ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਜਦੋਂ ਵੀ ਮੈਦਾਨ 'ਤੇ ਉਤਰਦੇ ਹਨ ਤਾਂ ਕੋਈ ਨਾ ਕੋਈ ਰਿਕਾਰਡ ਬਣਾ ਦਿੰਦੇ ਹਨ। ਕੋਹਲੀ ਦਾ ਬੱਲਾ ਇਸੇ ਲਈ ਜਾਣਿਆ ਜਾਂਦਾ ਹੈ ਕਿ ਉਸ ਨਾਲ ਦੌੜਾਂ ਦੇ ਨਾਲ-ਨਾਲ ਰਿਕਾਰਡਾਂ ਦੀ ਬਾਰਿਸ਼ ਹੁੰਦੀ ਹੈ। ਕੋਹਲੀ ਨੇ ਐਤਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਵਡੋਦਰਾ ਵਿੱਚ ਖੇਡੇ ਜਾ ਰਹੇ ਪਹਿਲੇ ਵਨਡੇ ਮੈਚ ਵਿੱਚ ਵੀ ਇੱਕ ਮੁਕਾਮ ਹਾਸਲ ਕੀਤਾ ਹੈ ਪਰ ਕੋਹਲੀ ਨੇ ਇਸ ਵਾਰ ਰਿਕਾਰਡ ਬਿਨਾਂ ਬੱਲਾ ਫੜ੍ਹੇ ਹੀ ਬਣਾ ਦਿੱਤਾ ਹੈ।

ਬਣੇ ਨੰਬਰ-5
ਵਿਰਾਟ ਕੋਹਲੀ ਵਨਡੇ ਵਿੱਚ ਭਾਰਤ ਲਈ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਪੰਜਵੇਂ ਨੰਬਰ 'ਤੇ ਆ ਗਏ ਹਨ। ਉਨ੍ਹਾਂ ਨੇ ਇਸ ਸਥਾਨ ਤੋਂ ਸੌਰਵ ਗਾਂਗੁਲੀ ਨੂੰ ਹਟਾ ਦਿੱਤਾ ਹੈ। ਕੋਹਲੀ ਦਾ ਇਹ 309ਵਾਂ ਵਨਡੇ ਮੈਚ ਹੈ। ਦੂਜੇ ਪਾਸੇ ਗਾਂਗੁਲੀ ਨੇ ਭਾਰਤ ਲਈ ਕੁੱਲ 308 ਵਨਡੇ ਮੈਚ ਖੇਡੇ ਹਨ। ਇਸ ਮਾਮਲੇ ਵਿੱਚ ਨੰਬਰ-1 ਦੀ ਕੁਰਸੀ ਸਚਿਨ ਤੇਂਦੁਲਕਰ ਦੇ ਨਾਂ ਹੈ। ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਨੇ ਆਪਣੇ ਦੇਸ਼ ਲਈ ਕੁੱਲ 463 ਵਨਡੇ ਮੈਚ ਖੇਡੇ ਹਨ। ਦੂਜੇ ਨੰਬਰ 'ਤੇ ਐੱਮ.ਐੱਸ. ਧੋਨੀ ਦਾ ਨਾਂ ਹੈ ਜੋ 347 ਵਨਡੇ ਖੇਡੇ ਹਨ। 340 ਵਨਡੇ ਦੇ ਨਾਲ ਰਾਹੁਲ ਦ੍ਰਾਵਿੜ ਤੀਜੇ ਨੰਬਰ 'ਤੇ ਹਨ। ਉਨ੍ਹਾਂ ਤੋਂ ਬਾਅਦ ਮੁਹੰਮਦ ਅਜ਼ਹਰੂਦੀਨ ਹਨ ਜਿਨ੍ਹਾਂ ਨੇ ਭਾਰਤ ਲਈ 334 ਵਨਡੇ ਮੈਚ ਖੇਡੇ ਹਨ।
ਸਿਰਫ਼ ਵਨਡੇ ਖੇਡਦੇ ਹਨ
ਕੋਹਲੀ ਹੁਣ ਸਿਰਫ਼ ਵਨਡੇ ਖੇਡਦੇ ਹਨ। ਸਾਲ 2024 ਵਿੱਚ ਟੀ-20 ਵਰਲਡ ਕੱਪ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਇਸ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਸੀ। ਪਿਛਲੇ ਸਾਲ ਮਈ ਵਿੱਚ ਉਨ੍ਹਾਂ ਨੇ ਟੈਸਟ ਕ੍ਰਿਕਟ ਤੋਂ ਵੀ ਸੰਨਿਆਸ ਦੀ ਘੋਸ਼ਣਾ ਕਰ ਦਿੱਤੀ ਸੀ। ਕੋਹਲੀ ਦੀਆਂ ਨਜ਼ਰਾਂ ਹੁਣ ਸਾਲ 2027 ਵਿੱਚ ਦੱਖਣੀ ਅਫ਼ਰੀਕਾ ਵਿੱਚ ਖੇਡੇ ਜਾਣ ਵਾਲੇ ਵਨਡੇ ਵਰਲਡ ਕੱਪ 'ਤੇ ਹਨ।