ਇਕ ਪਾਡਕਾਸਟ ’ਤੇ ਬੋਲਦੇ ਹੋਏ ਮਾਰਸਿਲਸ ਇਨਵੈਸਟਮੈਂਟ ਮੈਨੇਜਰਜ਼ ਦੇ ਸੰਸਥਾਪਕ ਸੌਰਭ ਮੁਖਰਜੀ ਨੇ ਅਮਰੀਕੀ ਸਾਫਟਵੇਅਰ ਕੰਪਨੀ ਸਰਵਿਸਨਾਉ ਦੀ ਇਕ ਰਿਪੋਰਟ ਦੇ ਅਨੁਮਾਨਾਂ ਦਾ ਜ਼ਿਕਰ ਕੀਤਾ।

ਜੇਐੱਨਐੱਨ, ਨਵੀਂ ਦਿੱਲੀ : ਕੰਪਨੀਆਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਰੋਜ਼ਾਨਾਂ ਦੇ ਕੰਮਾਂ ਵਿਚ ਵਰਤਣਾ ਸ਼ੁਰੂ ਕਰ ਰਹੀਆਂ ਹਨ। ਇਸ ਦਾ ਸਭ ਤੋਂ ਵੱਧ ਅਸਰ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਲੋਕਾਂ (ਵ੍ਹਾਈਟ ਕਾਲਰ ਜੌਬ) ’ਤੇ ਪਵੇਗਾ ਕਿਉਂਕਿ ਕੰਪਨੀਆਂ ਉਹ ਕੰਮ ਮਸ਼ੀਨਾਂ ਨਾਲ ਕਰਵਾਉਣੇ ਸ਼ੁਰੂ ਕਰ ਰਹੀਆਂ ਹਨ ਜਿਹੜੇ ਪਹਿਲਾਂ ਮਨੁੱਖ ਕਰਦੇ ਸਨ। ਇਕ ਪਾਡਕਾਸਟ ’ਤੇ ਬੋਲਦੇ ਹੋਏ ਮਾਰਸਿਲਸ ਇਨਵੈਸਟਮੈਂਟ ਮੈਨੇਜਰਜ਼ ਦੇ ਸੰਸਥਾਪਕ ਸੌਰਭ ਮੁਖਰਜੀ ਨੇ ਅਮਰੀਕੀ ਸਾਫਟਵੇਅਰ ਕੰਪਨੀ ਸਰਵਿਸਨਾਉ ਦੀ ਇਕ ਰਿਪੋਰਟ ਦੇ ਅਨੁਮਾਨਾਂ ਦਾ ਜ਼ਿਕਰ ਕੀਤਾ। ਇਸ ਰਿਪੋਰਟ ਮੁਤਾਬਕ, 2030 ਤੱਕ ਏਆਈ ਆਟੋਮੇਸ਼ਨ ਕਾਰਨ ਭਾਰਤ ਵਿਚ 1.8 ਕਰੋੜ ਨੌਕਰੀਆਂ ’ਤੇ ਅਸਰ ਪੈ ਸਕਦਾ ਹੈ ਜਦਕਿ ਉਨ੍ਹਾਂ ਦੀ ਜਗ੍ਹਾ ਸਿਰਫ਼ 30 ਲੱਖ ਨਵੀਆਂ ਤਕਨੀਕੀ ਨੌਕਰੀਆਂ ਹੀ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਕੁੱਲ 1.5 ਕਰੋੜ ਨੌਕਰੀਆਂ ’ਤੇ ਅਸਰ ਪੈਣ ਦਾ ਖ਼ਦਸ਼ਾ ਹੈ।
ਹਾਲਾਂਕਿ, ਸਰਵਿਸਨਾਉ ਦੀ ਆਪਣੀ ਭਾਸ਼ਾ ਵਿਚ ਇਨ੍ਹਾਂ ਵਿਚੋਂ ਕਈ ਭੂਮਿਕਾਵਾਂ ਨੂੰ ਏਆਈ ਵੱਲੋਂ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਬਜਾਏ ਦੁਬਾਰਾ ਪਰਿਭਾਸ਼ਿਤ ਕੀਤਾ ਗਿਆ ਹੈ। ਇਸ ਦੇ ਬਾਵਜੂਦ ਮੁਖਰਜੀ ਨੇ ਦਲੀਲ ਦਿੱਤੀ ਹੈ ਕਿ ਉਥਲ-ਪੁਥਲ ਮੁਲਾਜ਼ਮਾਂ ਦੀ ਉਮੀਦ ਤੋਂ ਕਾਫੀ ਵੱਧ ਹੋਵੇਗੀ। ਮੁਖਰਜੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਤਾਂ ਸਿਰਫ਼ ਇਕ ਟ੍ਰੇਲਰ ਹੈ। ਉਨ੍ਹਾਂ ਕਿਹਾ, ‘ਤਕਨੀਕੀ ਖੇਤਰ ਵਿਚ ਹੁਣ ਜਿਹੜੀ ਛਾਂਟੀ ਚੱਲ ਰਹੀ ਹੈ, ਉਹ ਤਾਂ ਸਿਰਫ਼ ਇਕ ਸ਼ੁਰੂਆਤੀ ਝਲਕ ਹੈ। ਉਸ ਸਮੇਂ ਦਾ ਅੰਦਾਜ਼ਾ ਲਗਾਓ ਜਦੋਂ ਏਆਈ ਡਿਜੀਟਲ ਕੰਮਾਂ ਨੂੰ ਲਗਪਗ ਮਨੁੱਖਾਂ ਵਾਂਗ ਕਰਨ ਵਿਚ ਸਮਰੱਥ ਹੋ ਜਾਵੇਗਾ।’ ਮੁਖਰਜੀ ਨੇ ਕਿਹਾ ਕਿ ‘ਏਆਈ ਕੋਡਿੰਗ ਨਾਲ ਜੁੜੇ ਕਈ ਕੰਮਾਂ ਨੂੰ ਪਹਿਲਾਂ ਹੀ ਲਗਪਗ 50 ਫ਼ੀਸਦੀ ਮਨੁੱਖੀ ਭਰੋਸੇ ਦੇ ਪੱਧਰ ਤੱਕ ਕਰਨ ਵਿਚ ਸਮਰੱਥ ਹੋ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਗਲੇ ਦੋ ਤੋਂ ਤਿੰਨ ਸਾਲਾਂ ਵਿਚ ਏਆਈ ਤਕਨੀਕ ਨਾਲ ਜੁੜੇ ਕੰਮਾਂ ਦੇ ਵੱਡੇ ਹਿੱਸੇ ਵਿਚ 90% ਜਾਂ ਇੱਥੋਂ ਤੱਕ ਕਿ 100 ਫ਼ੀਸਦੀ ਭਰੋਸੇਯੋਗਤਾ ਹਾਸਲ ਕਰ ਸਕਦੇ ਹਨ।
ਵੱਡੀਆਂ ਤਕਨੀਕੀ ਕੰਪਨੀਆਂ ਏਆਈ ’ਤੇ ਕਰ ਰਹੀਆਂ ਹਨ ਬੇਹਿਸਾਬਾ ਖ਼ਰਚ
ਏਆਈ ਵਿਚ ਤੇਜ਼ੀ ਨਾਲ ਹੋ ਰਹੀਆਂ ਤਬਦੀਲੀਆਂ ਪਿੱਛੇ ਮਾਈਕ੍ਰੋਸਾਫਟ, ਐਮਾਜ਼ੋਨ, ਅਲਫਾਬੈੱਟ, ਐਪਲ ਅਤੇ ਐਂਥਰੋਪਿਕ ਵਰਗੀਆਂ ਕੰਪਨੀਆਂ ਵੱਲੋਂ ਇਸ ’ਤੇ ਕੀਤਾ ਜਾ ਰਿਹਾ ਬੇਹਿਸਾਬਾ ਖ਼ਰਚ ਹੈ। ਮੁਖਰਜੀ ਦਾ ਦਾਅਵਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਮਿਲ ਕੇ ਪਿਛਲੇ ਸਿਰਫ਼ 12 ਮਹੀਨਿਆਂ ਵਿਚ ਏਆਈ ’ਤੇ ਆਪਣਾ ਪੂੰਜੀ ਖ਼ਰਚ ਦੁੱਗਣਾ ਕਰ ਦਿੱਤਾ ਹੈ। ਉਨ੍ਹਾਂ ਨੇ ਏਆਈ ਇੰਫ੍ਰਾਸਟ੍ਰਕਚਰ, ਚਿਪ, ਡਾਟਾ ਸੈਂਟਰ ਅਤੇ ਲਾਰਜ ਲੈਂਗੁਏਜ ਮਾਡਲ (ਐੱਲਐੱਲਐੱਮ) ਦੀ ਟ੍ਰੇਨਿੰਗ ’ਤੇ ਲਗਪਗ 800 ਅਰਬ ਡਾਲਰ ਖ਼ਰਚ ਕੀਤੇ ਹਨ। ਇਹ ਭਾਰਤ ਦੀ ਜੀਡੀਪੀ ਦਾ 25 ਫ਼ੀਸਦੀ ਹੈ। ਮੁਖਰਜੀ ਨੇ ਕਿਹਾ ਕਿ ਹਾਲੀਆ ਮਹੀਨਿਆਂ ਵਿਚ ਜੋ ਸਭ ਤੋਂ ਨਾਟਕੀ ਚੀਜ਼ ਦੇਖਣ ਨੂੰ ਮਿਲੀ, ਉਹ ਇਹ ਹੈ ਕਿ ਇਨ੍ਹਾਂ ਤਕਨੀਕੀ ਕੰਪਨੀਆਂ ਨੂੰ ਇਸ ਖੇਤਰ ਤੋਂ ਮਾਲੀਆ ਦੇ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। ਮੁਖਰਜੀ ਨੇ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਵਿਚ ਏਆਈ ਤੋਂ ਹੋਣ ਵਾਲੇ ਮਾਲੀਏ ਵਿਚ ਹੋਏ ਤੇਜ਼ ਵਾਧੇ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਐਂਥਰੋਪਿਕ ਨੂੰ ਮੁੱਖ ਉਦਾਹਰਨ ਵਜੋਂ ਪੇਸ਼ ਕੀਤਾ ਅਤੇ ਦਾਅਵਾ ਕੀਤਾ ਕਿ ਉਸ ਦੇ ਕਲਾਉਡਏਆਈ ਪਲੇਟਫਾਰਮ ਨਾਲ ਜੁੜਿਆ ਐਂਟਰਪ੍ਰਾਈਜ਼ ਰੇਵੈਨਿਊ 2025 ਦੀ ਸ਼ੁਰੂਆਤ ਵਿਚ ਲਗਪਗ ਇਕ ਅਰਬ ਡਾਲਰ ਤੋਂ ਵੱਧ ਕੇ ਸਿਰਫ਼ 15 ਮਹੀਨਿਆਂ ਵਿਚ ਲਗਪਗ 30 ਅਰਬ ਡਾਲਰ ਤੱਕ ਪੁੱਜ ਗਿਆ।
58% ਜੀਸੀਸੀ ਪਹਿਲਾਂ ਹੀ ਕਰ ਰਹੇ ਹਨ ਏਜੈਂਟਿਕ ਏਆਈ ਦੀ ਵਰਤੋਂ
ਮੁਖਰਜੀ ਵੱਲੋਂ ਦੱਸੇ ਗਏ ਈਵਾਈ ਦੇ ਇਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਭਾਰਤ ਵਿਚ ਮੌਜੂਦ 58 ਫ਼ੀਸਦੀ ਗਲੋਬਲ ਕੈਪੇਬਿਲਿਟੀ ਸੈਂਟਰ (ਜੀਸੀਸੀ) ਪਹਿਲਾਂ ਹੀ ‘ਏਜੈਂਟਿਕ ਏਆਈ’ ਵਿਚ ਨਿਵੇਸ਼ ਕਰ ਰਹੇ ਹਨ ਜਦਕਿ 80% ਤੋਂ ਵੱਧ ਸੈਂਟਰ ‘ਜੈਨਰੇਟਿਵ ਏਆਈ’ ਵਿਚ ਨਿਵੇਸ਼ ਕਰ ਰਹੇ ਹਨ। ਇਸ ਸਰਵੇਖਣ ਵਿਚ ਇਹ ਵੀ ਸਾਹਮਣੇ ਆਇਆ ਕਿ ਜੀਸੀਸੀ ਅੰਦਰ ਮੌਜੂਦ 24 ਫ਼ੀਸਦੀ ਕੰਮ ਅਜਿਹੇ ਹਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਆਟੋਮੇਟ ਕੀਤਾ ਜਾ ਸਕਦਾ ਹੈ ਅਤੇ 42 ਫ਼ੀਸਦੀ ਹੋਰ ਕੰਮਾਂ ਨੂੰ ਏਆਈ ਸਿਸਟਮ ਦੀ ਮਦਦ ਨਾਲ ਕਾਫੀ ਹੱਦ ਤੱਕ ਬਿਹਤਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਂ ਕਿਸੇ ਜੀਸੀਸੀ ਨੂੰ ਚਲਾ ਰਿਹਾ ਹੁੰਦਾ ਤਾਂ ਮੈਂ ਉਨ੍ਹਾਂ 24 ਫ਼ੀਸਦੀ ਕੰਮਾਂ ਨੂੰ ਤੁਰੰਤ ਆਟੋਮੇਟ ਕਰ ਦਿੰਦਾ ਜਿਹੜੇ ਇਸ ਸਮੇਂ ਇਨਸਾਨ ਕਰ ਰਿਹਾ ਹੈ।