ਟੀਮ ਨੇ ਆਪਣੀ ਤਿਆਰੀ ਦਾ ਕੈਂਪ 17 ਅਪ੍ਰੈਲ ਤੋਂ ਐਨਐਸਐਨਆਈਐਸ ਪਟਿਆਲਾ ਵਿੱਚ ਲਗਾਇਆ ਸੀ, ਜਿੱਥੇ ਖਿਡਾਰੀਆਂ ਨੂੰ ਨਵੀਆਂ-ਨਵੀਆਂ ਟੈਕਨੀਕਾਂ ਅਤੇ ਐਡਵਾਂਸ ਟ੍ਰੇਨਿੰਗ ਸਿੱਖਣ ਦਾ ਮੌਕਾ ਮਿਲਿਆ। ਕੈਂਪ ਦੌਰਾਨ ਖਿਡਾਰੀਆਂ ਦੇ ਰੈਗੂਲਰ ਟੈਸਟ ਕੀਤੇ ਗਏ ਅਤੇ ਹਰ ਪੱਖ ਤੋਂ ਉਨ੍ਹਾਂ ਦੀ ਪਰਫਾਰਮੈਂਸ ਨੂੰ ਮਾਨੀਟਰ ਕੀਤਾ ਗਿਆ।
ਹਰਪ੍ਰੀਤ ਹੈਰੀ,ਪੰਜਾਬੀ ਜਾਗਰਣ, ਪਠਾਨਕੋਟ : ਭਾਰਤ ਦੀ ਅੰਡਰ-17 ਮਹਿਲਾ ਮੁੱਕੇਬਾਜ਼ੀ ਟੀਮ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ 1 ਮਈ ਨੂੰ ਉਜ਼ਬੇਕਿਸਤਾਨ ਦੇ ਤਾਸ਼ਕੰਦ ਵੱਲ ਰਵਾਨਾ ਹੋ ਰਹੀ ਹੈ। ਇਹ ਪ੍ਰਤੀਯੋਗਤਾ 1 ਮਈ ਤੋਂ 16 ਮਈ ਤੱਕ ਤਾਸ਼ਕੰਦ ਵਿੱਚ ਕਰਵਾਈ ਜਾਵੇਗੀ, ਜਿੱਥੇ ਭਾਰਤ ਦੀ ਇਹ ਨੌਜਵਾਨ ਟੀਮ ਦੇਸ਼ ਦੀ ਨੁਮਾਇੰਦਗੀ ਕਰੇਗੀ।
ਇਸ ਟੀਮ ਦੀ ਅਗਵਾਈ ਹੈਡ ਕੋਚ ਸਰਦਾਰ ਜਤਿੰਦਰ ਰਾਜ ਸਿੰਘ ਕਰ ਰਹੇ ਹਨ, ਜਦਕਿ ਅਸਿਸਟੈਂਟ ਕੋਚਾਂ ਵਿੱਚ ਹਰਪ੍ਰੀਤ ਸਿੰਘ, ਪ੍ਰਿੰਕਾ ਚੌਧਰੀ, ਨੀਤੂ ਅਤੇ ਦਰਿਓਧਨ ਸਿੰਘ ਸ਼ਾਮਲ ਹਨ। ਟੀਮ ਦੇ ਸਪੋਰਟਿੰਗ ਸਟਾਫ ਵਿੱਚ ਸੌਰਵ ਗਾਂਗੁਲੀ, ਪੂਨਮ ਸੈਣੀ (ਸਾਈਕੋਲੋਜੀ) ਅਤੇ ਅਨਗਾਹ (ਫਿਜ਼ੀਓ) ਆਪਣੀਆਂ ਮਹੱਤਵਪੂਰਨ ਸੇਵਾਵਾਂ ਨਿਭਾ ਰਹੇ ਹਨ।
ਟੀਮ ਨੇ ਆਪਣੀ ਤਿਆਰੀ ਦਾ ਕੈਂਪ 17 ਅਪ੍ਰੈਲ ਤੋਂ ਐਨਐਸਐਨਆਈਐਸ ਪਟਿਆਲਾ ਵਿੱਚ ਲਗਾਇਆ ਸੀ, ਜਿੱਥੇ ਖਿਡਾਰੀਆਂ ਨੂੰ ਨਵੀਆਂ-ਨਵੀਆਂ ਟੈਕਨੀਕਾਂ ਅਤੇ ਐਡਵਾਂਸ ਟ੍ਰੇਨਿੰਗ ਸਿੱਖਣ ਦਾ ਮੌਕਾ ਮਿਲਿਆ। ਕੈਂਪ ਦੌਰਾਨ ਖਿਡਾਰੀਆਂ ਦੇ ਰੈਗੂਲਰ ਟੈਸਟ ਕੀਤੇ ਗਏ ਅਤੇ ਹਰ ਪੱਖ ਤੋਂ ਉਨ੍ਹਾਂ ਦੀ ਪਰਫਾਰਮੈਂਸ ਨੂੰ ਮਾਨੀਟਰ ਕੀਤਾ ਗਿਆ। ਖਾਸ ਤੌਰ ‘ਤੇ ਡਾਇਟ ਅਤੇ ਨਿਊਟ੍ਰਿਸ਼ਨ ‘ਤੇ ਵੱਡਾ ਧਿਆਨ ਦਿੱਤਾ ਗਿਆ, ਤਾਂ ਜੋ ਖਿਡਾਰੀਆਂ ਦੀ ਫਿਟਨੈੱਸ ਅਤੇ ਸਟੈਮਿਨਾ ਬਿਹਤਰ ਬਣੇ। ਇਸ ਦੇ ਨਾਲ ਹੀ ਉਨ੍ਹਾਂ ਦੀ ਰਿਕਵਰੀ ਅਤੇ ਅਰਾਮ (ਰੈਸਟ) ਨੂੰ ਵੀ ਪੂਰੀ ਤਰ੍ਹਾਂ ਤਰਜੀਹ ਦਿੱਤੀ ਗਈ।
ਹੈਡ ਕੋਚ ਜਤਿੰਦਰ ਰਾਜ ਸਿੰਘ ਨੇ ਬਹੁਤ ਹੀ ਹਾਈ-ਟੈਕ ਅਤੇ ਐਡਵਾਂਸ ਤਰੀਕਿਆਂ ਨਾਲ ਛੋਟੇ ਸਮੇਂ ਵਿੱਚ ਖਿਡਾਰੀਆਂ ਨੂੰ ਸ਼ਾਨਦਾਰ ਟ੍ਰੇਨਿੰਗ ਦਿੱਤੀ। ਕੋਚਿੰਗ ਸਟਾਫ ਦੀ ਮੇਹਨਤ ਅਤੇ ਪਲੈਨਿੰਗ ਨਾਲ ਟੀਮ ਨੇ ਕੈਂਪ ਦੌਰਾਨ ਵਧੀਆ ਤਿਆਰੀ ਕੀਤੀ ਹੈ ਅਤੇ ਹੁਣ ਟੀਮ ਵਧੀਆ ਤੋਂ ਵਧੀਆ ਨਤੀਜੇ ਹਾਸਲ ਕਰਨ ਲਈ ਤਿਆਰ ਹੈ।
ਟੀਮ ਵਿੱਚ ਸ਼ਾਮਲ ਮੁੱਖ ਖਿਡਾਰੀਆਂ ਵਿੱਚ 46 ਕਿਲੋ ਵਰਗ ਵਿੱਚ ਰਾਖੀ, 48 ਕਿਲੋ ਵਿੱਚ ਖੁਸ਼ੀ ਚੰਦ, 50 ਕਿਲੋ ਵਿੱਚ ਉਮੀਦਵਾਰ ਖਿਡਾਰਨ, 66 ਕਿਲੋ ਵਿੱਚ ਹਰਨੂਰ ਕੌਰ ਅਤੇ 80+ ਕਿਲੋ ਵਿੱਚ ਗੁਰਸੀਰਤ ਕੌਰ ਸ਼ਾਮਲ ਹਨ। ਕੁੱਲ 13 ਮੈਂਬਰਾਂ ਦੀ ਇਹ ਟੀਮ ਭਾਰਤ ਦਾ ਪ੍ਰਤਿਨਿਧਿਤਵ ਕਰੇਗੀ।
ਰਵਾਨਗੀ ਤੋਂ ਪਹਿਲਾਂ ਐਨਆਈਐਸ ਪਟਿਆਲਾ ਦੇ ਐਗਜ਼ੈਕਟਿਵ ਡਾਇਰੈਕਟਰ ਵਨੀਤ ਕੁਮਾਰ ਜੀ ਅਤੇ ਬਾਕਸਿੰਗ ਫੈਡਰੇਸ਼ਨ ਦੇ ਉੱਚ ਅਧਿਕਾਰੀਆਂ ਨੇ ਟੀਮ ਨੂੰ ਅਸ਼ੀਰਵਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਇਹ ਟੀਮ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਲਈ ਮੈਡਲ ਜਿੱਤ ਕੇ ਵਾਪਸ ਆਵੇਗੀ।
ਦੇਸ਼ ਵਾਸੀਆਂ ਦੀਆਂ ਉਮੀਦਾਂ ਇਸ ਨੌਜਵਾਨ ਟੀਮ ਨਾਲ ਜੁੜੀਆਂ ਹੋਈਆਂ ਹਨ ਅਤੇ ਸਭ ਨੂੰ ਆਸ ਹੈ ਕਿ ਭਾਰਤ ਦੀਆਂ ਇਹ ਮੁੱਕੇਬਾਜ਼ ਖਿਡਾਰਨ ਤਾਸ਼ਕੰਦ ਦੀ ਧਰਤੀ ‘ਤੇ ਤਿਰੰਗਾ ਲਹਿਰਾਉਣਗੀਆਂ।