਗਿਆਨ ਦੇ ਖੇਤਰ ਪ੍ਰਤੀ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਹੁੰਦਾ ਹੈ।
ਮਾੜੇ ਪ੍ਰਭਾਵਾਂ ਦਾ ਨਾ ਕਰਨਾ ਪਵੇ ਸਾਹਮਣਾ
ਤਕਨਾਲੋਜੀ ਦੇ ਜਿੱਥੇ ਫ਼ਾਇਦੇ ਹਨ, ਉੱਥੇ ਨੁਕਸਾਨ ਵੀ ਹਨ। ਗੁਪਤ ਰੱਖਣਾ ਸਭ ਤੋਂ ਵੱਡੀਆਂ ਚਿੰਤਾਵਾਂ ’ਚੋਂ ਇਕ ਹੈ, ਜਿਸ ਨੂੰ ਤਕਨਾਲੋਜੀ ਨੇ ਸਾਹਮਣੇ ਲਿਆਂਦਾ ਹੈ। ਡਿਜੀਟਲ ਤਕਨਾਲੋਜੀ ਦਾ ਮਤਲਬ ਹੈ ਕਿ ਵੱਡੀ ਮਾਤਰਾ ਵਿਚ ਡਾਟਾ ਇਕੱਠਾ ਅਤੇ ਸਟੋਰ ਕੀਤਾ ਜਾ ਰਿਹਾ ਹੈ। ਇਸ ’ਚ ਵਿਅਕਤੀਆਂ ਤੇ ਸੰਸਥਾਵਾਂ ਬਾਰੇ ਨਿੱਜੀ ਜਾਣਕਾਰੀ ਸ਼ਾਮਿਲ ਹੈ। ਇਸ ਜਾਣਕਾਰੀ ਨੂੰ ਸੁਰੱਖਿਅਤ ਅਤੇ ਗੁਪਤ ਰੱਖਣਾ ਚੁਣੌਤੀਪੂਰਨ ਕੰਮ ਹੈ। ਇਕ ਗ਼ਲਤੀ ਜਾਂ ਡਾਟਾ ਦੀ ਜਾਣਬੁੱਝ ਕੇ ਉਲੰਘਣਾ ਜਾਂ ਡਾਟਾ ਵਿਚ ਹੇਰਾਫੇਰੀ ਦਾ ਮਤਲਬ ਹੈ ਕਿ ਨਿੱਜੀ ਜਾਣਕਾਰੀ ਹੈਕਰਾਂ ਦੇ ਹੱਥਾਂ ’ਚ ਜਾ ਰਹੀ ਹੈ। ਤਕਨਾਲੋਜੀ ਆਉਣ ਤੋਂ ਬਾਅਦ ਅਸਲ ਜੀਵਨ ਨਾਲ ਸੰਪਰਕ ਘਟਦਾ ਜਾ ਰਿਹਾ ਹੈ। ਲੋਕ ਆਹਮੋ-ਸਾਹਮਣੇ ਗੱਲਬਾਤ ਕਰਨ ਦੀ ਬਜਾਏ ਆਨਲਾਈਨ ਮਿਲਣ ਤੇ ਵੀਡੀਓ ਕਾਲ ਨੂੰ ਤਰਜੀਹ ਦਿੰਦੇ ਹਨ। ਕਈ ਅਧਿਐਨਾਂ ਨੇ ਸੁਝਾਅ ਦਿੱਤਾ ਹੈ ਕਿ ਸਮਾਜ ਨਾਲ ਘੱਟ ਸੰਪਰਕ ਕਈ ਤਰ੍ਹਾਂ ਦੀਆਂ ਮਾਨਸਿਕ ਸਿਹਤ ਸਮੱਸਿਆਵਾਂ ਜਿਵੇਂ ਡਿਪਰੈਸ਼ਨ ਅਤੇ ਸਮਾਜਿਕ ਚਿੰਤਾ ਵੱਲ ਲਿਜਾਂਦਾ ਹੈ। ਤਕਨਾਲੋਜੀ ਦੇ ਫ਼ਾਇਦੇ ਜਾਂ ਨੁਕਸਾਨ ਮਨੁੱਖ ਦੇ ਹੱਥ ’ਚ ਹਨ। ਇਸ ਦੀ ਦੁਰਵਰਤੋਂ ਨਾ ਕਰੋ, ਤਾਂ ਜੋ ਤੁਹਾਨੂੰ ਭਵਿੱਖ ਵਿਚ ਇਸ ਦੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪਵੇ।
- ਮੀਨਾਕਸ਼ੀ ਗੁਪਤਾ