ਜੇਕਰ ਤੁਹਾਨੂੰ ਕਿਸੇ ਗੈਰ-ਅਧਿਕਾਰਤ ਟ੍ਰਾਂਜੈਕਸ਼ਨ ਦਾ ਪਤਾ ਲੱਗਦਾ ਹੈ ਤਾਂ ਤੇਜ਼ੀ ਦਿਖਾਓ। ਘਟਨਾ ਦੀ ਰਿਪੋਰਟ ਕਰਨ ਅਤੇ ਧੋਖਾਧੜੀ ਵਾਲੇ ਲੈਣ-ਦੇਣ ਨੂੰ ਫ੍ਰੀਜ਼ ਕਰਨ ਲਈ ਤੁਰੰਤ ਨੈਸ਼ਨਲ ਸਾਈਬਰ ਅਪਰਾਧ ਹੈਲਪਲਾਈਨ 1930 'ਤੇ ਕਾਲ ਕਰੋ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਹਾਈ-ਟੈਕ ਵਿੱਤੀ ਅਪਰਾਧਾਂ ਦੇ ਇਕ ਹੈਰਾਨ ਕਰਨ ਵਾਲੇ ਰੁਝਾਨ 'ਚ ਸਕੈਮਰ ਹੁਣ 'ਆਧਾਰ ਇਨੇਬਲਡ ਪੇਮੈਂਟ ਸਿਸਟਮ' (AEPS) ਨੂੰ ਨਿਸ਼ਾਨਾ ਬਣਾ ਰਹੇ ਹਨ। ਰਵਾਇਤੀ ਫਿਸ਼ਿੰਗ 'ਚ ਆਮ ਤੌਰ 'ਤੇ ਪੀੜਤਾਂ ਨੂੰ ਝਾਂਸਾ ਦੇ ਕੇ ਉਨ੍ਹਾਂ ਤੋਂ ਓਟੀਪੀ (OTP) ਸ਼ੇਅਰ ਕਰਵਾਉਣ ਜਾਂ ਫਰਜ਼ੀ ਕਾਲਾਂ ਦਾ ਜਵਾਬ ਦਿਵਾਉਣ 'ਤੇ ਨਿਰਭਰ ਰਿਹਾ ਜਾਂਦਾ ਹੈ। ਇਸ ਦੇ ਉਲਟ ਨਵਾਂ AEPS ਫੇਸ ਆਥੈਂਟੀਕੇਸ਼ਨ ਫਰਾਡ ਸਕੈਮਰਾਂ ਨੂੰ ਪੀੜਤ ਨਾਲ ਬਿਨਾਂ ਕਿਸੇ ਸਿੱਧੇ ਸੰਪਰਕ ਦੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚੋਂ ਪੈਸੇ ਕੱਢਣ ਦੀ ਸਹੂਲਤ ਦਿੰਦਾ ਹੈ।
AEPS ਨੂੰ ਸਿਰਫ਼ ਆਧਾਰ ਨੰਬਰ ਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ (ਉਂਗਲਾਂ ਦੇ ਨਿਸ਼ਾਨ ਜਾਂ ਚਿਹਰਾ) ਦੀ ਵਰਤੋਂ ਕਰ ਕੇ ਆਸਾਨ ਵਿੱਤੀ ਪਹੁੰਚ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ। ਹਾਲਾਂਕਿ ਇਹ ਦੂਰ-ਦਰਾਡੇ ਦੇ ਇਲਾਕਿਆਂ 'ਚ ਬੈਂਕਿੰਗ ਦੀ ਸਹੂਲਤ ਦਿੰਦਾ ਹੈ, ਪਰ ਸਕੈਮਰ ਸਿਸਟਮ ਦੇ 'ਫੇਸ ਆਥੈਂਟੀਕੇਸ਼ਨ' ਫੀਚਰ ਦੀ ਗਲਤ ਵਰਤੋਂ ਕਰ ਰਹੇ ਹਨ।
ਰਿਪੋਰਟਾਂ ਅਨੁਸਾਰ, ਸਕੈਮਰਾਂ ਨੂੰ ਇਹ ਧੋਖਾਧੜੀ ਸ਼ੁਰੂ ਕਰਨ ਲਈ ਟਾਰਗੇਟ ਦੀ ਸਿਰਫ਼ ਇਕ ਫ਼ੋਟੋ ਦੀ ਲੋੜ ਹੁੰਦੀ ਹੈ। ਐਡਵਾਂਸਡ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰ ਕੇ, ਉਹ ਇਕ 'ਨਕਲੀ ਚਿਹਰਾ' ਜਾਂ ਡੀਪਫੇਕ ਤਿਆਰ ਕਰਦੇ ਹਨ ਜੋ ਪੀੜਤ ਦੇ ਅਸਲੀ ਹਾਵ-ਭਾਵਾਂ ਦੀ ਨਕਲ ਕਰਦਾ ਹੈ। ਇਹ ਸਿੰਥੈਟਿਕ ਬਾਇਓਮੈਟ੍ਰਿਕ ਡੇਟਾ ਫਿਰ AEPS ਪ੍ਰੋਟੋਕੋਲ ਨੂੰ ਬਾਈਪਾਸ ਕਰਨ ਲਈ ਵਰਤਿਆ ਜਾਂਦਾ ਹੈ, ਜਿਸ ਨਾਲ ਬਿਨਾਂ ਇਜਾਜ਼ਤ ਖਾਤੇ 'ਚੋਂ ਪੈਸੇ ਨਿਕਲ ਜਾਂਦੇ ਹਨ ਅਤੇ ਬੈਂਕ ਬੈਲੇਂਸ ਜ਼ੀਰੋ ਹੋ ਜਾਂਦਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਡਿਜੀਟਲ ਖ਼ਤਰਿਆਂ ਵਿਰੁੱਧ ਜਾਗਰੂਕਤਾ ਹੀ ਸਭ ਤੋਂ ਪ੍ਰਭਾਵਸ਼ਾਲੀ ਢਾਲ ਹੈ। ਆਪਣੇ ਖਾਤੇ ਨੂੰ ਸੁਰੱਖਿਅਤ ਰੱਖਣ ਲਈ ਤੁਰੰਤ ਇਹ ਕਦਮ ਚੁੱਕੋ:
ਆਪਣਾ ਬਾਇਓਮੈਟ੍ਰਿਕਸ ਲੌਕ ਕਰੋ: ਆਪਣੇ ਬਾਇਓਮੈਟ੍ਰਿਕ ਡੇਟਾ ਨੂੰ ਲੌਕ ਕਰਨ ਲਈ mAadhaar ਐਪ ਜਾਂ ਅਧਿਕਾਰਤ UIDAI ਪੋਰਟਲ ਦੀ ਵਰਤੋਂ ਕਰੋ। ਇੱਕ ਵਾਰ ਲਾਕ ਹੋਣ ਤੋਂ ਬਾਅਦ, ਤੁਹਾਡੇ ਫਿੰਗਰਪ੍ਰਿੰਟ ਅਤੇ ਚਿਹਰੇ ਦੇ ਡੇਟਾ ਦੀ ਵਰਤੋਂ ਉਦੋਂ ਤੱਕ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਤੁਸੀਂ ਖੁਦ ਉਨ੍ਹਾਂ ਨੂੰ ਅਨਲਾਕ ਨਹੀਂ ਕਰਦੇ।
ਗੈਰ-ਜ਼ਰੂਰੀ ਸੇਵਾਵਾਂ ਨੂੰ ਬੰਦ ਕਰੋ: ਜੇਕਰ ਤੁਸੀਂ ਬੈਂਕਿੰਗ ਲਈ ਨਿਯਮਿਤ ਤੌਰ 'ਤੇ AEPS ਦੀ ਵਰਤੋਂ ਨਹੀਂ ਕਰਦੇ ਹੋ ਤਾਂ ਆਪਣੇ ਬੈਂਕ ਨਾਲ ਸੰਪਰਕ ਕਰ ਕੇ ਇਸ ਸੇਵਾ ਨੂੰ ਡਿਸੇਬਲ (disable) ਕਰਵਾਓ।
ਡਿਜੀਟਲ ਫੁਟਪ੍ਰਿੰਟ ਦਾ ਧਿਆਨ ਰੱਖੋ: ਸੋਸ਼ਲ ਮੀਡੀਆ 'ਤੇ ਮੌਜੂਦ ਹਾਈ-ਕੁਆਲਿਟੀ ਵਾਲੀਆਂ ਤਸਵੀਰਾਂ ਦੀ ਵਰਤੋਂ AI ਟੂਲਸ ਦੁਆਰਾ ਨਕਲੀ ਪਛਾਣ ਬਣਾਉਣ ਲਈ ਕੀਤੀ ਜਾ ਸਕਦੀ ਹੈ।
ਜੇਕਰ ਤੁਹਾਨੂੰ ਕਿਸੇ ਗੈਰ-ਅਧਿਕਾਰਤ ਟ੍ਰਾਂਜੈਕਸ਼ਨ ਦਾ ਪਤਾ ਲੱਗਦਾ ਹੈ ਤਾਂ ਤੇਜ਼ੀ ਦਿਖਾਓ। ਘਟਨਾ ਦੀ ਰਿਪੋਰਟ ਕਰਨ ਅਤੇ ਧੋਖਾਧੜੀ ਵਾਲੇ ਲੈਣ-ਦੇਣ ਨੂੰ ਫ੍ਰੀਜ਼ ਕਰਨ ਲਈ ਤੁਰੰਤ ਨੈਸ਼ਨਲ ਸਾਈਬਰ ਅਪਰਾਧ ਹੈਲਪਲਾਈਨ 1930 'ਤੇ ਕਾਲ ਕਰੋ।