ਪੈਟਰੋਲ-ਡੀਜ਼ਲ ਦੇ ਮੁਕਾਬਲੇ CNG ਇਕ ਗੈਸ ਹੈ ਜੋ ਤਾਪਮਾਨ ਵਧਣ 'ਤੇ ਫੈਲਦੀ ਹੈ। ਜੇਕਰ ਤੁਸੀਂ ਵੀ CNG ਕਾਰ ਨਾਲ ਸੁਰੱਖਿਅਤ ਅਤੇ ਆਰਾਮਦਾਇਕ ਸਫ਼ਰ ਚਾਹੁੰਦੇ ਹੋ, ਤਾਂ ਗਰਮੀਆਂ ਵਿੱਚ ਇਨ੍ਹਾਂ 5 ਗੱਲਾਂ ਦਾ ਜ਼ਰੂਰ ਧਿਆਨ ਰੱਖੋ।

ਆਟੋ ਡੈਸਕ, ਨਵੀਂ ਦਿੱਲੀ : ਭਾਰਤ 'ਚ ਕਹਿਰ ਢਾਹੁੰਦੀ ਗਰਮੀ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਅਜਿਹੇ ਵਿਚ ਕਾਰਾਂ ਦਾ ਖ਼ਾਸ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ, ਖ਼ਾਸ ਕਰਕੇ CNG ਕਾਰਾਂ ਦਾ। ਪੈਟਰੋਲ ਅਤੇ ਡੀਜ਼ਲ ਦੇ ਮੁਕਾਬਲੇ CNG ਇਕ ਗੈਸ ਹੈ ਜੋ ਤਾਪਮਾਨ ਵਧਣ 'ਤੇ ਫੈਲਦੀ ਹੈ। ਜੇਕਰ ਤੁਸੀਂ ਵੀ CNG ਕਾਰ ਨਾਲ ਸੁਰੱਖਿਅਤ ਅਤੇ ਆਰਾਮਦਾਇਕ ਸਫ਼ਰ ਚਾਹੁੰਦੇ ਹੋ, ਤਾਂ ਗਰਮੀਆਂ ਵਿੱਚ ਇਨ੍ਹਾਂ 5 ਗੱਲਾਂ ਦਾ ਜ਼ਰੂਰ ਧਿਆਨ ਰੱਖੋ।
ਗਰਮੀਆਂ ਦੌਰਾਨ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ। ਜੇਕਰ ਤੁਸੀਂ ਆਪਣੀ ਕਾਰ ਦਾ CNG ਟੈਂਕ ਫੁੱਲ ਕਰਵਾ ਦਿੰਦੇ ਹੋ ਤਾਂ ਸਿਲੰਡਰ ਦੇ ਅੰਦਰ ਦਬਾਅ ਕਾਫ਼ੀ ਵੱਧ ਸਕਦਾ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਬਿਹਤਰ ਹੈ ਕਿ ਤੁਸੀਂ ਟੈਂਕ ਨੂੰ ਸਮਰੱਥਾ ਨਾਲੋਂ 2-3 ਕਿਲੋ ਘੱਟ ਹੀ ਭਰਵਾਓ। ਇਸ ਨਾਲ ਗੈਸ ਨੂੰ ਫੈਲਣ ਲਈ ਜਗ੍ਹਾ ਮਿਲੇਗੀ ਅਤੇ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਦੀ ਸੰਭਾਵਨਾ ਘੱਟ ਜਾਵੇਗੀ।
