ਟੀ-20 ਵਿਸ਼ਵ ਕੱਪ 2026 ਦੀ ਸ਼ੁਰੂਆਤ 7 ਫਰਵਰੀ ਤੋਂ ਹੋਵੇਗੀ। ਭਾਰਤ ਅਤੇ ਸ਼੍ਰੀਲੰਕਾ ਸਾਂਝੇ ਤੌਰ 'ਤੇ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਗੇ। ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਹੋ ਚੁੱਕਾ ਹੈ। ਇਸ ਦੌਰਾਨ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਘਰੇਲੂ ਮੈਦਾਨ 'ਤੇ ਵਿਸ਼ਵ ਕੱਪ ਖਿਤਾਬ ਬਚਾਉਣ ਦੀਆਂ ਭਾਰਤ ਦੀਆਂ ਸੰਭਾਵਨਾਵਾਂ ਕਾਫ਼ੀ ਹੱਦ ਤੱਕ ਵਰੁਣ ਚੱਕਰਵਰਤੀ ਦੇ ਪ੍ਰਦਰਸ਼ਨ 'ਤੇ ਨਿਰਭਰ ਕਰਨਗੀਆਂ।

ਭਾਰਤੀ ਟੀਮ ਵਿੱਚ 4 ਸਪਿਨਰ
ਆਗਾਮੀ ਟੀ-20 ਵਿਸ਼ਵ ਕੱਪ ਲਈ ਭਾਰਤ ਨੇ ਸਪਿਨ ਗੇਂਦਬਾਜ਼ਾਂ 'ਤੇ ਪੂਰਾ ਭਰੋਸਾ ਜਤਾਇਆ ਹੈ। ਭਾਰਤੀ ਸਕੁਐਡ ਵਿੱਚ ਵਰੁਣ ਚੱਕਰਵਰਤੀ, ਕੁਲਦੀਪ ਯਾਦਵ, ਅਕਸ਼ਰ ਪਟੇਲ ਅਤੇ ਵਾਸ਼ਿੰਗਟਨ ਸੁੰਦਰ ਨੂੰ ਜਗ੍ਹਾ ਦਿੱਤੀ ਗਈ ਹੈ। 8 ਮਾਰਚ ਤੱਕ ਭਾਰਤ ਅਤੇ ਸ਼੍ਰੀਲੰਕਾ ਵਿੱਚ ਖੇਡੇ ਜਾਣ ਵਾਲੇ ਮੈਚਾਂ ਵਿੱਚ ਪਿੱਚ ਦੀ ਗਤੀ ਹੋਲੀ ਹੋਣ ਕਾਰਨ ਸਪਿਨ ਗੇਂਦਬਾਜ਼ਾਂ ਦੀ ਨਿਰਣਾਇਕ ਭੂਮਿਕਾ ਰਹਿਣ ਦੀ ਉਮੀਦ ਹੈ।
ਇਸ ਸਥਿਤੀ ਵਿੱਚ ਚੱਕਰਵਰਤੀ ਇੱਕ ਅਹਿਮ ਹਥਿਆਰ ਹੋਣਗੇ। ਇਸ 'ਮਿਸਟਰੀ ਸਪਿਨਰ' ਨੇ 32 ਟੀ-20 ਇੰਟਰਨੈਸ਼ਨਲ ਮੈਚਾਂ ਵਿੱਚ 51 ਵਿਕਟਾਂ ਲਈਆਂ ਹਨ। ਉਹ ਦੱਖਣੀ ਅਫ਼ਰੀਕਾ ਵਿਰੁੱਧ ਪੰਜ ਮੈਚਾਂ ਦੀ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਕੱਪ ਵਿੱਚ ਪਹੁੰਚੇ ਹਨ। ਵਿਚਕਾਰਲੇ ਓਵਰਾਂ ਵਿੱਚ ਬੱਲੇਬਾਜ਼ਾਂ ਨੂੰ ਚਕਮਾ ਦੇਣ ਦੀ ਉਨ੍ਹਾਂ ਦੀ ਕਾਬਲੀਅਤ ਉਨ੍ਹਾਂ ਨੂੰ ਭਾਰਤ ਦੀ ਰਣਨੀਤੀ ਦਾ ਕੇਂਦਰ ਬਣਾਉਂਦੀ ਹੈ।
ਭਾਰਤ ਖੇਡੇਗਾ ਟੀ-20 ਸੀਰੀਜ਼
ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦੀ ਆਖਰੀ ਟੀ-20 ਇੰਟਰਨੈਸ਼ਨਲ ਸੀਰੀਜ਼ 21 ਜਨਵਰੀ ਤੋਂ ਨਿਊਜ਼ੀਲੈਂਡ ਦੇ ਖ਼ਿਲਾਫ਼ ਸ਼ੁਰੂ ਹੋ ਰਹੀ ਹੈ। ਦੋਵਾਂ ਟੀਮਾਂ ਵਿਚਾਲੇ 5 ਮੁਕਾਬਲੇ ਖੇਡੇ ਜਾਣਗੇ। ਇਸ ਸੀਰੀਜ਼ ਵਿੱਚ ਭਾਰਤੀ ਟੀਮ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਵੇਗੀ। ਟੀ-20 ਸੀਰੀਜ਼ ਦਾ ਆਖਰੀ ਮੁਕਾਬਲਾ 31 ਜਨਵਰੀ ਨੂੰ ਖੇਡਿਆ ਜਾਵੇਗਾ।
ਨਿਊਜ਼ੀਲੈਂਡ ਦੇ ਖ਼ਿਲਾਫ਼ ਟੀ-20 ਸੀਰੀਜ਼
ਪਹਿਲਾ ਟੀ-20: 21 ਜਨਵਰੀ
ਦੂਜਾ ਟੀ-20: 23 ਜਨਵਰੀ
ਤੀਜਾ ਟੀ-20: 25 ਜਨਵਰੀ
ਚੌਥਾ ਟੀ-20: 28 ਜਨਵਰੀ
ਪੰਜਵਾਂ ਟੀ-20: 31 ਜਨਵਰੀ