ਧੁੱਪ 'ਚ ਖੜ੍ਹੀ ਕਾਰ ਇਕ ਭੱਠੀ ਵਾਂਗ ਗਰਮ ਹੋਣ ਲੱਗਦੀ ਹੈ। ਸਿੱਧੀ ਧੁੱਪ ਪੈਣ ਨਾਲ ਕਾਰ ਦੇ ਅੰਦਰ ਦਾ ਤਾਪਮਾਨ ਬਾਹਰ ਦੇ ਮੁਕਾਬਲੇ ਕਿਤੇ ਜ਼ਿਆਦਾ ਹੁੰਦਾ ਹੈ, ਜਿਸ ਨਾਲ CNG ਕਿੱਟ ਤੇ ਪਾਈਪਾਂ 'ਤੇ ਬੁਰਾ ਅਸਰ ਪੈ ਸਕਦਾ ਹੈ। ਕੋਸ਼ਿਸ਼ ਕਰੋ ਕਿ ਆਪਣੀ ਕਾਰ ਨੂੰ ਹਮੇਸ਼ਾ ਕਿਸੇ ਸ਼ੈੱਡ ਜਾਂ ਛਾਂਦਾਰ ਜਗ੍ਹਾ 'ਤੇ ਹੀ ਪਾਰਕ ਕਰੋ। ਜੇਕਰ ਛਾਂ ਨਾ ਮਿਲੇ, ਤਾਂ ਕਾਰ ਦੇ ਸ਼ੀਸ਼ਿਆਂ ਨੂੰ ਹਲਕਾ ਜਿਹਾ ਖੁੱਲ੍ਹਾ ਛੱਡ ਦਿਓ ਤਾਂ ਜੋ ਹਵਾ ਆਉਂਦੀ-ਜਾਂਦੀ ਰਹੇ।
CNG ਕਾਰ ਦੀ ਸੁਰੱਖਿਆ ਲਈ ਹਾਈਡ੍ਰੋ ਟੈਸਟਿੰਗ ਸਭ ਤੋਂ ਜ਼ਰੂਰੀ ਹੈ। ਨਿਯਮਾਂ ਅਨੁਸਾਰ, ਹਰ 3 ਸਾਲ ਵਿਚ ਇਕ ਵਾਰ ਸਿਲੰਡਰ ਦੀ ਜਾਂਚ ਕਰਵਾਉਣੀ ਲਾਜ਼ਮੀ ਹੈ। ਗਰਮੀ ਦੇ ਮੌਸਮ ਵਿੱਚ ਪੁਰਾਣੇ ਜਾਂ ਕਮਜ਼ੋਰ ਸਿਲੰਡਰ ਫਟਣ ਦਾ ਡਰ ਜ਼ਿਆਦਾ ਰਹਿੰਦਾ ਹੈ। ਇਸ ਲਈ ਆਪਣੀ ਕਾਰ ਦੇ ਸਿਲੰਡਰ ਦੀ ਟੈਸਟਿੰਗ ਰਿਪੋਰਟ ਚੈੱਕ ਕਰੋ ਅਤੇ ਯਕੀਨੀ ਬਣਾਓ ਕਿ ਉਹ ਐਕਸਪਾਇਰ ਨਾ ਹੋਈ ਹੋਵੇ।
CNG ਗੈਸ ਦੀ ਆਪਣੀ ਕੋਈ ਗੰਧ ਨਹੀਂ ਹੁੰਦੀ, ਪਰ ਇਸ ਵਿਚ ਇਕ ਖ਼ਾਸ ਕਿਸਮ ਦੀ ਮਹਿਕ ਮਿਲਾਈ ਜਾਂਦੀ ਹੈ ਤਾਂ ਜੋ ਲੀਕੇਜ ਦਾ ਪਤਾ ਲੱਗ ਸਕੇ। ਗਰਮੀਆਂ 'ਚ ਪਾਈਪਲਾਈਨ ਸੁੱਕ ਕੇ ਚਟਕ ਸਕਦੀ ਹੈ। ਜੇਕਰ ਤੁਹਾਨੂੰ ਕਾਰ ਦੇ ਕੋਲ ਜਾਂ ਅੰਦਰ ਹਲਕੀ ਜਿਹੀ ਵੀ ਗੈਸ ਦੀ ਗੰਧ ਆਵੇ ਤਾਂ ਤੁਰੰਤ ਇੰਜਣ ਬੰਦ ਕਰ ਦਿਓ ਅਤੇ ਮਕੈਨਿਕ ਨੂੰ ਦਿਖਾਓ। ਨਾਲ ਹੀ, ਅਧਿਕਾਰਤ ਸਰਵਿਸ ਸੈਂਟਰ ਤੋਂ ਆਪਣੀ CNG ਕਿੱਟ ਦੀ ਸਰਵਿਸ ਸਮੇਂ ਸਿਰ ਕਰਵਾਉਂਦੇ ਰਹੋ।
CNG ਕਾਰ ਪੈਟਰੋਲ ਦੇ ਮੁਕਾਬਲੇ ਜ਼ਿਆਦਾ ਤਾਪਮਾਨ 'ਤੇ ਬਲਦੀ ਹੈ, ਜਿਸ ਨਾਲ ਇੰਜਣ ਜਲਦੀ ਗਰਮ ਹੋ ਜਾਂਦਾ ਹੈ। ਗਰਮੀਆਂ 'ਚ ਇੰਜਣ ਦੀ ਗਰਮੀ ਅਤੇ ਬਾਹਰ ਦਾ ਤਾਪਮਾਨ ਮਿਲ ਕੇ ਕਾਰ 'ਤੇ ਦਬਾਅ ਪਾਉਂਦੇ ਹਨ। ਅਜਿਹੇ ਵਿਚ ਹਮੇਸ਼ਾ ਚੰਗੀ ਕੁਆਲਿਟੀ ਦੇ ਸਪਾਰਕ ਪਲੱਗ ਦੀ ਵਰਤੋਂ ਕਰੋ। ਖ਼ਰਾਬ ਪਲੱਗ ਨਾਲ ਕਾਰ ਮਿਸਿੰਗ ਕਰ ਸਕਦੀ ਹੈ ਅਤੇ ਇੰਜਣ 'ਤੇ ਲੋਡ ਵੀ ਵੱਧ ਸਕਦਾ ਹੈ।